
ਪੁਲਵਾਮਾ ਵਿਚ ਸੀਆਰਪੀਐਫ ਜਵਾਨਾਂ 'ਤੇ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਵਿਚ ਪੈਦਾ ਹੋਏ ਤਣਾਅ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੇਹੱਦ ਖਤਰਨਾਕ...
ਵਾਸ਼ਿੰਗਟਨ : ਪੁਲਵਾਮਾ ਵਿਚ ਸੀਆਰਪੀਐਫ ਜਵਾਨਾਂ 'ਤੇ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਵਿਚ ਪੈਦਾ ਹੋਏ ਤਣਾਅ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੇਹੱਦ ਖਤਰਨਾਕ ਦੱਸਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਲੱਗਦਾ ਹੈ ਕਿ ਇਸ ਮਾਮਲੇ ਵਿਚ ਭਾਰਤ ਕੁਝ ਵੱਡਾ ਕਰਨ ਦੀ ਸੋਚ ਰਿਹਾ ਹੈ। ਇਸ ਦੇ ਨਾਲ ਹੀ ਟਰੰਪ ਨੇ ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਸ ਨੇ ਅਮਰੀਕੀ ਮਦਦ ਦਾ ਗਲਤ ਫਾਇਦਾ ਚੁੱਕਿਆ ਹੈ। ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 1.3 ਬਿਲੀਅਨ ਡਾਲਰ ਦੀ ਮਦਦ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਹੈ।
Pulwama Attack
ਵਾਸ਼ਿੰਗਟਨ ਸਥਿਤ ਓਵਲ ਆਫ਼ਿਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਸ ਸਮੇਂ ਭਾਰਤ, ਪਾਕਿਸਤਾਨ ਦੇ ਵਿਚ ਬੇਹੱਦ ਖਤਰਨਾਕ ਹਾਲਾਤ ਚਲ ਰਹੇ ਹਨ। ਅਸੀਂ ਚਾਹੁੰਦੇ ਹਾਂ ਇਹ ਸਭ ਕੁਝ ਨਾ ਹੋਵੇ। ਕੁਝ ਦਿਨ ਪਹਿਲਾਂ ਪੁਲਵਾਮਾ ਹਮਲੇ ਵਿਚ ਕਈ ਜਵਾਨ ਮਾਰੇ ਗਏ ਸਨ। ਟਰੰਪ ਨੇ ਅੱਗੇ ਕਿਹਾ ਕਿ ਭਾਰਤ ਕੁੱਝ ਵੱਡਾ ਕਰਨ ਦੀ ਸੋਚ ਰਿਹਾ ਹੈ, ਭਾਰਤ ਨੇ ਹੁਣੇ ਹੁਣੇ ਅਪਣੇ 44 ਜਵਾਨਾਂ ਨੂੰ ਖੋਹਿਆ ਹੈ। ਦੱਸ ਦੇਈਏ ਕਿ ਪੁਲਵਾਮਾ ਵਿਚ ਸੀਆਰਪੀਐਫ ਜਵਾਨਾਂ ਦੇ ਕਾਫ਼ਲੇ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਸ਼ਿਖਰ 'ਤੇ ਪਹੁੰਚ ਗਿਆ ਹੈ।
Indian Army
ਇਸ ਹਮਲੇ ਵਿਚ ਭਾਰਤ ਦੇ 44 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਦੇ ਤੁਰੰਤ ਬਾਅਦ ਅਤਿਵਾਦੀ ਜੱਥੇਬੰਦੀ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਜੈਸ਼-ਏ-ਮੁਹੰਮਦ ਦਾ ਸਰਗਨਾ ਖੂੰਖਾਰ ਅਤਿਵਾਦੀ ਮੌਲਾਨਾ ਮਸੂਦ ਅਜ਼ਹਰ ਹੈ। ਇਸ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਇਸ ਦੇ ਲਈ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ। ਭਾਰਤ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਖੋਹ ਲਿਆ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਆਉਣ ਵਾਲੇ ਸਮਾਨਾਂ 'ਤੇ ਇੰਪੋਰਟ ਡਿਊਟੀ ਨੂੰ 200 ਫ਼ੀਸਦੀ ਤੱਕ ਵਧਾ ਦਿੱਤੀ ਹੈ।
MFN
ਯੂਐਨ ਦੀ ਫ਼ੈਸਲਾ ਲੈਣ ਵਾਲੀ ਸਭ ਤੋਂ ਵੱਡੀ ਸੰਸਥਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਯੂਐਨਐਸਸੀ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਹਮਲੇ ਦੇ ਪਿੱਛੇ ਜਿਨ੍ਹਾਂ ਦਾ ਹੱਥ ਹੈ, ਉਨ੍ਹਾਂ ਸਜ਼ਾ ਮਿਲਣੀ ਚਾਹੀਦੀ। ਯੂਐਨਐਸਸੀ ਨੇ ਇਸ ਹਮਲੇ ਨੂੰ ਕਾਇਰਾਨਾ ਹਰਕਤ ਦੱਸਿਆ।