
'ਜੇਕਰ ਸਮਝੌਤੇ ਦਾ ਸਨਮਾਨ ਨਹੀਂ ਕੀਤਾ, ਤਾਂ ਚੀਨ ਨਾਲ ਖ਼ਤਮ ਹੋਵੇਗਾ ਵਪਾਰ'
ਵਾਸ਼ਿੰਗਟਨ, 22 ਅਪ੍ਰੈਲ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਵਪਾਰ ਸਮਝੌਤਾ ਖ਼ਤਮ ਕਰਨ ਦੀ ਮੰਗਲਵਾਰ ਨੂੰ ਧਮਕੀ ਦਿਤੀ ਕਿਉਂ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ 'ਚ ਚੀਨ ਉਸਦੀ ਪਾਲਣਾ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ 'ਤੇ ਨਵੀਂ ਜਾਣਕਾਰੀਆਂ ਦੇਣ ਦੇ ਲਈ ਰੋਜ਼ਾਨਾ ਹੋਣ ਵਾਲੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਚੀਨ ਨੇ ਸਮਝੌਤੇ ਦੀਆਂ ਵਿਵਸਥਾਵਾਂ ਦਾ ਸਨਮਾਨ ਨਹੀਂ ਕੀਤਾ ਤਾਂ ਉਹ ਉਸਦੇ ਨਾਲ ਹੋਏ ਵਪਾਰ ਸਮਝੌਤੇ ਨੂੰ ਖ਼ਮਤ ਕਰ ਦੇਣਗੇ।
ਚੀਨ ਅਤੇ ਅਮਰੀਕਾ ਨੇ ਇਸ ਸਾਲ ਜਨਵਰੀ 'ਚ ਦੋ ਸਾਲ ਤੋਂ ਵੱਧ ਸਮੇਂ ਤੋਂ ਜਾਰੀ ਡਿਊਟੀ ਜੰਗ ਨੂੰ ਸਮਾਪਤ ਕਰਦੇ ਹੋਏ ਵਪਾਰ ਸਮਝੌਤੇ ਦੇ ਪਹਿਲੇ ਗੇੜ੍ਹ 'ਤੇ ਹਸਤਾਖ਼ਰ ਕੀਤੇ ਸਨ। ਇਸ ਸਮਝੌਤੇ ਦੇ ਪਹਿਲੇ ਗੇੜ੍ਹ ਤਹਿਤ ਚੀਨ ਨੂੰ ਅਮਰੀਕਾ ਤੋਂ 200 ਅਰਬ ਡਾਲਰ ਦੇ ਸਾਮਾਨਾਂ ਦੀ ਖ਼ਰੀਦ ਕਰਨਾ ਲਾਜ਼ਮੀ ਹੈ। ਇਸਦੇ ਯੋਜਨਾ ਦੇ ਹਿਸਾਬ ਨਾਲ ਅੱਗੇ ਵੱਧਦੇ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਅਮਰੀਕਾ ਚੀਨ ਆਰਥਕ ਅਤੇ ਸੁਰੱਖਿਆ ਸਮੀਖਿਆ ਕਮੇਟੀ ਨੇ ਇਕ ਰੀਪੋਰਟ 'ਚ ਕਿਹਾ ਹੈ ਕਿ ਚੀਨ ਕੁਦਰਤੀ ਬਿਪਤਾ ਅਤੇ ਕਿਸੇ ਹੋਰ ਅਚਾਨਕ ਹੋਈ ਘਟਨਾ ਦੇ ਹਾਲਾਤਾਂ 'ਚ ਵਪਾਰ ਸਮਝੌਤੇ 'ਚ ਇਕ ਨਵੀਂ ਵਿਵਸਥਾ ਜੋੜ ਸਕਦਾ ਹੈ, ਜਿਸ ਨਾਲ ਦੋਵੇਂ ਦੇਸ਼ਾਂ ਦੇ ਵਿਚਕਾਰ ਨਵੇਂ ਸਿਰੇ ਤੋਂ ਗੱਲਬਾਤ ਦੀ ਲੋੜ ਪੈ ਸਕਦੀ ਹੈ।
ਟਰੰਪ ਨੇ ਕਿਹਾ ਜੇਕਰ ਅਜਿਹਾ ਹੋਇਆ ਤਾਂ ਅਸੀਂ ਸਮਝੌਤੇ ਨੂੰ ਸਮਾਪਤ ਕਰ ਦਿਆਂਗੇ ਅਤੇ ਅਸੀਂ ਇਹ ਕਿਸੇ ਵੀ ਹੋਰ ਦੇ ਮੁਕਾਬਲੇ ਚੰਗੇ ਢੰਗ ਨਾਲ ਕਰਾਂਗੇ।''