
ਵੱਧ ਤੋਂ ਵੱਧ ਜਾਨੀ ਨੁਕਸਾਨ ਪਹੁੰਚਾਉਣ ਲਈ ਵਿਸਫ਼ੋਟਕ ਸਮੱਗਰੀ ਨਾਲ ਕਿੱਲਾਂ ਰੱਖੀਆਂ ਗਈਆਂ ਸਨ
ਯੇਰੂਸ਼ਲਮ - ਬੁੱਧਵਾਰ ਨੂੰ ਯੇਰੂਸ਼ਲਮ ਦੇ ਦੋ ਬੱਸ ਅੱਡਿਆਂ 'ਤੇ ਹੋਏ ਦੂਹਰੇ ਬੰਬ ਧਮਾਕਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਅਤੇ 21 ਜ਼ਖਮੀ ਹੋ ਗਏ। ਇਜ਼ਰਾਈਲੀ ਪੁਲਿਸ ਅਤੇ ਬਚਾਅ ਕਰਮਚਾਰੀਆਂ ਨੇ ਕਿਹਾ ਕਿ ਇਹ ਇੱਕ ਅੱਤਵਾਦੀ ਹਮਲਾ ਜਾਪਦਾ ਹੈ।
ਪਹਿਲਾ ਧਮਾਕਾ ਸਵੇਰੇ 7:00 ਵਜੇ ਯੇਰੂਸ਼ਲਮ ਦੇ ਮੁੱਖ ਪ੍ਰਵੇਸ਼ ਦੁਆਰ ਨੇੜੇ ਗਿਵਤ ਸ਼ੌਲ ਵਿਖੇ ਹੋਇਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਕਰਮਚਾਰੀ ਆਪਣੇ ਦਫ਼ਤਰ ਅਤੇ ਵਿਦਿਆਰਥੀ ਆਪਣੇ ਵਿੱਦਿਅਕ ਅਦਾਰਿਆਂ ਨੂੰ ਜਾ ਰਹੇ ਸਨ।
ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ 'ਚ ਬੱਸ ਸਟਾਪ 'ਤੇ ਮੌਜੂਦ 17 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਇੱਕ ਦੀ ਬਾਅਦ ਵਿੱਚ ਸ਼ਾਰੇ ਜੇਦਕ ਮੈਡੀਕਲ ਸੈਂਟਰ ਵਿੱਚ ਮੌਤ ਹੋ ਗਈ।
ਦੂਜਾ ਧਮਾਕਾ ਯੇਰੂਸ਼ਲਮ ਦੇ ਇੱਕ ਹੋਰ ਪ੍ਰਵੇਸ਼ ਦੁਆਰ ਰਾਮੋਟ ਵਿੱਚ ਇੱਕ ਬੱਸ ਸਟਾਪ 'ਤੇ ਸਵੇਰੇ 7:30 ਵਜੇ ਹੋਇਆ। ਇਹ ਥਾਂ ਸਵੇਰ ਵੇਲੇ ਲੋਕਾਂ ਨਾਲ ਭਰੀ ਰਹਿੰਦੀ ਹੈ। ਇਸ ਧਮਾਕੇ 'ਚ ਚਾਰ ਲੋਕ ਜ਼ਖਮੀ ਹੋ ਗਏ।
ਆਪਣੇ ਸ਼ੁਰੂਆਤੀ ਜਵਾਬ ਵਿੱਚ, ਪੁਲਿਸ ਨੇ ਕਿਹਾ ਕਿ ਵੱਧ ਤੋਂ ਵੱਧ ਜਾਨੀ ਨੁਕਸਾਨ ਪਹੁੰਚਾਉਣ ਲਈ ਵਿਸਫ਼ੋਟਕ ਸਮੱਗਰੀ ਨਾਲ ਕਿੱਲਾਂ ਰੱਖੀਆਂ ਗਈਆਂ ਸਨ, ਅਤੇ ਧਮਾਕਿਆਂ ਨੂੰ ਰਿਮੋਟ ਡਿਵਾਈਸਾਂ ਦੁਆਰਾ ਕਮਾਂਡ ਦਿੱਤੀ ਗਈ ਸੀ।
ਇਜ਼ਰਾਈਲ ਦੇ ਪੁਲਿਸ ਕਮਿਸ਼ਨਰ ਕੋਬੀ ਸ਼ਬਤਾਈ ਨੇ ਕਿਹਾ, "ਹਮਲੇ ਦੀ ਐਸੀ ਯੋਜਨਾ ਅਸੀਂ ਕਈ ਸਾਲਾਂ ਤੋਂ ਨਹੀਂ ਵੇਖੀ ਸੀ।" ਉਨ੍ਹਾਂ ਕਿਹਾ ਕਿ ਇਹ ਤਾਲਮੇਲ ਨਾਲ ਕੀਤੇ ਗਏ ਅੱਤਵਾਦੀ ਹਮਲੇ ਵਰਗਾ ਜਾਪਦਾ ਹੈ।
ਫ਼ਿਲਹਾਲ ਕਿਸੇ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ, ਹਾਲਾਂਕਿ ਹਮਾਸ ਅੱਤਵਾਦੀ ਸਮੂਹ ਨੇ ਦੂਹਰੇ ਧਮਾਕਿਆਂ ਦੀ ਸ਼ਲਾਘਾ ਕੀਤੀ ਹੈ।
ਹਮਾਸ ਦੇ ਬੁਲਾਰੇ ਮੁਹੰਮਦ ਹਮਾਦਾ ਨੇ ਇੱਕ ਬਿਆਨ 'ਚ ਕਿਹਾ, "ਇਹ ਕਾਰਵਾਈ ਕਬਜ਼ਾ ਕਰਨ ਵਾਲਿਆਂ ਨੂੰ ਸੰਦੇਸ਼ ਦਿੰਦੀ ਹੈ ਕਿ ਸਾਡੇ ਲੋਕ ਆਪਣੀ ਜ਼ਮੀਨ 'ਤੇ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ ਅਤੇ ਵਿਰੋਧ ਦੇ ਰਾਹ 'ਤੇ ਡਟੇ ਰਹਿਣਗੇ।"
ਯੇਰੂਸ਼ਲਮ ਵੱਲ ਜਾਣ ਵਾਲੀ ਮੁੱਖ ਸੜਕ ਬੰਦ ਕਰ ਦਿੱਤੀ ਗਈ ਹੈ, ਅਤੇ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਜਨਤਕ ਸੁਰੱਖਿਆ ਮੰਤਰੀ ਉਮਰ ਬਰਲੇਵ ਦੇ ਦਫ਼ਤਰ ਨੇ ਕਿਹਾ ਕਿ ਮੰਤਰੀ ਨੇ ਪੁਲਿਸ ਮੁਖੀ ਨਾਲ ਗੱਲ ਕੀਤੀ ਅਤੇ ਉਮੀਦ ਹੈ ਕਿ ਉਹ ਹਮਲੇ ਵਾਲੀਆਂ ਥਾਵਾਂ ਦਾ ਦੌਰਾ ਕਰਨਗੇ।
ਹਮਲੇ ਤੋਂ ਬਾਅਦ, ਰੱਖਿਆ ਮੰਤਰੀ ਬੈਨੀ ਗੈਂਟਜ਼ ਨੇ ਸ਼ਿਨ ਬੇਟ ਸੁਰੱਖਿਆ ਏਜੰਸੀ ਦੇ ਮੁਖੀ, ਉਪ-ਸੈਨਾ ਮੁਖੀ ਅਤੇ ਹੋਰ ਸੀਨੀਅਰ ਫ਼ੌਜੀ ਅਤੇ ਪੁਲਿਸ ਅਧਿਕਾਰੀਆਂ ਨਾਲ ਘਟਨਾ ਦੀ ਸਮੀਖਿਆ ਕੀਤੀ।