
ਖ਼ੁਸ਼ਹਾਲੀ, ਤੰਦਰੁਸਤੀ ਤੇ ਚੰਗੀ ਖੁਰਾਕ ਹੀ ਲੰਬਾ ਸਮਾਂ ਜਿਊਣ ਦਾ ਰਾਜ - ਡਾ. ਹੋਵਰਡ ਟੱਕਰ
ਸਾਨ ਫਰਾਂਸਿਸਕੋ- ਅਮਰੀਕਾ ਦੇ ਉਹਾਇਉ ਸੂਬੇ ’ਚ 101 ਸਾਲਾ ਦੇ ਡਾਕਟਰ ਨੇ ਅਪਣੇ ਮਰੀਜ਼ਾਂ ਨੂੰ 75 ਸਾਲ ਦੀਆਂ ਸਿਹਤ ਸੇਵਾਵਾਂ ਦੇ ਕੇ ਵਿਸ਼ਵ ਰਿਕਾਰਡ ਕਾਇਮ ਕਰ ਦਿਤਾ ਹੈ। ਉਹਾਇਉ ਦੇ ਕਲੀਵਲੈਂਡ ਸ਼ਹਿਰ ’ਚ ਜਨਮੇ ਡਾਕਟਰ ਹੋਵਰਡ ਟੱਕਰ ਲੰਘੀ 10 ਜੁਲਾਈ ਨੂੰ 101 ਸਾਲ ਦੇ ਹੋਏ ਸਨ।
ਹਾਲਾਂਕਿ, ਇਕ ਸਦੀ ਜਿੰਨੀ ਉਮਰ ਨਿਭਾਅ ਕੇ ਉਨ੍ਹਾਂ ਨੇ ਪੇਸ਼ੇਵਰ ਡਾਕਟਰੀ ਸੇਵਾਵਾਂ ਦੇਣ ਤੋਂ ਮੁਕਤੀ ਲੈ ਲਈ ਸੀ ਪਰ ਉਹ ਹਾਲੇ ਅਪਣੀ ਇੱਛਾ ਅਨੁਸਾਰ ਅਕਸਰ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ। ਪੇਸ਼ੇ ਵਜੋਂ ਨਿਊਰੋ ਸਰਜਨ ਡਾ. ਟੱਕਰ ਹਫ਼ਤੇ ’ਚ ਦੋ ਵਾਰ ਮੈਡੀਕਲ ਰੈਜੀਡੈਂਸੀ ਹਾਸਲ ਕਰਨ ਵਾਲੇ ਡਾਕਟਰਾਂ ਨੂੰ ਸੈਂਟ, ਵਿਕਾਂਟ, ਚੈਰਿਟੀ ਮੈਡੀਕਲ ਸੈਂਟਰ ਕਲੀਵਲੈਂਡ ’ਚ ਪੜ੍ਹਾਉਣ ਵਾਸਤੇ ਵੀ ਜਾਂਦੇ ਹਨ।
ਡਾਕਟਰ ਨੇ ਦਸਿਆ ਕਿ ਉਨਾਂ ਦੀ 89 ਸਾਲਾ ਪਤਨੀ ਲਾਰਾ ਵੀ ਡਾਕਟਰ ਹਨ ਤੇ ਲਗਾਤਾਰ ਪ੍ਰੈਕਟਿਸ ਕਰ ਰਹੇ ਹਨ। ਡਾ. ਟੱਕਰ ਨੇ ਅਪਣੀ ਸਿਹਤ ਦੇ ਰਾਜ ਸਬੰਧੀ ਦਸਿਆ ਕਿ ਖ਼ੁਸ਼ਹਾਲੀ, ਤੰਦਰੁਸਤੀ ਤੇ ਚੰਗੀ ਖੁਰਾਕ ਹੀ ਲੰਬਾ ਸਮਾਂ ਜਿਊਣ ਦੇ ਰਾਜ ਹਨ।
ਹਾਲਾਂਕਿ, ਉਹ ਕਦੇ-ਕਦੇ ਚੰਗੀ ਸ਼ਰਾਬ ਦਾ ਸੀਮਤ ਮਾਤਰਾ ਵਿਚ ਸੇਵਨ ਕਰਦੇ ਆ ਰਹੇ ਹਨ ਅਤੇ ਉਹ ਅਜਿਹੇ ਕਿਸੇ ਵੀ ਬਿਮਾਰੀ ਤੋਂ ਰਹਿਤ ਹਨ, ਜਿਸ ਲਈ ਨਿਯਮਤ ਰੂਪ ਵਿਚ ਦਵਾਈ ਖਾਣੀ ਪੈਂਦੀ ਹੋਵੇ। ਡਾ. ਟੱਕਰ ਦੇ ਚਾਰ ਬੱਚੇ ਤੇ 10 ਦੋਹਤੇ-ਪੋਤਰੇ ਹਨ। ਦੁਨੀਆਂ ਦੇ ਸਿਹਤ ਇਤਿਹਾਸ ਚ ਡਾ. ਟੱਕਰ ਸੱਚੀ-ਮੁੱਚੀ ਹੀ ਇਕ ਉਦਾਹਰਨ ਬਣ ਗਏ ਹਨ। ਉਨ੍ਹਾਂ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਹੋ ਚੁੱਕਾ ਹੈ।