ਇਹ ਗੁਰਮਤਿ ਕੈਂਪ ਪਿਛਲੇ 21 ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਚੱਲ ਰਿਹਾ ਸੀ
ਮਿਲਾਨ - ਦੱਖਣੀ ਇਟਲੀ ਵਿਚ ਪੈਂਦੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਪੁਰਾਣੀ ਇਮਾਰਤ) ਵਿਖੇ ਛੋਟੇ ਬੱਚਿਆਂ ਨੂੰ ਪੰਜਾਬੀ ਬੋਲੀ ਤੇ ਗੁਰਮਤਿ ਸਿੱਖਿਆ ਤੋਂ ਜਾਣੂ ਕਰਵਾਉਣ ਲਈ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਕਰਵਾਇਆ ਗਿਆ। ਜਿਸ ਵਿਚ ਸ਼ਾਮਲ ਹੋਣ ਵਾਲੇ ਬੱਚਿਆ ਨੂੰ ਗੱਤਕਾ, ਗੁਰਮੁਖੀ, ਪੰਜਾਬੀ ਦਾ ਇਤਿਹਾਸ, ਦਸਤਾਰ ਆਦਿ ਦੀ ਸਿਖਲਾਈ ਦਿੱਤੀ ਗਈ।
ਇਹ ਗੁਰਮਤਿ ਕੈਂਪ ਪਿਛਲੇ 21 ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਚੱਲ ਰਿਹਾ ਸੀ। ਜਿਸ ਵਿਚ 45 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਬੀਤੇ ਦਿਨੀਂ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕੈਂਪ ਦੇ ਸੰਪੰਨ ਹੋਣ ਤੇ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ਼ਾਮਲ ਹੋਣ ਲਈ ਬੱਚਿਆਂ ਵਿਚ ਵੱਖਰਾ ਉਤਸ਼ਾਹ ਪਾਇਆ ਜਾ ਰਿਹਾ ਸੀ। ਸਮਾਗਮ ਵਿਚ ਹਿੱਸਾ ਲੈਣ ਲਈ ਬੱਚੇ ਮਾਪਿਆਂ ਨਾਲ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਪਹੁੰਚ ਰਹੇ ਸਨ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਕੈਂਪ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਪੈਂਤੀ ਅੱਖਰੀ ਛਪਾਈ ਵਾਲੇ ਸਕੂਲ ਬੈਗ ਭੇਂਟ ਕੀਤੇ। ਗੁਰਮਤਿ ਸਿਖਲਾਈ ਕੈਂਪ ਮੌਕੇ ਬੱਚਿਆ ਨੂੰ ਸਿਖਲਾਈ ਦੇਣ ਵਾਲੇ ਅਧਿਆਪਕ ਭਾਈ ਹਰਜੋਤ ਸਿੰਘ ਅਤੇ ਗ੍ਰੰਥੀ ਭਾਈ ਸੁਖਵੰਤ ਸਿੰਘ (ਕਾਦੀਆਂ ਵਾਲੇ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਮਾਪਿਆ ਦਾ ਧੰਨਵਾਦ ਕਰਦਿਆ ਕਿਹਾ ਕਿ ਬੱਚਿਆ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਗੁਰਮਤਿ ਸਿਖਲਾਈ ਕੈਂਪ ਮੌਕੇ ਵੱਧ ਤੋਂ ਵੱਧ ਬੱਚਿਆਂ ਨੂੰ ਸਿਖਲ਼ਾਈ ਲਈ ਭੇਜਿਆ ਜਾਵੇ। ਇਸ ਮੌਕੇ ਮੁੱਖ ਸੇਵਾਦਾਰ ਜਗਜੀਤ ਸਿੰਘ ਮੱਲੀ, ਸ. ਕਰਮਜੀਤ ਸਿੰਘ ਨਾਗਰੀ (ਸੈਕੇਟਰੀ), ਸ. ਗੁਰਦੀਪ ਸਿੰਘ ਦੀਪਾ,ਕਰਨਵੀਰ ਸਿੰਘ, ਕਾਲਾ, ਲੱਖਾ, ਜੱਸਾ ਸਿੰਘ, ਖੁਸ਼ਕਰਨ ਸਿੰਘ, ਪਾਲ, ਸਤਨਾਮ ਆਦਿ ਹਾਜ਼ਰ ਹੋਏ।