
ਅਪਣੇ ਅਧਿਕਾਰੀਆਂ ਦੇ ਨਾਲ ਗੁਆਂਢੀ ਮੁਲਕ ਵਿਚ ਹੋ ਰਹੇ ਇਸ ਵਰਤਾਅ 'ਤੇ ਭਾਰਤ ਵੱਲੋਂ ਵਿਰੋਧ ਜਤਾਇਆ ਗਿਆ ਹੈ।
ਇਸਲਾਮਾਬਾਦ, ( ਭਾਸ਼ਾ) : ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਵੱਲੋਂ ਭਾਵੇਂ ਭਾਰਤ ਨਾਲ ਚੰਗੇ ਰਿਸ਼ਤਿਆਂ ਦੀ ਵਕਾਲਤ ਕੀਤੀ ਜਾਂਦੀ ਰਹੀ ਹੋਵੇ ਪਰ ਉਸ ਦਾ ਸੁਭਾਅ ਨਹੀਂ ਬਦਲ ਰਿਹਾ। ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਲ ਬੁਰਾ ਵਰਤਾਅ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦੇ ਰਹਿਣ ਦੇ ਲਈ ਬਣਾਏ ਗਏ ਕੈਂਪਸ ਵਿਚ ਨਾ ਤਾਂ ਗੈਸ ਕੁਨੈਕਸ਼ਨ ਹੈ ਅਤੇ ਨਾ ਹੀ ਅਧਿਕਾਰੀਆਂ ਨੂੰ ਇੰਟਰਨੈਟ ਦੀ ਸੁਵਿਧਾ ਮਿਲ ਰਹੀ ਹੈ। ਅਪਣੇ ਅਧਿਕਾਰੀਆਂ ਦੇ ਨਾਲ ਗੁਆਂਢੀ ਮੁਲਕ ਵਿਚ ਹੋ ਰਹੇ ਇਸ ਵਰਤਾਅ 'ਤੇ ਭਾਰਤ ਵੱਲੋਂ ਵਿਰੋਧ ਜਤਾਇਆ ਗਿਆ ਹੈ।
Officials of indian high commission in pakistan
ਭਾਰਤ ਨੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਿਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦਈਏ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਰਹਿਣ ਲਈ ਨਵਾਂ ਕੈਂਪਸ ਉਸਾਰਿਆ ਗਿਆ ਹੈ। ਪਰ ਇਸ ਕੈਂਪਸ ਵਿਚ ਬੁਨਿਆਦੀ ਸਹੂਲਤਾਂ ਨਹੀਂ ਦਿਤੀਆਂ ਗਈਆਂ ਹਨ। ਅਧਿਕਾਰੀਆਂ ਨੂੰ ਘਰਾਂ ਵਿਚ ਗੈਸ ਕੁਨੈਕਸ਼ਨ ਨਹੀਂ ਦਿਤੇ ਗਏ। ਅਧਿਕਾਰੀਆਂ ਦੇ ਘਰਾਂ ਵਿਚ ਆਉਣ ਵਾਲੇ ਮਹਿਮਾਨਾਂ ਤੋਂ ਸਵਾਲ ਪੁੱਛੇ ਜਾ ਰਹੇ ਹਨ। ਇਸ ਤੋਂ ਇਲਾਵਾ ਹਾਈ ਕਮਿਸ਼ਨ ਦੇ ਪ੍ਰੋਗਰਾਮ ਦੌਰਾਨ ਬਿਜਲੀ ਕੱਟ ਦਿਤੀ ਗਈ ਸੀ।
Vienna convention
ਕਈ ਵਾਰ ਫੋਨ ਦੀਆਂ ਲਾਈਨਾਂ ਨੂੰ ਵੀ ਕੱਟ ਦਿਤਾ ਜਾਂਦਾ ਹੈ। ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਬੁਰਾ ਵਰਤਾਅ ਇੰਨਾ ਹੀ ਨਹੀਂ ਹੈ। ਇਕ ਅਧਿਕਾਰੀ ਦੇ ਘਰ ਭੰਨ-ਤੋੜ ਵੀ ਕੀਤੀ ਗਈ। ਉਹਨਾਂ ਦੇ ਘਰਾਂ ਵਿਚ ਜ਼ਬਰਦਸਤੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਹਾਈ ਕਮਿਸ਼ਨ ਦੀ ਵੈਬਸਾਈਟ ਅਤੇ ਇੰਟਰਨੈਟ ਨੂੰ ਵੀ ਬਲਾਕ ਕਰ ਦਿਤਾ ਜਾਂਦਾ ਹੈ ਜਾਂ ਫਿਰ ਇਸ ਦੀ ਸਪੀਡ ਘਟਾ ਦਿਤੀ ਜਾਂਦੀ ਹੈ, ਤਾਂ ਕਿ ਵੀਜ਼ਾ ਲਈ ਅਪਲਾਈ ਕਰ ਰਹੇ ਪਾਕਿਸਤਾਨੀਆਂ ਨੂੰ ਮੁਸ਼ਕਲ ਹੋਵੇ ਅਤੇ ਉਹ ਪ੍ਰੋਕਸੀ ਸਰਵਰ ਦੀ ਵਰਤੋਂ ਕਰਨ।
Raveesh Kumar
ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਨਾਲ ਬੁਰਾ ਵਰਤਾਅ ਕੀਤੇ ਜਾਣ ਦੀਆਂ ਸ਼ਿਕਾਇਤਾਂ ਵੀ ਮਿਲਦੀਆਂ ਰਹਿੰਦੀਆਂ ਹਨ। ਇਸੇ ਸਾਲ 15 ਮਾਰਚ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਇਸਲਾਮਾਬਾਦ ਵਿਚ ਮੌਜੂਦ ਭਾਰਤੀ ਹਾਈ ਕਮਿਸ਼ਨ ਵਧੀਆ ਤੋਂ ਵਧੀਆ ਕੰਮ ਕਰੇ। ਸਾਡੇ ਡਿਪਲੋਮੈਟਸ ਦਾ ਸ਼ੋਸ਼ਣ ਨਾ ਕੀਤਾ ਜਾਵੇ ਅਤੇ ਵਿਯੇਨਾ ਕੰਨਵੇਨਸ਼ਨ 1961 ਅਧੀਨ ਨਿਰਧਾਰਤ ਕੀਤੇ ਗਏ ਪ੍ਰਬੰਧਾਂ ਦਾ ਪਾਲਨ ਕੀਤਾ ਜਾਵੇ ਤਾਂ ਕਿ ਭਾਰਤੀ ਡਿਪਲੋਮੈਟਸ ਪਾਕਿਸਤਾਨ ਵਿਚ ਬਿਹਤਰ ਕੰਮ ਕਰ ਸਕਣ।