
ਨਿਊਜ਼ੀਲੈਂਡ 'ਚ ਪੰਜਾਬੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਤ ਕਰ ਰਹੀ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਜਿਥੇ ਆਉਣ ਵਾਲੇ ਲੋਕਲ.....
ਔਕਲੈਂਡ 21 ਜੂਨ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ 'ਚ ਪੰਜਾਬੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਤ ਕਰ ਰਹੀ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਜਿਥੇ ਆਉਣ ਵਾਲੇ ਲੋਕਲ ਕਬੱਡੀ ਸੀਜ਼ਨ (4 ਅਕਤੂਬਰ ਤੋਂ ਟੂਰਨਾਮੈਂਟ ਸ਼ੁਰੂ) ਦੀਆਂ ਤਿਆਰੀਆਂ ਵਿਚ ਜੁਟੀ ਹੈ ਉਥੇ ਨਵੀਂ ਚੁਣੀ ਗਈ ਕਮੇਟੀ ਨੇ ਵੀ ਵਾਅਦਾ ਕਰ ਦਿਤਾ ਹੈ ਕਿ 'ਵਿਊ ਆਰ ਰੈਡੀ'। ਪਿਛਲੇ ਦਿਨੀਂ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੀ ਸਾਲਾਨਾ ਮੀਟਿੰਗ ਹੋਈ ਜਿਸ ਵਿਚ ਪਿਛਲੇ ਸਾਲ ਦੀਆਂ ਗਤੀਵਿਧੀਆਂ ਉਤੇ ਚਰਚਾ ਹੋਈ। ਸਕੱਤਰ ਸ. ਤੀਰਥ ਸਿੰਘ ਅਟਵਾਲ ਨੇ ਪਿਛਲੇ ਸਾਲ ਦੀ ਰੀਪੋਰਟ ਪੇਸ਼ ਕੀਤੀ।
File
ਇਸ ਤੋਂ ਬਾਅਦ ਸਰਬ ਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜੋ 31 ਜੁਲਾਈ ਨੂੰ ਅਪਣਾ ਕਾਰਜ ਭਾਰ ਸੰਭਾਲ ਲਵੇਗੀ। ਨਵੀਂ ਚੁਣੀ ਗਈ ਫੈਡਰੇਸ਼ਨ ਟੀਮ 'ਚ ਸ. ਅਵਤਾਰ ਸਿੰਘ ਤਾਰੀ ਪ੍ਰਧਾਨ, ਜੱਸੀ ਬਰਾੜ ਉਪ ਪ੍ਰਧਾਨ, ਤੀਰਥ ਸਿੰਘ ਅਟਵਾਲ ਸਕੱਤਰ, ਮਨਜੀਤ ਸਿੰਘ ਸਹਿ ਸਕੱਤਰ, ਜਗਦੇਵ ਸਿੰਘ ਜੱਗੀ ਡਾਇਰੈਕਟਰ, ਜੱਸਾ ਬੋਲੀਨਾ ਚੇਅਰਮੈਨ, ਹਰਪ੍ਰੀਤ ਸਿਘ ਰਾਇਸਰ ਸਪੋਕਸਪਰਸਨ ਅਤੇ ਰਾਜਾ ਬੁੱਟਰ ਨੂੰ ਖਜ਼ਾਨਚੀ ਚੁਣਿਆ ਗਿਆ। ਮੀਟਿੰਗ ਦੇ ਅੰਤ 'ਚ ਮੌਜੂਦਾ ਪ੍ਰਧਾਨ ਜੱਸਾ ਬੋਲੀਨਾ ਨੇ ਆਏ ਸਾਰੇ ਮੈਂਬਰਜ਼ ਅਤੇ ਪਿਛਲੇ ਸਾਲ ਦਿਤੇ ਸਹਿਯੋਗ ਲਈ ਧਨਵਾਦ ਕੀਤਾ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ 'ਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ 'ਚ ਨਿਰਧਾਰਤ ਨਿਯਮਾਂ ਨੂੰ ਲਾਗੂ ਕਰਵਾਉਣ ਵਿਚ ਅਪਣਾ ਸਹਿਯੋਗ ਕਰਦੀ ਹੈ।