
ਐਸਐਫ਼ਜੇ ਇਕ ਅਮਰੀਕਾ ਸਥਿਤ ਸੰਗਠਨ ਹੈ ਜੋ ਭਾਰਤ ਵਿਰੋਧੀ ਗਤੀਵਿਧੀਆਂ ਲਈ ਗ਼ੈਰਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂਏਪੀਏ) ਤਹਿਤ ਭਾਰਤ ਵਿਚ ਪਾਬੰਦੀਸ਼ੁਦਾ ਹੈ।
ਵਾਸ਼ਿੰਗਟਨ : ਅਮਰੀਕਾ ਵਿਚ ਪ੍ਰਵਾਸੀ ਭਾਰਤੀਆਂ ਦੇ ਇਕ ਪੈਨਲ ਨੇ ਏਅਰ ਇੰਡੀਆ ਤੋਂ ਉਡਾਨ ਭਰਨ ਵਾਲੇ ਲੋਕਾਂ ਨੂੰ ਧਮਕੀ ਦੇਣ ਵਾਲੇ ਵੀਡੀਉ ਸੰਦੇਸ਼ ਜਾਰੀ ਕਰਨ ਲਈ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੇ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (ਐਸਐਫ਼ਜੇ) ਨੂੰ ‘ਨੋ-ਫ਼ਲਾਈ’ ਸੂਚੀ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਭਾਰਤੀ-ਅਮਰੀਕਾ ਅਤੇ ਭਾਰਤੀ-ਕੈਨੇਡੀਅਨ ਲੋਕਾਂ ਦੇ ਇਕ ਸੰਗਠਨ ‘ਫ਼ਾਊਂਡੇਸ਼ਨ ਫ਼ਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟਡੀਜ਼ (ਐਫ਼ਆਈਆਈਡੀਐਸ), ਵਲੋਂ ਆਯੋਜਤ ਪੈਨਲ ਚਰਚਾ ਵਿਚ ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰਾਂ ਐਸਐਫ਼ਜੇ ਦੇ ਵੱਖਵਾਦੀ ਸਿੱਖ ਆਗੂ ਵਿਰੁਧ ਸਖ਼ਤ ਕਾਰਵਾਈ ਕਰਨ।
ਐਸਐਫ਼ਜੇ ਇਕ ਅਮਰੀਕਾ ਸਥਿਤ ਸੰਗਠਨ ਹੈ ਜੋ ਭਾਰਤ ਵਿਰੋਧੀ ਗਤੀਵਿਧੀਆਂ ਲਈ ਗ਼ੈਰਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂਏਪੀਏ) ਤਹਿਤ ਭਾਰਤ ਵਿਚ ਪਾਬੰਦੀਸ਼ੁਦਾ ਹੈ। ਜੁਲਾਈ, 2020 ਨੂੰ ਪੰਨੂ ਨੂੰ ਵੱਖਵਾਦ ਨੂੰ ਹੱਲਾਸ਼ੇਰੀ ਦੇਣ ਅਤੇ ਕਥਿਤ ਤੌਰ ’ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਲਈ ਯੂ.ਏ.ਪੀ.ਏ. ਤਹਿਤ ਇਕ ‘ਅਤਿਵਾਦੀ’ ਐਲਾਨਿਆ ਗਿਆ ਸੀ।
ਐਫ਼ਆਈਆਈਡੀਐਸ ਦੇ ਖੰਡੇਰਾਓ ਕੰਡ ਨੇ ਕਿਹਾ, ‘‘ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਤਿਵਾਦ ਦੀ ਆਜ਼ਾਦੀ ਲਈ ਪ੍ਰਗਟਾਵੇ ਦੀ ਆਜ਼ਾਦੀ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਹੈ। ਨਾਲ ਹੀ ਨਿੱਝਰ ਦੇ ਕਤਲ ਲਈ ਭਾਰਤ ਵਿਰੁਧ ਉਸ ਦੇ ਦੋਸ਼ਾਂ ਨੇ ਕੈਨੇਡਾ ਵਿਚ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਅਪਰਾਧਾਂ ਨੂੰ ਭੜਕਾਇਆ ਹੈ।’’ ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ “ਟਰੂਡੋ ਦੀਆਂ ਨੀਤੀਆਂ ਕੱਟੜਵਾਦ ਦੇ ਖਤਰਿਆਂ ਨੂੰ ਨਜ਼ਰਅੰਦਾਜ ਕਰਦੀਆਂ ਪ੍ਰਤੀਤ ਹੁੰਦੀਆਂ ਹਨ ਜੋ ਕੈਨੇਡਾ ’ਤੇ ਮਾੜਾ ਪ੍ਰਭਾਵ ਪਾਉਣਗੀਆਂ।’’ ਕੰਡ ਨੇ ਅੱਗੇ ਕਿਹਾ, ‘ਪੈਨਲ ਦੇ ਮੈਂਬਰਾਂ ਨੇ ਸਵਾਲ ਕੀਤਾ ਕਿ ਗੁਰਪਤਵੰਤ ਪੰਨੂ ਅਤੇ ਮੈਂਬਰਾਂ ਨੂੰ ਏਅਰ ਇੰਡੀਆ ਦੁਆਰਾ ਯਾਤਰਾ ਕਰਨ ਦੀ ਧਮਕੀ ਦੇਣ ਲਈ ਨੋ-ਫ਼ਲਾਈ ਸੂਚੀ ਵਿਚ ਕਿਉਂ ਨਹੀਂ ਰੱਖਿਆ ਗਿਆ?’’
ਇਸ ਤੋਂ ਇਲਾਵਾ ਕੈਲੀਫੋਰਨੀਆ ਵਾਸੀ ਸੁੱਖੀ ਚਾਹਲ ਨੇ ਕਿਹਾ ਕਿ ਬਿ੍ਰਟਿਸ਼ ਅਤੇ ਕਾਂਗਰਸ ਪਾਰਟੀ ਦੋਵਾਂ ਨੇ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਨਫਰਤ ਦੇ ਇਤਿਹਾਸਕ ਬੀਜ ਬੀਜੇ ਹਨ। ਸਿੱਖਜ਼ ਫਾਰ ਜਸਟਿਸ ਨੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕੀਤੀ ਸਗੋਂ ਹਿੰਦੂਆਂ ਅਤੇ ਸਿੱਖਾਂ ਵਿਰੁਧ ਨਫ਼ਰਤ ਦਾ ਪ੍ਰਚਾਰ ਕੀਤਾ। ਚਾਹਲ ਨੇ ਸਮੂਹਿਕ ਜ਼ਿੰਮੇਵਾਰੀ ਨਾਲ ਇਸ ਬਿਰਤਾਂਤ ਨੂੰ ਖ਼ਤਮ ਕਰਨ, ਅਵਾਜ਼ ਰਹਿਤ ਸਿੱਖ ਭਾਈਚਾਰੇ ਨਾਲ ਜੁੜਨ ਅਤੇ ਇਹ ਸਵੀਕਾਰ ਕਰਨ ਦੀ ਅਪੀਲ ਕੀਤੀ ਕਿ ਬਹੁਤ ਸਾਰੇ ਸਿੱਖ ਨਕਲੀ ਖ਼ਾਲਿਸਤਾਨੀਆਂ ਦੇ ਪ੍ਰਭਾਵ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਨੂੰ ਪਛਮੀ ਰਾਜਾਂ ਦੁਆਰਾ ਚੰਗੀ ਤਰ੍ਹਾਂ ਫ਼ੰਡ ਦਿਤਾ ਜਾਂਦਾ ਹੈ। ਕੈਨੇਡਾ ਦੀ ਰੁਚੀ ਵਾਲੀਆ ਨੇ ਹਿੰਦੂਆਂ ਅਤੇ ਸਿੱਖਾਂ ਦੀ ਏਕਤਾ ਦੀ ਮਹੱਤਤਾ ਦਾ ਜ਼ਿਕਰ ਕੀਤਾ। ਵਾਲੀਆਨੇ ਗ਼ਲਤ ਇਤਿਹਾਸਕ ਜਾਣਕਾਰੀ ਦੇ ਪਸਾਰ ਰਾਹੀਂ ਸਿੱਖ ਨੌਜਵਾਨਾਂ ਨੂੰ ਕੱਟਰਪੰਥੀ ਬਣਾਏ ਜਾਣ ਬਾਰੇ ਵੀ ਚਿੰਤਾ ਜਾਹਿਰ ਕੀਤੀ ਅਤੇ ਕਿਹਾ ਕਿ ਇਸੇ ਨੂੰ ਠੀਕ ਕਰਨ ਦੀ ਲੋੜ ਹੈ।
‘ਕੈਨੇਡੀਅਨ ਹਿੰਦੂਜ ਫ਼ਾਰ ਹਾਰਮੋਨੀ’ ਦੇ ਬੁਲਾਰੇ ਵਿਜੇ ਜੈਨ ਨੇ ਜੋਰ ਦੇ ਕੇ ਕਿਹਾ ਕਿ ਕੱਟੜਪੰਥੀ ਉਦਾਰਵਾਦੀ ਆਵਾਜ਼ਾਂ ਨੂੰ ਦਬਾ ਰਹੇ ਹਨ ਅਤੇ ਸ਼ਾਂਤੀ ਅਤੇ ਸਦਭਾਵਨਾ ਲਈ ਖ਼ਤਰਾ ਹਨ। ਉਸਨੇ ਭਾਈਚਾਰਕ ਅਤੇ ਰਾਜਨੀਤਕ ਪੱਧਰ ’ਤੇ ਸਮੂਲੀਅਤ ਦੀ ਮਹੱਤਤਾ ’ਤੇ ਜੋਰ ਦਿਤਾ। ਐਫ਼ਆਈਆਈਡੀਐਸ ਦੇ ਵਿਸ਼ਲੇਸ਼ਕ ਮੋਹਨ ਸੌਂਟੀ ਨੇ ਕਿਹਾ ਕਿ ਕੈਨੇਡਾ ਵਿਚ ਭਾਰਤੀਆਂ ਲਈ ਮੌਜੂਦਾ ਖ਼ਤਰਾ ਖਾਸ ਕਰ ਕੇ ਖ਼ਾਲਿਸਤਾਨੀ ਅਤਿਵਾਦੀਆਂ ਤੋਂ ਲਗਭਗ 45 ਸਾਲ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਦੇ ਪਿਤਾ ਪਿਅਰੇ ਟਰੂਡੋ ਤੋਂ ਸ਼ੁਰੂ ਹੋਇਆ ਸੀ।