
ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਸੰਸਦ ਨੇ 50 ਬੰਧਕਾਂ ਦੇ ਬਦਲੇ 4 ਦਿਨਾਂ ਦੀ ਜੰਗਬੰਦੀ ਦਾ ਪ੍ਰਸਤਾਵ ਪਾਸ ਕੀਤਾ ਹੈ।
Israel-Hamas Conflict: ਇਜ਼ਰਾਈਲ-ਹਮਾਸ ਜੰਗ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਜੰਗਬੰਦੀ ਸਮਝੌਤੇ ਨੂੰ ਇਜ਼ਰਾਈਲ ਦੀ ਸੰਸਦ ਨੇ ਮਨਜ਼ੂਰੀ ਦੇ ਦਿਤੀ ਹੈ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਸੰਸਦ ਨੇ 50 ਬੰਧਕਾਂ ਦੇ ਬਦਲੇ 4 ਦਿਨਾਂ ਦੀ ਜੰਗਬੰਦੀ ਦਾ ਪ੍ਰਸਤਾਵ ਪਾਸ ਕੀਤਾ ਹੈ। ਇਸ ਸਬੰਧੀ ਇਕ ਮੀਟਿੰਗ ਮੰਗਲਵਾਰ ਰਾਤ 8 ਵਜੇ (ਇਜ਼ਰਾਈਲੀ ਸਥਾਨਕ ਸਮੇਂ ਅਨੁਸਾਰ) ਹੋਈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਫਪੀ ਨੇ ਦਿਤੀ ਹੈ। ਇਸ ਤੋਂ ਪਹਿਲਾਂ ਦਿ ਟਾਈਮਜ਼ ਆਫ ਇਜ਼ਰਾਈਲ ਦੀ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ ਕਿ 4-5 ਦਿਨਾਂ 'ਚ ਹਮਾਸ ਲਗਭਗ 50 ਬੱਚਿਆਂ, ਉਨ੍ਹਾਂ ਦੀਆਂ ਮਾਵਾਂ ਅਤੇ ਹੋਰ ਬੰਧਕ ਔਰਤਾਂ ਨੂੰ ਰਿਹਾਅ ਕਰ ਦੇਵੇਗਾ।
ਬੰਧਕਾਂ ਦੀ ਰਿਹਾਈ ਲਈ ਇਜ਼ਰਾਈਲ-ਹਮਾਸ ਸਮਝੌਤਾ
ਇਜ਼ਰਾਈਲ ਸਰਕਾਰ ਨੇ ਕਿਹਾ ਹੈ ਕਿ ਉਹ ਜਲਦੀ ਹੀ ਸਾਰੇ ਬੰਧਕਾਂ ਨੂੰ ਘਰ ਵਾਪਸ ਭੇਜਣ ਲਈ ਪਾਬੰਦ ਹੈ। ਸਰਕਾਰ ਨੇ ਇਸ ਟੀਚੇ ਦੇ ਪਹਿਲੇ ਪੜਾਅ ਦੀ ਰੂਪਰੇਖਾ ਨੂੰ ਮਨਜ਼ੂਰੀ ਦੇ ਦਿਤੀ ਹੈ, ਜਿਸ ਅਨੁਸਾਰ ਔਰਤਾਂ ਅਤੇ ਬੱਚਿਆਂ ਸਮੇਤ ਲਗਭਗ 50 ਬੰਧਕਾਂ ਨੂੰ ਚਾਰ ਦਿਨਾਂ ਦੇ ਅੰਦਰ ਰਿਹਾਅ ਕਰ ਦਿਤਾ ਜਾਵੇਗਾ, ਜਿਸ ਦੌਰਾਨ ਜੰਗਬੰਦੀ ਹੋਵੇਗੀ। 10 ਬੰਧਕਾਂ ਦੀ ਰਿਹਾਈ ਦੇ ਬਦਲੇ ਇਕ ਦਿਨ ਦੀ ਜੰਗਬੰਦੀ ਹੋਵੇਗੀ। ਇਜ਼ਰਾਈਲੀ ਸਰਕਾਰ ਅਤੇ ਸੁਰੱਖਿਆ ਸੇਵਾਵਾਂ ਸਾਰੇ ਬੰਧਕਾਂ ਦੀ ਵਾਪਸੀ, ਹਮਾਸ ਦੀ ਪੂਰੀ ਤਬਾਹੀ, ਅਤੇ ਇਹ ਯਕੀਨੀ ਬਣਾਉਣ ਲਈ ਜੰਗ ਜਾਰੀ ਰੱਖਣਗੇ ਕਿ ਗਾਜ਼ਾ ਇਜ਼ਰਾਈਲ ਲਈ ਕੋਈ ਨਵਾਂ ਖ਼ਤਰਾ ਨਹੀਂ ਹੈ।
ਇਜ਼ਰਾਈਲੀ ਮੀਡੀਆ ਦੇ ਅਨੁਸਾਰ, ਸਮਝੌਤਾ ਮੁੱਖ ਤੌਰ 'ਤੇ ਬੰਧਕ ਔਰਤਾਂ ਅਤੇ ਬੱਚਿਆਂ 'ਤੇ ਕੇਂਦਰਿਤ ਹੈ, ਹਾਲਾਂਕਿ ਵਿਦੇਸ਼ੀ ਬੰਧਕਾਂ ਦੀ ਰਿਹਾਈ 'ਤੇ ਗੱਲਬਾਤ ਫਿਲਹਾਲ ਮੇਜ਼ 'ਤੇ ਨਹੀਂ ਹੈ। ਦੱਸ ਦਈਏ ਕਿ ਹਮਾਸ ਅਤਿਵਾਦੀ ਸਮੂਹ ਨੇ 7 ਅਕਤੂਬਰ ਨੂੰ ਹਮਲਾ ਕਰ ਕੇ ਲਗਭਗ 240 ਇਜ਼ਰਾਈਲੀ ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ 'ਚ ਕਰੀਬ 40 ਬੱਚੇ, ਬਜ਼ੁਰਗ ਅਤੇ ਦਰਜਨਾਂ ਥਾਈ ਅਤੇ ਨੇਪਾਲੀ ਨਾਗਰਿਕ ਸ਼ਾਮਲ ਸਨ। ਟਾਈਮਜ਼ ਆਫ ਇਜ਼ਰਾਈਲ ਨੇ ਚੈਨਲ 12 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੰਧਕਾਂ ਦੀ ਰਿਹਾਈ ਲਈ ਸੌਦੇ ਵਿਚ ਔਰਤਾਂ ਅਤੇ ਨਾਬਾਲਗ ਕੈਦੀਆਂ ਸਮੇਤ ਲਗਭਗ 150 ਤੋਂ 300 ਫਲਸਤੀਨੀ ਕੈਦੀਆਂ ਦੀ ਰਿਹਾਈ ਵੀ ਸ਼ਾਮਲ ਹੋਵੇਗੀ।
ਜਲਦੀ ਸ਼ੁਰੂ ਹੋ ਸਕਦੀ ਹੈ ਬੰਧਕਾਂ ਦੀ ਰਿਹਾਈ – ਰੀਪੋਰਟ
ਚੈਨਲ 12 ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੰਧਕਾਂ ਦੀ ਰਿਹਾਈ ਵੀਰਵਾਰ ਜਾਂ ਸ਼ੁਕਰਵਾਰ ਨੂੰ ਸ਼ੁਰੂ ਹੋ ਸਕਦੀ ਹੈ। ਰੀਪੋਰਟਾਂ ਮੁਤਾਬਕ ਸ਼ੁਰੂਆਤੀ 50 ਬੰਧਕਾਂ ਤੋਂ ਬਾਅਦ ਹੋਰ ਬੰਧਕਾਂ ਦੀ ਰਿਹਾਈ ਦੀ ਇਜਾਜ਼ਤ ਦੇਣ ਲਈ ਜੰਗਬੰਦੀ ਨੂੰ ਵਧਾਇਆ ਜਾ ਸਕਦਾ ਹੈ। ਹੁਣ ਖ਼ਬਰਾਂ ਆਈਆਂ ਹਨ ਕਿ ਜੰਗ 'ਤੇ ਰੋਕ 4 ਦਿਨਾਂ ਤਕ ਜਾਰੀ ਰਹੇਗੀ। ਹੋਵੇਗੀ।
(For more news apart from Israel, Hamas agree on pausing war for 4 days, stay tuned to Rozana Spokesman)