
ਮੋਦੀ ਨੇ ਜ਼ੇਲੈਂਸਕੀ ਨੂੰ ਯੂਕਰੇਨ ’ਚ ਸ਼ਾਂਤੀ ਦੀ ਜਲਦੀ ਵਾਪਸੀ ਦੀ ਭਾਰਤ ਦੀ ਇੱਛਾ ਤੋਂ ਜਾਣੂ ਕਰਵਾਇਆ, ਪੁਤਿਨ ਨਾਲ ਅਪਣੀ ਗੱਲਬਾਤ ਬਾਰੇ ਵੀ ਦਸਿਆ
ਕੀਵ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਇੱਥੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨਾਲ ਵਿਆਪਕ ਗੱਲਬਾਤ ਕੀਤੀ। ਉਨ੍ਹਾਂ ਨੇ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਸੁਲਝਾਉਣ ਲਈ ਇਕ-ਦੂਜੇ ਨਾਲ ਗੱਲਬਾਤ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਅਤੇ ਕਿਹਾ ਕਿ ਭਾਰਤ ਸ਼ਾਂਤੀ ਦੇ ਸਾਰੇ ਯਤਨਾਂ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਚਰਚਾ ਦੌਰਾਨ ਮੋਦੀ ਨੇ ਇਕ ਅਜਿਹਾ ਨਰੋਆ ਹੱਲ ਵਿਕਸਤ ਕਰਨ ਲਈ ਸਾਰੇ ਹਿੱਤਧਾਰਕਾਂ ਵਿਚਕਾਰ ‘ਵਿਹਾਰਕ ਗੱਲਬਾਤ’ ਦੀ ਜ਼ਰੂਰਤ ਪ੍ਰਗਟਾਈ ਜੋ ਵਿਆਪਕ ਸਵੀਕਾਰਤਾ ਬਣਾਉਣ ’ਚ ਮਦਦ ਕਰੇ ਅਤੇ ਇਲਾਕੇ ’ਚ ਸ਼ਾਂਤੀ ਤੇ ਸਥਿਰਤਾ ’ਚ ਯੋਗਦਾਨ ਦੇ ਸਕੇ।
ਗੱਲਬਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ, ‘‘ਦੋਹਾਂ ਧਿਰਾਂ ਨੂੰ ਇਕੱਠੇ ਬੈਠ ਕੇ ਇਸ ਸੰਕਟ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣਾ ਚਾਹੀਦਾ ਹੈ। ਅੱਜ, ਮੈਂ ਤੁਹਾਡੇ ਨਾਲ ਵਿਸ਼ੇਸ਼ ਤੌਰ ’ਤੇ ਸ਼ਾਂਤੀ ਅਤੇ ਯੂਕਰੇਨ ਦੀ ਧਰਤੀ ’ਤੇ ਅੱਗੇ ਵਧਣ ਦੇ ਰਸਤੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ।’’
ਪ੍ਰਧਾਨ ਮੰਤਰੀ ਨੇ ਜ਼ੇਲੈਂਸਕੀ ਨੂੰ ਭਰੋਸਾ ਦਿਵਾਉਂਦਿਆਂ ਕਿਹਾ, ‘‘ਭਾਰਤ ਸ਼ਾਂਤੀ ਲਈ ਹਰ ਕੋਸ਼ਿਸ਼ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ। ਜੇ ਮੈਂ ਨਿੱਜੀ ਤੌਰ ’ਤੇ ਇਸ ’ਚ ਯੋਗਦਾਨ ਪਾ ਸਕਦਾ ਹਾਂ, ਤਾਂ ਮੈਂ ਨਿਸ਼ਚਤ ਤੌਰ ’ਤੇ ਅਜਿਹਾ ਕਰਨਾ ਚਾਹਾਂਗਾ। ਇਕ ਦੋਸਤ ਹੋਣ ਦੇ ਨਾਤੇ, ਮੈਂ ਤੁਹਾਨੂੰ ਇਸ ਦਾ ਭਰੋਸਾ ਦਿੰਦਾ ਹਾਂ।’’
ਉਨ੍ਹਾਂ ਕਿਹਾ ਕਿ ਯੂਕਰੇਨ ਦੇ ਲੋਕ ਇਸ ਗੱਲ ਤੋਂ ਵੀ ਜਾਣੂ ਹਨ ਕਿ ਭਾਰਤ ਸ਼ਾਂਤੀ ਦੇ ਯਤਨਾਂ ’ਚ ਸਰਗਰਮ ਯੋਗਦਾਨ ਪਾ ਰਿਹਾ ਹੈ ਅਤੇ ਉਸ ਦੀ ਹਮੇਸ਼ਾ ਲੋਕ-ਕੇਂਦਰਿਤ ਪਹੁੰਚ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਅਤੇ ਪੂਰੇ ਵਿਸ਼ਵ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਭਾਰਤ ਦੀ ਵਚਨਬੱਧਤਾ ਹੈ ਅਤੇ ਸਾਡਾ ਮੰਨਣਾ ਹੈ ਕਿ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਸਾਡੇ ਲਈ ਸਰਵਉੱਚ ਹੈ ਅਤੇ ਅਸੀਂ ਇਸ ਦਾ ਸਮਰਥਨ ਕਰਦੇ ਹਾਂ।’’
ਪ੍ਰਧਾਨ ਮੰਤਰੀ ਨੇ ਜ਼ੇਲੈਂਸਕੀ ਦੀ ਮੌਜੂਦਗੀ ’ਚ ਅਪਣੀ ਰੂਸੀ ਦੀ ਯਾਤਰਾ ਅਤੇ ਉਸ ਸਮੇਂ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਪਣੀ ਗੱਲਬਾਤ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਨੂੰ ਸਪੱਸ਼ਟ ਸ਼ਬਦਾਂ ’ਚ ਕਿਹਾ ਸੀ ਕਿ ਇਹ ਜੰਗ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਂ ਸਪੱਸ਼ਟ ਸ਼ਬਦਾਂ ’ਚ ਕਿਹਾ ਸੀ ਕਿ ਜੰਗ ਦੇ ਮੈਦਾਨ ’ਚ ਕਦੇ ਵੀ ਕੋਈ ਸਮੱਸਿਆ ਹੱਲ ਨਹੀਂ ਹੁੰਦੀ। ਹੱਲ ਸਿਰਫ ਗੱਲਬਾਤ, ਸੰਵਾਦ ਅਤੇ ਕੂਟਨੀਤੀ ਰਾਹੀਂ ਹੁੰਦੇ ਹਨ ਅਤੇ ਸਾਨੂੰ ਸਮਾਂ ਬਰਬਾਦ ਕੀਤੇ ਬਿਨਾਂ ਉਸ ਦਿਸ਼ਾ ’ਚ ਅੱਗੇ ਵਧਣਾ ਚਾਹੀਦਾ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਇਸ ਦਿਨ ਨੂੰ ਇਤਿਹਾਸਕ ਦਸਿਆ ਅਤੇ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਅੱਜ ਪਹਿਲੀ ਵਾਰ ਯੂਕਰੇਨ ਦੀ ਧਰਤੀ ’ਤੇ ਆਏ ਹਨ। ਮੋਦੀ ਨੇ ਜੰਗ ਦੇ ਸ਼ੁਰੂ ਵਿਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਨੂੰ ਸੁਵਿਧਾਜਨਕ ਬਣਾਉਣ ਵਿਚ ਮਦਦ ਲਈ ਜ਼ੇਲੈਂਸਕੀ ਦਾ ਧੰਨਵਾਦ ਕੀਤਾ।
ਰੂਸ ਨੇ 24 ਫ਼ਰਵਰੀ 2022 ਨੂੰ ਯੂਕਰੇਨ ’ਤੇ ਹਮਲਾ ਕੀਤਾ ਸੀ। ਉਦੋਂ ਤੋਂ ਹੀ ਦੋਹਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਇਸ ਜੰਗ ’ਚ ਹੁਣ ਤਕ ਦੋਹਾਂ ਪਾਸਿਆਂ ਦੇ ਲੋਕ ਵੱਡੀ ਗਿਣਤੀ ’ਚ ਮਾਰੇ ਜਾ ਚੁਕੇ ਹਨ, ਜਦਕਿ ਲੱਖਾਂ ਲੋਕ ਯੂਕਰੇਨ ਛੱਡ ਚੁਕੇ ਹਨ।
ਮੋਦੀ ਅਤੇ ਜ਼ੇਲੈਂਸਕੀ ਵਿਚਾਲੇ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜ਼ੇਲੈਂਸਕੀ ਨੂੰ ਯੂਕਰੇਨ ਵਿਚ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਤਰੀਕੇ ਨਾਲ ਯੋਗਦਾਨ ਪਾਉਣ ਦੀ ਭਾਰਤ ਦੀ ਇੱਛਾ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ, ‘‘ਇਹ ਬਹੁਤ ਵਿਆਪਕ, ਖੁੱਲ੍ਹੀ ਅਤੇ ਕਈ ਤਰੀਕਿਆਂ ਨਾਲ ਰਚਨਾਤਮਕ ਗੱਲਬਾਤ ਸੀ।’’
ਉਨ੍ਹਾਂ ਕਿਹਾ ਕਿ ਗੱਲਬਾਤ ਕੁੱਝ ਹੱਦ ਤਕ ਫੌਜੀ ਸਥਿਤੀ, ਖੁਰਾਕ ਅਤੇ ਊਰਜਾ ਸੁਰੱਖਿਆ ਅਤੇ ਸ਼ਾਂਤੀ ਦੇ ਸਾਰੇ ਸੰਭਵ ਤਰੀਕਿਆਂ ਵਰਗੀਆਂ ਚਿੰਤਾਵਾਂ ’ਤੇ ਕੇਂਦਰਿਤ ਸੀ। ਉਨ੍ਹਾਂ ਕਿਹਾ ਕਿ ਯੂਕਰੇਨ ਗਲੋਬਲ ਸ਼ਾਂਤੀ ਸੰਮੇਲਨਾਂ ’ਚ ਭਾਰਤ ਦੀ ਭਾਗੀਦਾਰੀ ਜਾਰੀ ਰਖਣਾ ਚਾਹੁੰਦਾ ਹੈ। ਮੋਦੀ ਅਤੇ ਜ਼ੇਲੈਂਸਕੀ ਨੇ ਭਾਰਤ-ਯੂਕਰੇਨ ਅੰਤਰ-ਸਰਕਾਰੀ ਕਮਿਸ਼ਨ ਨੂੰ ਵਿਸ਼ੇਸ਼ ਤੌਰ ’ਤੇ ਵਪਾਰ ਅਤੇ ਆਰਥਕ ਸਬੰਧਾਂ ਦੇ ਪੁਨਰ ਨਿਰਮਾਣ ’ਤੇ ਧਿਆਨ ਕੇਂਦਰਿਤ ਕਰਨ ਦਾ ਕੰਮ ਸੌਂਪਿਆ।
ਪ੍ਰਧਾਨ ਮੰਤਰੀ ਦੀ ਕੀਵ ਯਾਤਰਾ ਨੂੰ ਕਈ ਹਲਕਿਆਂ ’ਚ ਕੂਟਨੀਤਕ ਸੰਤੁਲਨ ਵਜੋਂ ਵੇਖਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਰੂਸ ਯਾਤਰਾ ਨੇ ਪੱਛਮ ’ਚ ਹਾਹਾਕਾਰ ਮਚਾਈ ਸੀ। ਕੀਵ ਦੀ ਇਹ ਯਾਤਰਾ ਮੋਦੀ ਦੇ ਰੂਸ ਦੌਰੇ ਅਤੇ ਸੰਘਰਸ਼ ਨੂੰ ਖਤਮ ਕਰਨ ਲਈ ਰਾਸ਼ਟਰਪਤੀ ਪੁਤਿਨ ਨਾਲ ਡੂੰਘਾਈ ਨਾਲ ਗੱਲਬਾਤ ਕਰਨ ਦੇ ਲਗਭਗ ਛੇ ਹਫ਼ਤੇ ਬਾਅਦ ਹੋ ਰਹੀ ਹੈ।
ਭਾਰਤ ਅਤੇ ਯੂਕਰੇਨ ਨੇ ਚਾਰ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਵਿਚਾਲੇ ਗੱਲਬਾਤ ਤੋਂ ਬਾਅਦ ਭਾਰਤ ਅਤੇ ਯੂਕਰੇਨ ਨੇ ਸ਼ੁਕਰਵਾਰ ਨੂੰ ਚਾਰ ਸਮਝੌਤਿਆਂ ’ਤੇ ਹਸਤਾਖਰ ਕੀਤੇ। ਅਧਿਕਾਰੀਆਂ ਨੇ ਕਿਹਾ ਕਿ ਇਹ ਸਮਝੌਤੇ ਖੇਤੀਬਾੜੀ, ਖੁਰਾਕ ਉਦਯੋਗ, ਦਵਾਈ, ਸਭਿਆਚਾਰ ਅਤੇ ਮਨੁੱਖੀ ਸਹਾਇਤਾ ਦੇ ਖੇਤਰਾਂ ’ਚ ਸਹਿਯੋਗ ਨੂੰ ਯਕੀਨੀ ਬਣਾਉਣਗੇ।
1991 ਵਿਚ ਯੂਕਰੇਨ ਦੇ ਆਜ਼ਾਦ ਹੋਣ ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯੂਕਰੇਨ ਯਾਤਰਾ ਹੈ ਅਤੇ ਰੂਸ ਦੇ ਪਛਮੀ ਕੁਰਸਕ ਖੇਤਰ ਵਿਚ ਕੀਵ ਦੇ ਤਾਜ਼ਾ ਫੌਜੀ ਹਮਲੇ ਦੇ ਵਿਚਕਾਰ ਹੋ ਰਹੀ ਹੈ।
ਪੋਲੈਂਡ ਤੋਂ ਕਰੀਬ 10 ਘੰਟੇ ਦੀ ਰੇਲ ਯਾਤਰਾ ਤੋਂ ਬਾਅਦ ਹਯਾਤ ਹੋਟਲ ਪਹੁੰਚਣ ’ਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਮੋਦੀ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਤੁਰਤ ਬਾਅਦ ਮੋਦੀ ਨੇ ਯੂਕਰੇਨ ਨੈਸ਼ਨਲ ਮਿਊਜ਼ੀਅਮ ’ਚ ਸ਼ਹੀਦਾਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ, ਜਿੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਪ੍ਰਧਾਨ ਮੰਤਰੀ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨੂੰ ਗਲੇ ਲਗਾਇਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦਿਲ ਸੰਘਰਸ਼ ’ਚ ਜਾਨ ਗਵਾਉਣ ਵਾਲੇ ਬੱਚਿਆਂ ਦੀ ਯਾਦ ’ਚ ਲਗਾਈ ਗਈ ਦਿਲ ਨੂੰ ਛੂਹਣ ਵਾਲੀ ਪ੍ਰਦਰਸ਼ਨੀ ਨਾਲ ਭਰ ਗਿਆ। ਮੋਦੀ ਨੇ ਇਸ ’ਤੇ ਸੋਗ ਜਤਾਇਆ ਅਤੇ ਮਾਰੇ ਗਏ ਬੱਚਿਆਂ ਦੇ ਸਨਮਾਨ ’ਚ ਇਕ ਖਿਡੌਣਾ ਰਖਿਆ।
ਜ਼ੇਲੈਂਸਕੀ ਨਾਲ ਗੱਲਬਾਤ ਤੋਂ ਪਹਿਲਾਂ ਮੋਦੀ ਨੇ ਯੂਕਰੇਨ ਦੀ ਰਾਜਧਾਨੀ ’ਚ ਸੱਚਾਈ ਅਤੇ ਅਹਿੰਸਾ ਦੇ ਪ੍ਰਤੀਕ ਮਹਾਤਮਾ ਗਾਂਧੀ ਦੀ ਮੂਰਤੀ ’ਤੇ ਸ਼ਰਧਾਂਜਲੀ ਦਿਤੀ । ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਲਿਖਿਆ, ‘‘ਅੱਜ ਸਵੇਰੇ ਕੀਵ ਪਹੁੰਚਿਆ। ਭਾਰਤੀ ਭਾਈਚਾਰੇ ਦਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ।’’ ਪ੍ਰਧਾਨ ਮੰਤਰੀ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ’ਚ ਉਹ ਭਾਰਤੀ ਭਾਈਚਾਰੇ ਨਾਲ ਸਵਾਗਤ ਕਰਦੇ ਅਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।