
ਅੱਠ ਬੰਬ ਧਮਾਕਿਆਂ ਵਿਚ 215 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭੱਗ 500 ਲੋਕ ਜ਼ਖ਼ਮੀ
ਕੋਲੰਬੋ: ਸ਼੍ਰੀਲੰਕਾ ਵਿਚ ਚਰਚਾਂ ਅਤੇ ਪੰਜ-ਸਿਤਾਰਾ ਹੋਟਲਾਂ ਵਿਚ ਐਤਵਾਰ ਨੂੰ ਈਸਟਰ ਦੇ ਮੌਕੇ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਹੁਣ ਕੋਲੰਬੋ ਏਅਰਪੋਰਟ ਉਤੇ ਪਾਇਪ ਬੰਬ ਬਰਾਮਦ ਹੋਇਆ ਹੈ। ਹਾਲਾਂਕਿ, ਸ਼੍ਰੀਲੰਕਾਈ ਏਅਰਫੋਰਸ ਨੇ ਇਸ ਬੰਬ ਨੂੰ ਸੁਰੱਖਿਅਤ ਤਰੀਕੇ ਨਾਲ ਡਿਫ਼ਿਊਜ਼ ਕਰ ਦਿਤਾ ਹੈ। ਉਥੇ ਹੀ ਇਸ ਤੋਂ ਪਹਿਲਾਂ ਕੋਲੰਬੋ ਵਿਚ ਚਰਚਾਂ ਤੇ ਹੋਟਲਾਂ ਵਿਚ ਹੋਏ ਆਤਮਘਾਤੀ ਹਮਲਿਆਂ ਸਮੇਤ ਅੱਠ ਬੰਬ ਧਮਾਕਿਆਂ ਵਿਚ 215 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭੱਗ 500 ਲੋਕ ਜ਼ਖ਼ਮੀ ਹੋ ਗਏ।
Bomb Blast in Sri Lanka
ਪੁਲਿਸ ਦੇ ਬੁਲਾਰੇ ਰੂਵਨ ਗੁਣਸ਼ੇਖਰਾ ਨੇ ਦੱਸਿਆ ਕਿ ਇਹ ਸ਼੍ਰੀਲੰਕਾ ਵਿਚ ਹੋਏ ਹੁਣ ਤੱਕ ਦੇ ਸਭ ਤੋਂ ਖ਼ਤਰਨਾਕ ਹਮਲਿਆਂ ਵਿਚੋਂ ਇਕ ਹੈ। ਇਹ ਵਿਸਫੋਟ ਸਥਾਨਕ ਸਮੇਂ ਮੁਤਾਬਕ ਲਗਭੱਗ ਸਵੇਰੇ ਪੌਣੇ ਨੌਂ ਵਜੇ ਈਸਟਰ ਪ੍ਰਾਥਨਾ ਸਭਾ ਦੇ ਦੌਰਾਨ ਕੋਲੰਬੋ ਦੇ ਸੇਂਟ ਐਂਥਨੀ ਚਰਚ, ਪੱਛਮੀ ਤੱਟੀ ਸ਼ਹਿਰ ਨੇਗੋਂਬੋ ਦੇ ਸੇਂਟ ਸੇਬੇਸਟੀਅਨ ਚਰਚ ਅਤੇ ਬੱਟਿਕਲੋਵਾ ਦੇ ਜਿਓਨ ਚਰਚ ਵਿਚ ਹੋਏ। ਕੋਲੰਬੋ ਦੇ ਤਿੰਨ ਪੰਜ-ਸਿਤਾਰਾ ਹੋਟਲਾਂ- ਸ਼ਾਂਗਰੀ ਲਾ, ਸਿਨਾਮੋਨ ਗਰੈਂਡ ਅਤੇ ਕਿੰਗਸਬਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਗੁਣਸ਼ੇਖਰਾ ਨੇ ਧਮਾਕਿਆਂ ਵਿਚ 207 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਹਾਲਾਂਕਿ ਸਥਾਨਕ ਸਮਾਚਾਰ ਚੈਨਲ ਨਿਊਜ਼ ਫਰਸਟ ਦੇ ਮੁਤਾਬਕ ਲਾਸ਼ਾਂ ਦੀ ਗਿਣਤੀ 215 ਹੈ। ਸ਼੍ਰੀਲੰਕਾ ਦੇ ਟੂਰਿਜ਼ਮ ਵਿਭਾਗ ਦੇ ਚੇਅਰਮੈਨ ਕਿਸ਼ੁ ਗੋਮਸ ਨੇ ਦੱਸਿਆ ਕਿ ਇਨ੍ਹਾਂ ਧਮਾਕਿਆਂ ਵਿਚ 33 ਵਿਦੇਸ਼ੀ ਨਾਗਰਿਕ ਮਾਰੇ ਗਏ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਿਸੇ ਇਕ ਸੰਗਠਨ ਨੇ ਹੀ ਇਸ ਧਮਾਕੇ ਨੂੰ ਅੰਜਾਮ ਦਿਤਾ ਹੈ। ਨੈਸ਼ਨਲ ਹਾਸਪਿਟਲ ਦੇ ਨਿਰਦੇਸ਼ਕ ਡਾ. ਅਨਿਲ ਜੈਸਿੰਘੇ ਨੇ 33 ਵਿਚੋਂ 12 ਵਿਦੇਸ਼ੀ ਨਾਗਰਿਕਾਂ ਦੀ ਪਹਿਚਾਣ ਕੀਤੀ ਹੈ
ਜਿਨ੍ਹਾਂ ਵਿਚ ਭਾਰਤ ਦੇ ਤਿੰਨ, ਚੀਨ ਦੇ ਦੋ ਅਤੇ ਪੋਲੈਂਡ, ਡੈਨਮਾਰਕ, ਜਾਪਾਨ, ਪਾਕਿਸਤਾਨ, ਅਮਰੀਕਾ, ਮੋਰੱਕੋ ਅਤੇ ਬੰਗਲਾਦੇਸ਼ ਦੇ ਇਕ-ਇਕ ਨਾਗਰਿਕ ਸ਼ਾਮਿਲ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਤਿੰਨ ਭਾਰਤੀਆਂ ਦੀ ਪਹਿਚਾਣ ਲਕਸ਼ਮੀ, ਨਰਾਇਣ ਚੰਦਰਸ਼ੇਖਰ ਅਤੇ ਰਮੇਸ਼ ਦੇ ਤੌਰ ’ਤੇ ਕੀਤੀ ਹੈ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ, “ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨਰ ਨੇ ਜਾਣਕਾਰੀ ਦਿਤੀ ਹੈ ਕਿ ਨੈਸ਼ਨਲ ਹਾਸਪਿਟਲ ਨੇ ਉਨ੍ਹਾਂ ਨੂੰ ਤਿੰਨ ਭਾਰਤੀਆਂ ਦੀ ਮੌਤ ਦੇ ਬਾਰੇ ਸੂਚਿਤ ਕੀਤਾ ਹੈ।”
Bomb Blast in Church
ਇਸ ਧਮਾਕੇ ਵਿਚ ਭਾਰਤੀ ਲੋਕਾਂ ਸਮੇਤ ਲਗਭੱਗ 500 ਲੋਕ ਜ਼ਖ਼ਮੀ ਹੋਏ ਹਨ। ਐਤਵਾਰ ਨੂੰ ਹੋਏ ਇਸ ਧਮਾਕੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਸੰਗਠਨ ਨੇ ਨਹੀਂ ਲਈ ਹੈ। ਗੁਣਸ਼ੇਖਰਾ ਨੇ ਪੱਤਰਕਾਰਾਂ ਨੂੰ ਦੱਸਿਆ, ਪੁਲਿਸ ਫ਼ਿਲਹਾਲ ਇਸ ਗੱਲ ਦੀ ਪੁਸ਼ਟੀ ਕਰਨ ਦੀ ਹਾਲਤ ਵਿਚ ਨਹੀਂ ਹੈ ਕਿ ਕੀ ਸਾਰੇ ਹਮਲੇ ਆਤਮਘਾਤੀ ਸਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਨੇਗੋਂਬੋ ਚਰਚ ਵਿਚ ਹੋਏ ਬੰਬ ਧਮਾਕੇ ਵਿਚ ਆਤਮਘਾਤੀ ਹਮਲੇ ਦੇ ਸੰਕੇਤ ਮਿਲਦੇ ਹਨ।
ਇਕ ਅਣਪਛਾਤੇ ਅਧਿਕਾਰੀ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਸਿਨਾਮੋਨ ਗਰੈਂਡ ਹੋਟਲ ਵਿਚ ਧਮਾਕਾ ਕਰਕੇ ਖ਼ੁਦ ਨੂੰ ਉਡਾ ਦਿਤਾ। ਗੁਣਸ਼ੇਖਰਾ ਨੇ ਕਿਹਾ ਕਿ ਨੈਸ਼ਨਲ ਹਾਸਪਿਟਲ ਵਿਚ 66 ਲਾਸ਼ਾਂ ਰੱਖੀਆਂ ਗਈਆਂ ਹਨ ਤੇ 260 ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 104 ਲਾਸ਼ਾਂ ਨੇਗੋਂਬੋ ਹਸਪਤਾਲ ਵਿਚ ਰੱਖੀਆਂ ਗਈਆਂ ਹਨ ਅਤੇ ਇੱਥੇ 100 ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਬਾਅਦ ਵਿਚ ਰਾਜਧਾਨੀ ਦੇ ਦੱਖਣ ਉਪਨਗਰ ਵਿਚ ਕੋਲੰਬੋ ਚਿੜੀਆਘਰ ਦੇ ਕੋਲ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਦਾ ਇਕ ਦਲ ਓਰੁਗੋਦਾਵੱਟਾ ਇਲਾਕੇ ਦੇ ਇਕ ਘਰ ਜਦੋਂ ਜਾਂਚ ਲਈ ਪਹੁੰਚਿਆਂ ਤਾਂ ਉੱਥੇ ਮੌਜੂਦ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਉਡਾ ਲਿਆ। ਇਸ ਧਮਾਕੇ ਵਿਚ ਤਿੰਨ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ। ਇਹ ਅੱਠਵਾਂ ਧਮਾਕਾ ਹੈ। ਅੱਠਵੇਂ ਧਮਾਕੇ ਤੋਂ ਤੁਰਤ ਬਾਅਦ ਸਰਕਾਰ ਨੇ ਤੱਤਕਾਲ ਪ੍ਰਭਾਵ ਤੋਂ ਕਰਫ਼ਿਊ ਲਗਾ ਦਿਤਾ। ਇਹ ਕਰਫ਼ਿਊ ਅਗਲੀ ਸੂਚਨਾ ਤੱਕ ਪ੍ਰਭਾਵੀ ਰਹੇਗਾ।
ਗੁਣਸ਼ੇਖਰਾ ਨੇ ਕਿਹਾ ਕਿ ਇਸ ਧਮਾਕੇ ਦੇ ਸਿਲਸਿਲੇ ਵਿਚ ਹੁਣ ਤੱਕ 13 ਸ਼ੱਕੀ ਗ੍ਰਿਫ਼ਤਾਰ ਕੀਤੇ ਗਏ ਹਨ। ਸ਼੍ਰੀਲੰਕਾ ਦੇ ਰੱਖਿਆ ਰਾਜ ਮੰਤਰੀ ਰੂਵਨ ਵਿਜੈਵਰਧਨੇ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਇਹ ਯੋਜਨਾਬੱਧ ਹਮਲੇ ਸਨ ਅਤੇ ਇਨ੍ਹਾਂ ਦੇ ਪਿੱਛੇ ਇਕ ਸਮੂਹ ਸੀ।” ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ, “ਮੈਂ ਪੂਰੀ ਤਰ੍ਹਾਂ ਤੋਂ ਇਸ ਘਟਨਾ ਕਰਕੇ ਸਦਮੇ ਵਿਚ ਹਾਂ।” ਸੁਰੱਖਿਆ ਬਲਾਂ ਨੂੰ ਸਾਰੀਆਂ ਜ਼ਰੂਰੀ ਕਾਰਵਾਈਆਂ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।
ਪ੍ਰਧਾਨ ਮੰਤਰੀ ਰਾਨਿਲ ਵਿਕਰਮ ਸਿੰਘੇ ਨੇ ਇਸ ਨੂੰ ‘ਕਾਇਰਤਾ ਭਰਪੂਰ ਹਮਲਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਾਲਾਤ ਨੂੰ ਕਾਬੂ ਵਿਚ ਕਰਨ ਲਈ ਕੰਮ ਕਰ ਰਹੀ ਹੈ।