
ਲੈਫ਼ਟੀਨੈਂਟ ਜਨਰਲ ਪੱਧਰ ਦੀ ਵਾਰਤਾ ਦਾ ਇਕ ਹੋਰ ਗੇੜ ਜਾਰੀ : ਭਾਰਤ
ਬੀਜਿੰਗ, 22 ਜੂਨ : ਚੀਨ ਨੇ ਕੇਂਦਰੀ ਮੰਤਰੀ ਅਤੇ ਭਾਰਤੀ ਫ਼ੌਜ ਦੇ ਸਾਬਕਾ ਪ੍ਰਮੁਖ, ਜਨਰਲ ਵੀ.ਕੇ. ਸਿੰਘ ਦੀ ਉਸ ਟਿੱਪਣੀ ’ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪੂਰਬੀ ਲਦਾਖ਼ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ 40 ਤੋਂ ਜ਼ਿਆਦਾ ਚੀਨੀ ਫ਼ੌਜੀ ਵੀ ਮਾਰੇ ਗਏ ਹਨ। ਚੀਨ ਨੇ ਕਿਹਾ ਕਿ ਉਸ ਕੋਲ ਇਸ ਮੁੱਦੇ ’ਤੇ ਜਾਰੀ ਕਰਨ ਲਈ ਕੋਈ ਸੂਚਨਾ ਨਹੀਂ ਹੈ।
File Photo
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਇਥੇ ਪ੍ਰੈਸ ਵਾਰਤਾ ਦੌਰਾਨ ਦੋਹਰਾਇਆ ਕਿ,‘‘ਚੀਨ ਅਤੇ ਭਾਰਤ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਸਥਿਤੀ ਨੂੰ ਸੁਲਝਾਉਣ ਲਈ ਇਕ ਦੂਸਰੇ ਦੇ ਸੰਪਰਕ ਵਿਚ ਹਨ।’’ ਸਿੰਘ ਦੀ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ,‘‘ਮੇਰੇ ਕੋਲ ਇਸ ਬਾਰੇ ਦੱਸਣ ਲਈ ਕੋਈ ਸੂਚਨਾ ਨਹੀਂ ਹੈ।’’ ਮੌਜੂਦਾ ਭਾਰਤ-ਚੀਨ ਸਰਹਦੀ ਟਕਰਾਅ ’ਤੇ ਟਿੱਪਣੀ ਕਰਦੇ ਹੋਏ ਸਿੰਘ ਨੇ ਸਨਿਚਰਵਾਰ ਨੂੰ ਇਕ ਸਮਾਚਾਰ ਚੈਨਲ ਨੂੰ ਕਿਹਾ,‘‘ਜੇਕਰ ਅਸੀਂ 20 ਫ਼ੌਜੀ ਗਵਾਏ ਹਨ ਤਾਂ ਉਨ੍ਹਾਂ (ਚੀਨ) ਵਲੋਂ ਵੀ ਦੁਗਣੇ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।’’
File Photo
ਇਸ ਵਿਚਾਲੇ ਨਵੀਂ ਦਿੱਲੀ ਵਿਚ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਪੂਰਬੀ ਲਦਾਖ਼ ਵਿਚ ਦੋਹਾਂ ਪੱਖਾਂ ਵਿਚਾਲੇ ਤਣਾਅ ਘੱਟ ਕਰਨ ਦੇ ਤਰੀਕਿਆਂ ’ਤੇ ਚਰਚਾ ਲਈ ਭਾਰਤ ਅਤੇ ਚੀਨ ਵਿਚਾਲੇ ਲੈਫ਼ਟੀਨੈਂਟ ਜਨਰਲ ਪੱਧਰ ਦੀ ਵਾਰਤਾ ਦਾ ਇਕ ਹੋਰ ਗੇੜ ਚੱਲ ਰਿਹਾ ਹੈ। ਲੈਫ਼ਟੀਨੈਂਅ ਜਨਰਲ ਪੱਧਰ ਦੀ ਵਾਰਤਾ ਦਾ ਪਹਿਲਾ ਗੇੜ 6 ਜੂਨ ਨੂੰ ਹੋਇਆ ਸੀ ਜਿਸ ਵਿਚ ਦੋਹਾਂ ਪੱਖਾਂ ਨੇ ਸਾਰੇ ਸੰਵੇਦਨਸ਼ੀਲ ਇਲਾਕਿਆਂ ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ ਸੀ। (ਪੀਟੀਆਈ)