
ਗਾਇਕ ਨੇ ਸ਼ੇਅਰ ਕੀਤੀ ਪੋਸਟ- ਦੁਸ਼ਮਣਾਂ ਨੇ ਜੋ ਚਾਹਿਆ ,ਉਹ ਨਹੀਂ ਹੋਇਆ
Rahat Fateh Ali Khan : ਪਾਕਿਸਤਾਨ ਦੇ ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖਾਨ ਦੀ ਗ੍ਰਿਫਤਾਰੀ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਸੋਮਵਾਰ ਨੂੰ ਉਸ ਦੇ ਸਾਬਕਾ ਮੈਨੇਜਰ ਦੀ ਮਾਣਹਾਨੀ ਦੀ ਸ਼ਿਕਾਇਤ 'ਤੇ ਦੁਬਈ 'ਚ ਗ੍ਰਿਫਤਾਰ ਕੀਤਾ ਗਿਆ। ਰਾਹਤ ਫਤਿਹ ਅਲੀ ਖਾਨ ਕਈ ਭਾਰਤੀ ਫਿਲਮਾਂ ਵਿੱਚ ਵੀ ਆਪਣੀ ਆਵਾਜ਼ ਦੇ ਚੁੱਕੇ ਹਨ।
ਰਿਪੋਰਟਾਂ ਦੇ ਅਨੁਸਾਰ ਰਾਹਤ ਫਤਿਹ ਅਲੀ ਖਾਨ ਸੋਮਵਾਰ ਸਵੇਰੇ ਲਾਹੌਰ ਤੋਂ ਦੁਬਈ ਪਹੁੰਚੇ ਸਨ ਪਰ ਪੁਲਿਸ ਨੇ ਇਮੀਗ੍ਰੇਸ਼ਨ ਕੇਂਦਰ ਤੋਂ ਉਸਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸ਼ਿਕਾਇਤ ਦੇ ਅਧਾਰ 'ਤੇ ਪੁੱਛਗਿੱਛ ਅਤੇ ਰਸਮੀ ਆਰੋਪਾਂ ਲਈ ਬੁਰਜ ਦੁਬਈ ਪੁਲਿਸ ਸਟੇਸ਼ਨ ਲਿਜਾਇਆ ਗਿਆ। ਹਾਲਾਂਕਿ ਗਾਇਕ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਵਿਵਾਦ ਨੂੰ ਖਤਮ ਕਰ ਦਿੱਤਾ ਹੈ।
ਸ਼ੁਰੂਆਤੀ ਤੌਰ 'ਤੇ ਸਹੀ ਆਰੋਪਾਂ ਦੀ ਜਾਣਕਾਰੀ ਨਹੀਂ ਸੀ। ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਰਾਹਤ ਦੇ ਸਾਬਕਾ ਮੈਨੇਜਰ ਸਲਮਾਨ ਅਹਿਮਦ ਨੇ ਦੁਬਈ ਦੇ ਅਧਿਕਾਰੀਆਂ ਕੋਲ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਰਿਪੋਰਟ ਮੁਤਾਬਕ ਰਾਹਤ ਨੇ ਕੁਝ ਮਹੀਨੇ ਪਹਿਲਾਂ ਵਿਵਾਦ ਕਾਰਨ ਅਹਿਮਦ ਨੂੰ ਬਰਖਾਸਤ ਕਰ ਦਿੱਤਾ ਸੀ। ਰਾਹਤ ਅਤੇ ਅਹਿਮਦ ਦੋਵਾਂ ਨੇ ਇਕ-ਦੂਜੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਹਾਲਾਂਕਿ ਇਨ੍ਹਾਂ ਖਬਰਾਂ ਤੋਂ ਬਾਅਦ ਰਾਹਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕਰਕੇ ਕਿਹਾ ਕਿ ਦੁਸ਼ਮਣ ਜੈਸਾ ਸੋਚ ਰਹੇ ਹਨ ,ਅਜਿਹਾ ਕੁਝ ਵੀ ਨਹੀਂ ਹੈ।
ਵੀਡੀਓ 'ਚ ਕੀ ਕਿਹਾ?
ਰਾਹਤ ਫਤਿਹ ਅਲੀ ਖਾਨ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੀ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਵਿੱਚ ਦੱਸਿਆ ਕਿ ਉਹ ਆਪਣੇ ਗੀਤ ਦੀ ਰਿਕਾਰਡਿੰਗ ਲਈ ਦੁਬਈ ਆਇਆ ਹੈ। ਸਭ ਕੁਝ ਠੀਕ ਹੈ ਅਤੇ ਮੇਰੇ ਪ੍ਰਸ਼ੰਸਕਾਂ ਨੂੰ ਅਫਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ। ਅਜਿਹਾ ਕੁਝ ਵੀ ਨਹੀਂ ਹੈ ,ਜੋ ਦੁਸ਼ਮਣ ਸੋਚ ਰਹੇ ਸਨ। ਮੈਂ ਜਲਦੀ ਹੀ ਆਪਣੇ ਦੇਸ਼ ਵਾਪਸ ਆਵਾਂਗਾ ਅਤੇ ਨਵੇਂ ਗੀਤਾਂ ਨਾਲ ਤੁਹਾਨੂੰ ਸਰਪਾਇਜ ਦੇਵਾਂਗਾ । ਵੀਡੀਓ 'ਚ ਉਹ ਕਿਸੇ ਛੱਤ 'ਤੇ ਬੈਠੇ ਹਨ, ਜਿੱਥੋਂ ਦੁਬਈ ਦੀਆਂ ਉੱਚੀਆਂ ਇਮਾਰਤਾਂ ਨੂੰ ਦੇਖਿਆ ਜਾ ਸਕਦਾ ਹੈ।