ਚੀਨ ਦੇ ਉਪ ਪ੍ਰਧਾਨ ਮੰਤਰੀ ਲਿਊ ਹੀ ਅਗਲੇ ਹਫਤੇ ਵਾਸ਼ਿੰਗਟਨ ਵਿਚ ਅਪਣੇ ਬਰਾਬਰ ਦੇ ਅਹੁਦੇਦਾਰ ਨਾਲ ਮੁਲਾਕਾਤ ਕਰਨ ਵਾਲੇ ਹਨ।
ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਵਿਵਾਦਾਂ ਦੇ ਹੱਲ ਲਈ ਹੋਣ ਵਾਲੀ ਬੈਠਕ ਰੱਦ ਹੋਣ ਦੀਆਂ ਖ਼ਬਰਾਂ ਨੂੰ ਖਾਰਜ ਕਰਦੇ ਹੋਏ ਵਾਈਟ ਹਾਊਸ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਉੱਚ ਪੱਧਰੀ ਵਪਾਰਕ ਬੈਠਕ ਬਿਨਾਂ ਕਿਸੇ ਰੁਕਾਵਟ ਤੋਂ ਹੋਵੇਗੀ। ਚੀਨ ਦੇ ਉਪ ਪ੍ਰਧਾਨ ਮੰਤਰੀ ਲਿਊ ਹੀ ਅਗਲੇ ਹਫਤੇ ਵਾਸ਼ਿੰਗਟਨ ਵਿਚ ਅਪਣੇ ਬਰਾਬਰ ਦੇ ਅਹੁਦੇਦਾਰ ਨਾਲ ਮੁਲਾਕਾਤ ਕਰਨ ਵਾਲੇ ਹਨ। ਦੋਨੋਂ ਪੱਖ ਇਕ ਮਾਰਚ ਤੋਂ ਪਹਿਲਾਂ ਵਪਾਰਕ ਸਮੱਸਿਆਵਾਂ 'ਤੇ ਗੱਲਬਾਤ ਕਰਨਗੇ।
ਦੋਹਾਂ ਦੇਸ਼ਾਂ ਵੱਲੋਂ 90 ਦਿਨ ਵਿਚ ਹੱਲ ਲੱਭਣ ਲਈ ਨਿਰਧਾਰਤ ਕੀਤੀ ਗਈ ਮਿਆਦ ਖਤਮ ਹੋ ਰਹੀ ਹੈ। ਕੋਈ ਸਹਿਮਤੀ ਨਾ ਬਣਨ ਦੀ ਹਾਲਤ ਵਿਚ ਅਮਰੀਕਾ ਵਿਚ ਆਯਾਤ ਹੋਣ ਵਾਲੇ ਚੀਨ ਦੇ ਸਮਾਨ 'ਤੇ ਵਧੀਆਂ ਹੋਈਆਂ ਫੀਸ ਦਰਾਂ ਲਾਗੂ ਹੋ ਜਾਣਗੀਆਂ। ਚੀਨ ਅਤੇ ਅਮਰੀਕਾ ਨੇ ਪਿਛਲੇ ਸਾਲ ਇਕ-ਦੂਜੇ ਦੇ ਕੁਲ 360 ਅਰਬ ਡਾਲਰ ਦੇ ਸਮਾਨ 'ਤੇ ਭਾਰੀ ਆਯਾਤ ਫੀਸ ਲਗਾ ਦਿਤੀ ਸੀ। ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਯੁੱਧ ਛਿੜ ਜਾਣ ਦੀ ਸੰਭਾਵਨਾ ਬਣ ਗਈ ਸੀ।
ਬਾਅਦ ਵਿਚ ਦੋਹਾਂ ਪੱਖਾਂ ਨੇ ਵਪਾਰ ਨਾਲ ਜੁੜੇ ਵਿਵਾਦ ਵਾਲਿਆਂ ਮੁੱਦਿਆਂ 'ਤੇ ਇਕ ਮਾਰਚ ਤੱਕ ਹੱਲ ਲੱਭਣ ਲਈ ਉੱਚ ਪੱਧਰੀ ਬੈਠਕ ਕਰਨ ਦਾ ਫ਼ੈਸਲਾ ਕੀਤਾ ਸੀ। ਅਜਿਹੀਆਂ ਖ਼ਬਰਾਂ ਸਨ ਕਿ ਅਮਰੀਕੀ ਦੌਰੇ ਤੋਂ ਪਹਿਲਾਂ ਵਾਸ਼ਿੰਗਟਨ ਨੇ ਸ਼ੁਰੂਆਤੀ ਬੈਠਕ ਕਰਨ ਤੋਂ ਇਨਕਾਰ ਕਰ ਦਿਤਾ ਹੈ। ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਚੀਨ ਦੀ ਅਰਥਵਿਵਸਥਾ ਨਾਲ ਜੁੜੇ ਢਾਂਚੇ ਵਿਚ ਸੁਧਾਰ ਅਤੇ ਕਥਿਤ ਤੌਰ 'ਤੇ ਜ਼ਬਰਦਸਤੀ ਕੀਤੀ ਗਈ ਤਕਨੀਕੀ ਬਦਲੀ ਜਿਹੇ ਅਹਿਮ ਮੁੱਦਿਆਂ 'ਤੇ ਕੋਈ ਵਿਕਾਸ ਨਾ ਹੋਣ ਨਾਲ ਇਹ ਅਹਿਮ ਬੈਠਕ ਖਾਰਜ ਕਰ ਦਿਤੀ ਗਈ।
ਇਸ ਖ਼ਬਰ ਨਾਲ ਅੰਤਰਰਾਸ਼ਟਰੀ ਬਜ਼ਾਰ ਵਿਚ ਗਿਰਾਵਟ ਦੇਖੀ ਗਈ। ਇਸ ਨਾਲ ਇਕ ਵਾਰ ਫਿਰ ਤੋਂ ਅਮਰੀਕਾ-ਚੀਨ ਵਪਾਰ ਯੁੱਧ ਦੇ ਹੱਲ ਲਈ ਕੋਸ਼ਿਸ਼ਾਂ ਨਾਕਾਮ ਹੋਣ ਦਾ ਖ਼ਤਰਾ ਦਿਖਾਈ ਦਿਤਾ। ਪਰ ਨਿਊਆਰਕ ਸ਼ੇਅਰ ਬਜ਼ਾਰ 'ਤੇ ਕਾਰੋਬਾਰ ਬੰਦ ਹੋਣ ਤੋਂ ਥੋੜੀ ਦੇਰ ਪਹਿਲਾਂ ਵਾਈਟ ਹਾਊਸ ਦੇ ਸੀਨੀਅਰ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੇ ਇਹਨਾਂ ਖ਼ਬਰਾਂ ਨੂੰ ਖਾਰਜ ਕਰ ਦਿਤਾ।