
ਸਿਹਤ ਸੰਸਥਾ ਦੀ ਇੱਕ ਲੀਕ ਹੋਈ ਈ-ਮੇਲ ਦੇ ਹਵਾਲੇ ਨਾਲ ਪ੍ਰਾਪਤ ਹੋਈ ਰਿਪੋਰਟ 'ਚ ਕਿਹਾ ਗਿਆ ਹੈ।
ਲੰਡਨ - ਬ੍ਰਿਟੇਨ ਦੀ ਸਿਹਤ ਸੰਸਥਾ ਨੈਸ਼ਨਲ ਹੈਲਥ ਸਰਵਿਸ ਨੇ ਹਸਪਤਾਲਾਂ ਨੂੰ ਬਿਜਲੀ ਦੀ ਘਾਟ ਹੋਣ ਦਾ ਖ਼ਦਸ਼ਾ ਜਤਾਉਂਦੇ ਹੋਏ ਇਸ ਸੰਬੰਧੀ ਤਿਆਰੀਆਂ ਰੱਖਣ ਲਈ ਕਿਹਾ ਹੈ। ਇਹ ਜਾਣਕਾਰੀ ਇੱਕ ਰਿਪੋਰਟ ਵਿੱਚ ਨਸ਼ਰ ਹੋਈ ਹੈ। ਸਿਹਤ ਸੰਸਥਾ ਨੇ ਬ੍ਰਿਟੇਨ ਭਰ ਦੇ ਹਸਪਤਾਲਾਂ ਨੂੰ ਬਿਜਲੀ ਬੰਦ ਰਹਿਣ ਬਾਰੇ ਚਿਤਾਵਨੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਬਿਜਲੀ ਦੀ ਘਾਟ ਨਾਲ ਜੂਝਣ ਵਾਸਤੇ ਆਪਣੀਆਂ ਤਿਆਰੀਆਂ ਦੇ ਵੇਰਵੇ ਸਾਂਝੇ ਕਰਨ ਲਈ ਕਿਹਾ ਹੈ। ਸਿਹਤ ਸੰਸਥਾ ਦੀ ਇੱਕ ਲੀਕ ਹੋਈ ਈ-ਮੇਲ ਦੇ ਹਵਾਲੇ ਨਾਲ ਪ੍ਰਾਪਤ ਹੋਈ ਰਿਪੋਰਟ 'ਚ ਕਿਹਾ ਗਿਆ ਹੈ।
ਈ-ਮੇਲ ਉਸ ਸਮੇਂ ਆਈ ਹੈ ਜਦੋਂ ਯੂਕੇ ਨੂੰ ਪਿਛਲੀਆਂ ਸਰਦੀਆਂ ਵਾਂਗ ਤੇਜ਼ ਤੂਫ਼ਾਨਾਂ ਦੀ ਮਾਰ ਪੈਣ ਦਾ ਡਰ ਸਤਾ ਰਿਹਾ ਹੈ। ਇਸ ਤੋਂ ਇਲਾਵਾ, ਸਰਦੀਆਂ ਦੇ ਮੌਸਮ 'ਚ ਯੂਕੇ ਵਿੱਚ ਕੋਵਿਡ ਮਹਾਂਮਾਰੀ ਦੇ ਵਧਣ ਦੀ ਵੀ ਉਮੀਦ ਹੈ। ਈ-ਮੇਲ ਵਿੱਚ ਕਿਹਾ ਗਿਆ ਹੈ, "ਇਸ ਗਰਮੀ ਦੌਰਾਨ ਨੈਸ਼ਨਲ ਹੈਲਥ ਸਰਵਿਸ ਦੀਆਂ ਸੇਵਾਵਾਂ ਦੀ ਮੰਗ 'ਚ ਕਮੀ ਨਹੀਂ ਆਈ, ਅਤੇ ਬਹੁਤ ਸਾਰੇ ਟਰੱਸਟਾਂ ਨੇ ਲਗਾਤਾਰ ਦਬਾਅ ਵਿੱਚ ਕੰਮ ਕੀਤਾ ਹੈ।"
“ਆਉਣ ਵਾਲੀ ਸਰਦੀਆਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਦਬਾਅ ਘਟ ਜਾਵੇਗਾ, ਬਲਕਿ ਹੋਰਨਾਂ ਦੇ ਨਾਲ ਨਾਲ ਕੋਵਿਡ ਅਤੇ ਸਾਹ ਸੰਬੰਧੀ ਮਾਮਲਿਆਂ 'ਚ ਸੰਭਾਵੀ ਵਾਧੇ ਨੂੰ ਦੇਖਦੇ ਹੋਏ ਹਸਪਤਾਲਾਂ 'ਤੇ ਵਧਣ ਵਾਲੇ ਲੋਡ ਬਾਰੇ ਵੀ ਚਿੰਤਾ ਰਹੇਗੀ। ਪ੍ਰਤੀਕੂਲ ਮੌਸਮ ਕਾਰਨ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ, ਖ਼ਾਸ ਕਰਕੇ ਕਮਜ਼ੋਰ ਲੋਕਾਂ ਲਈ। ਹਾਲਾਤ ਗੰਭੀਰ ਹੋ ਸਕਦੇ ਹਨ, ਜਿਵੇਂ ਕਿ 2021-22 ਦੇ ਤੂਫ਼ਾਨੀ ਮੌਸਮ ਦੌਰਾਨ ਸਾਨੂੰ ਬਿਜਲੀ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।" ਈ-ਮੇਲ ਵਿੱਚ ਅੱਗੇ ਦਰਜ ਹੈ।
ਇਸ ਤੋਂ ਪਹਿਲਾਂ ਬ੍ਰਿਟੇਨ ਦੇ ਬਿਜਲੀ ਪ੍ਰਦਾਤਾ ਨੈਸ਼ਨਲ ਗਰਿੱਡ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਯੂਕਰੇਨ ਉੱਤੇ ਰੂਸੀ ਹਮਲੇ ਦੇ ਮੱਦੇਨਜ਼ਰ ਯੂਰਪ ਗੈਸ ਨਿਰਯਾਤ ਵਿੱਚ ਕਟੌਤੀ ਕਰਦਾ ਹੈ ਤਾਂ 'ਤੇਜ਼ ਠੰਢ' ਦੌਰਾਨ ਸ਼ਾਮ 4 ਵਜੇ ਤੋਂ ਸ਼ਾਮ 7 ਵਜੇ ਤੱਕ ਦੇ ਬਿਜਲੀ ਕੱਟ ਲਗਾਏ ਜਾ ਸਕਦੇ ਹਨ।