
ਸਿਆਸਤ ਦਾ ਕੋਈ ਤਜ਼ਰਬਾ ਨਾ ਰੱਖਣ ਵਾਲੇ ਜੈਲੇਂਸਕੀ ਨੂੰ 73 ਫ਼ੀਸਦੀ ਵੋਟਾਂ ਮਿਲੀਆਂ
ਕੀਵ : ਯੂਕਰੇਨ ਦੇ ਰਾਸ਼ਟਰਪਤੀ ਚੋਣ 'ਚ ਕਾਮੇਡੀਅਨ ਵੋਲੋਡੀਮੀਰ ਜੈਲੇਂਸਕੀ (41) ਨੇ ਵੱਡੀ ਜਿੱਤ ਹਾਸਲ ਕੀਤੀ। ਸ਼ੁਰੂਆਤੀ ਨਤੀਜਿਆਂ 'ਚ ਉਨ੍ਹਾਂ ਨੂੰ 73 ਫ਼ੀਸਦੀ ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਪੈਟਰੋ ਪੋਰੋਸ਼ੇਂਕੋ ਨੇ ਹਾਰ ਮੰਨ ਲਈ ਹੈ। ਰਾਜਧਾਨੀ ਕੀਵ 'ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਜੈਲੇਂਸਕੀ ਨੇ ਕਿਹਾ ਕਿ ਉਹ ਸਿਆਸਤ ਨਹੀਂ ਛੱਡਣਗੇ ਅਤੇ ਨਾ ਹੀ ਕਦੇ ਲੋਕਾਂ ਦਾ ਭਰੋਸਾ ਤੋੜਨਗੇ।
Volodymyr Zelenskiy, centre right, and his wife Olena Zelenska
ਯੂਕਰਨੇ ਦੇ ਰਾਸ਼ਟਰਪਤੀ ਚੋਣ ਦਾ ਇਹ ਨਤੀਜਾ ਇਸ ਲਈ ਵੀ ਹੈਰਾਨ ਕਰਨ ਵਾਲਾ ਹੈ, ਕਿਉਂਕਿ ਜੈਲੇਂਸਕੀ ਨੇ ਦੇਸ਼ ਦੇ ਮੌਜੂਦਾ ਮਾਹੌਲ ਵਿਰੁੱਧ ਮਜ਼ਾਕ ਵਜੋਂ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਯੂਕਰੇਨ 'ਚ ਲੋਕ ਸਮਾਜਿਕ ਬੁਰਾਈ, ਭ੍ਰਿਸ਼ਟਾਚਾਰ ਅਤੇ ਉੱਤਰੀ ਯੂਕਰੇਨ 'ਚ ਰੂਸੀ ਸਮਰਥਨ ਵਾਲੇ ਵੱਖਵਾਦੀਆਂ ਨਾਲ ਯੁੱਧ ਕਾਰਨ ਬਹੁਤ ਜ਼ਿਆਦਾ ਨਾਰਾਜ਼ ਸਨ। ਇਹੀ ਕਾਰਨ ਹੈ ਕਿ ਸਿਆਸਤ ਦਾ ਕੋਈ ਤਜ਼ਰਬਾ ਨਾ ਰੱਖਣ ਵਾਲੇ ਜੈਲੇਂਸਕੀ ਨੂੰ ਇੰਨੀਆਂ ਵੋਟਾਂ ਮਿਲੀਆਂ।
Volodymyr Zelenskiy reacts following the announcement of the first exit poll
ਟੀਵੀ ਕਾਮੇਡੀਅਨ ਵੋਲੋਡੀਮੀਰ ਜੈਲੇਂਸਕੀ ਦਾ ਮੁਕਾਬਲਾ ਵੱਡੇ ਸਨਅਤਕਾਰ ਅਤੇ ਮੌਜੂਦਾ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਨਾਲ ਸੀ। ਐਗਜ਼ਿਟ ਪੋਲਜ਼ ਦੇ ਇਹ ਨਤੀਜੇ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਵੋਲੋਡੀਮੀਰ ਨੇ ਜਿੱਤ ਤੋਂ ਬਾਅਦ ਕਿਹਾ, "ਮੈਂ ਤੁਹਾਡਾ ਕਦੇ ਵੀ ਭਰੋਸਾ ਨਹੀਂ ਤੋੜਾਂਗਾ। ਮੈਂ ਹਾਲੇ ਅਧਿਕਾਰਿਕ ਤੌਰ 'ਤੇ ਰਾਸ਼ਟਰਪਤੀ ਨਹੀਂ ਹਾਂ ਪਰ ਯੂਕਰੇਨ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਸੋਵੀਅਤ ਯੂਨੀਅਨ ਤੋਂ ਬਾਅਦ ਦੇ ਦੇਸ਼ਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਵੱਲ ਵੇਖੋ। ਸਭ ਕੁਝ ਸੰਭਵ ਹੈ।"
Volodymyr Zelensky
ਕੌਣ ਹਨ ਵੋਲੋਡੀਮੀਰ ਜੈਲੇਂਸਕੀ :
ਜੈਲੇਂਸਕੀ ਨੂੰ ਸਿਆਸੀ ਵਿਅੰਗ ਪ੍ਰੋਗਰਾਮ 'ਸਰਵੈਂਟ ਆਫ਼ ਦੀ ਪੀਪਲ' ਲਈ ਜਾਣਿਆ ਜਾਂਦਾ ਹੈ। ਇਸ ਨਾਟਕ 'ਚ ਉਹ ਇਕ ਅਧਿਆਪਕ ਦੀ ਭੂਮਿਕਾ ਨਿਭਾਉਂਦੇ ਹਨ ਜੋ ਕਿ ਅਣਜਾਨੇ ਵਿਚ ਯੂਕਰੇਨ ਦਾ ਰਾਸ਼ਟਰਪਤੀ ਬਣ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਰਾਸ਼ਟਰਪਤੀ ਬਣ ਜਾਂਦੇ ਹਨ। ਕੋਈ ਵੀ ਸਿਆਸੀ ਤਜ਼ਰਬਾ ਨਾ ਹੋਣ ਕਾਰਨ ਉਨ੍ਹਾਂ ਦੀ ਚੋਣ ਮੁਹਿੰਮ ਹੋਰਨਾਂ ਨਾਲੋਂ ਵੱਖਰੀ ਸੀ। ਉਨ੍ਹਾਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਪਰ ਇਸ ਵਿਚ ਕਿਸੇ ਵੀ ਨੀਤੀ ਦਾ ਜ਼ਿਕਰ ਨਹੀਂ ਸੀ। ਇੰਸਟਾਗਰਾਮ 'ਤੇ ਉਨ੍ਹਾਂ ਦੇ 36 ਲੱਖ ਤੋਂ ਵੱਧ ਫ਼ਾਲੋਅਰਜ਼ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਪੋਰੋਸੇਂਕੋ ਦੇ ਫ਼ਾਲੋਅਰਜ਼ 10 ਗੁਣਾ ਘੱਟ ਹਨ।