
2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਿਖਿਆ ਦੇ ਅਧਿਕਾਰ ਤੋਂ ਵਾਂਝੀਆਂ ਹਨ
Kabul News: ਸੰਯੁਕਤ ਰਾਸ਼ਟਰ ਬਾਲ ਫ਼ੰਡ (ਯੂਨੀਸੇਫ) ਨੇ ਸਨਿਚਰਵਾਰ ਨੂੰ ਅਫ਼ਗ਼ਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੂੰ ਕੁੜੀਆਂ ਦੀ ਸਿਖਿਆ ’ਤੇ ਲਗਾਈ ਪਾਬੰਦੀ ਨੂੰ ਤੁਰਤ ਹਟਾਉਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਲੱਖਾਂ ਕੁੜੀਆਂ ਦਾ ਭਵਿੱਖ ਬਚਾਇਆ ਜਾ ਸਕੇ ਜੋ 2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਿਖਿਆ ਦੇ ਅਧਿਕਾਰ ਤੋਂ ਵਾਂਝੀਆਂ ਹਨ। ਯੂਨੀਸੇਫ ਨੇ ਇਹ ਅਪੀਲ ਅਜਿਹੇ ਸਮੇਂ ਕੀਤੀ ਹੈ ਜਦੋਂ ਅਫ਼ਗ਼ਾਨਿਸਤਾਨ ਵਿਚ ਨਵਾਂ ਅਕਾਦਮਿਕ ਸਾਲ ਸ਼ੁਰੂ ਹੋ ਗਿਆ ਹੈ।
ਏਜੰਸੀ ਨੇ ਕਿਹਾ ਕਿ ਇਸ ਪਾਬੰਦੀ ਨੇ 400,000 ਹੋਰ ਕੁੜੀਆਂ ਨੂੰ ਸਿਖਿਆ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਹੈ, ਜਿਸ ਨਾਲ ਛੇਵੀਂ ਜਮਾਤ ਤੋਂ ਬਾਅਦ ਪੜ੍ਹਾਈ ਨਾ ਕਰ ਸਕਣ ਵਾਲੀਆਂ ਕੁੜੀਆਂ ਦੀ ਕੁੱਲ ਗਿਣਤੀ 22 ਲੱਖ ਹੋ ਗਈ ਹੈ। ਅਫ਼ਗ਼ਾਨਿਸਤਾਨ ਦੁਨੀਆਂ ਦਾ ਇਕੋ ਇਕ ਅਜਿਹਾ ਦੇਸ਼ ਹੈ ਜਿੱਥੇ ਕੁੜੀਆਂ ਲਈ ਸੈਕੰਡਰੀ ਅਤੇ ਉਚ ਸਿੱਖਿਆ ’ਤੇ ਪਾਬੰਦੀ ਹੈ।
ਤਾਲਿਬਾਨ ਅਨੁਸਾਰ ਇਹ ਪਾਬੰਦੀ ਜਾਇਜ਼ ਹੈ ਕਿਉਂਕਿ ਸਿੱਖਿਆ ਪ੍ਰਣਾਲੀ ਉਨ੍ਹਾਂ ਦੀ ਸ਼ਰੀਆ, ਜਾਂ ਇਸਲਾਮੀ ਕਾਨੂੰਨ ਦੀ ਵਿਆਖਿਆ ਅਨੁਸਾਰ ਨਹੀਂ ਹੈ। ਯੂਨੀਸੇਫ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸਲ ਨੇ ਇਕ ਬਿਆਨ ਵਿਚ ਕਿਹਾ, ‘ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਅਫ਼ਗ਼ਾਨਿਸਤਾਨ ਵਿਚ ਕੁੜੀਆਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਾਰੀਆਂ ਕੁੜੀਆਂ ਨੂੰ ਹੁਣ ਸਕੂਲ ਵਾਪਸ ਜਾਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ। ਜੇਕਰ ਇਨ੍ਹਾਂ ਸਮਰਥ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਔਰਤਾਂ ਨੂੰ ਸਿੱਖਿਆ ਤੋਂ ਵਾਂਝਾ ਰਖਿਆ ਜਾਂਦਾ ਰਿਹਾ ਤਾਂ ਇਸ ਦੇ ਨਤੀਜੇ ਪੀੜ੍ਹੀਆਂ ਤਕ ਰਹਿਣਗੇ।”
ਉਸ ਨੇ ਕਿਹਾ ਕਿ ਇਹ ਪਾਬੰਦੀ ਲੱਖਾਂ ਅਫ਼ਗ਼ਾਨ ਕੁੜੀਆਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾਏਗੀ। ਜੇਕਰ ਇਹ ਪਾਬੰਦੀ 2030 ਤਕ ਜਾਰੀ ਰਹੀ ਤਾਂ 40 ਲੱਖ ਤੋਂ ਵੱਧ ਕੁੜੀਆਂ ਪ੍ਰਾਇਮਰੀ ਸਕੂਲ ਤੋਂ ਇਲਾਵਾ ਸਿਖਿਆ ਦੇ ਅਧਿਕਾਰ ਤੋਂ ਵਾਂਝੀਆਂ ਹੋ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਿਨਾਸ਼ਕਾਰੀ ਹੋਣਗੇ। ਰਸਲ ਨੇ ਚਿਤਾਵਨੀ ਦਿਤੀ ਕਿ ਮਹਿਲਾ ਡਾਕਟਰਾਂ ਅਤੇ ਦਾਈਆਂ ਦੀ ਗਿਣਤੀ ਵਿਚ ਗਿਰਾਵਟ ਦੇ ਨਤੀਜੇ ਵਜੋਂ ਔਰਤਾਂ ਅਤੇ ਕੁੜੀਆਂ ਡਾਕਟਰੀ ਦੇਖਭਾਲ ਤਕ ਪਹੁੰਚ ਤੋਂ ਵਾਂਝੀਆਂ ਹੋ ਸਕਦੀਆਂ ਹਨ, ਜਿਸ ਦੇ ਨਤੀਜੇ ਵਜੋਂ ਲਗਭਗ 1,600 ਵਾਧੂ ਮਾਵਾਂ ਅਤੇ 3,500 ਤੋਂ ਵੱਧ ਵਾਧੂ ਬੱਚਿਆਂ ਦੀ ਮੌਤ ਹੋ ਸਕਦੀ ਹੈ। ਇਹ ਸਿਰਫ਼ ਅੰਕੜੇ ਨਹੀਂ ਹਨ, ਇਹ ਅੰਕੜੇ ਗੁਆਚੀਆਂ ਜਾਨਾਂ ਅਤੇ ਟੁੱਟੇ ਪਰਵਾਰਾਂ ਨੂੰ ਦਰਸਾਉਂਦੇ ਹਨ।