
ਮਿਆਂਮਾਰ 'ਚ ਰੋਹਿੰਗਿਆ ਬਾਗ਼ੀਆਂ ਨੇ ਪਿਛਲੇ ਸਾਲ 99 ਹਿੰਦੂਆਂ ਦਾ ਕਤਲੇਆਮ ਕੀਤਾ ਸੀ। ਇਨ੍ਹਾਂ 'ਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਇਹ ਪ੍ਰਗਟਾਵਾ...
ਯੰਗੂਨ, 23 ਮਈ : ਮਿਆਂਮਾਰ 'ਚ ਰੋਹਿੰਗਿਆ ਬਾਗ਼ੀਆਂ ਨੇ ਪਿਛਲੇ ਸਾਲ 99 ਹਿੰਦੂਆਂ ਦਾ ਕਤਲੇਆਮ ਕੀਤਾ ਸੀ। ਇਨ੍ਹਾਂ 'ਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਇਹ ਪ੍ਰਗਟਾਵਾ ਬੁਧਵਾਰ ਨੂੰ ਸਾਹਮਣੇ ਆਈ ਐਮਨੇਸਟੀ ਇੰਟਰਨੈਸ਼ਨਲ ਦੀ ਰੀਪੋਰਟ 'ਚ ਹੋਇਆ।ਅਤਿਵਾਦੀਆਂ ਦੀ ਗ੍ਰਿਫ਼ਤ ਤੋਂ ਬੱਚ ਕੇ ਆਏ ਇਕ ਵਿਅਕਤੀ ਨੇ ਦਸਿਆ ਕਿ 25-26 ਅਗਸਤ 2017 ਨੂੰ ਰੋਹਿੰਗਿਆ ਅਤਿਵਾਦੀਆਂ ਨੇ ਰਖਾਈਨ ਸੂਬੇ 'ਚ ਹਿੰਦੂਆਂ ਦੇ ਦੋ ਪਿੰਡਾਂ 'ਤੇ ਹਮਲਾ ਕਰ ਕੇ ਸੈਂਕੜੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਇਸ ਰੀਪੋਰਟ 'ਤੇ ਮਿਆਂਮਾਰ ਸਰਕਾਰ ਵਲੋਂ ਹੁਣ ਤਕ ਕੋਈ ਟਿਪਣੀ ਨਹੀਂ ਆਈ ਹੈ।
ਰੀਪੋਰਟ ਮੁਤਾਬਕ ਸਾਲ 2017 ਦੇ ਮੱਧ 'ਚ ਅਰਾਕਨ ਰੋਹਿੰਗਿਆ ਸੈਲਵੇਸ਼ਨ ਆਰਮੀ (ਏ.ਆਰ.ਐਸ.ਏ.) ਨੇ ਗੰਭੀਰ ਤੌਰ 'ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ। ਗ਼ੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬੰਦੀ ਬਣਾਇਆ ਅਤੇ ਉਨ੍ਹਾਂ ਦੀ ਹਤਿਆ ਕਰ ਦਿਤੀ। ਕਤਲੇਆਮ ਨੂੰ ਅੰਜਾਮ ਦੇਣ ਲਈ ਰੋਹਿੰਗਿਆ ਅਤਿਵਾਦੀਆਂ ਨੇ ਸਥਾਨਕ ਪੇਂਡੂਆਂ ਦੀ ਭਰਤੀ ਵੀ ਕੀਤੀ। ਇਸ ਦੌਰਾਨ ਸੁਰੱਖਿਆ ਫ਼ੌਜਾਂ ਨਾਲ ਉਨ੍ਹਾਂ ਦੀ ਝੜਪ ਚਲ ਰਹੀ ਸੀ।
ਰੋਹਿੰਗਿਆ ਅਤਿਵਾਦੀਆਂ ਦੇ ਕਬਜ਼ੇ ਤੋਂ ਬਚ ਕੇ ਆਏ ਇਕ ਵਿਅਕਤੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਬੀਤੇ ਸਾਲ 25 ਅਗਸਤ ਨੂੰ ਰੋਹਿੰਗਿਆ ਅਤਿਵਾਦੀਆਂ ਨੇ ਹਿੰਦੂਆਂ ਦੇ ਪਿੰਡ ਮੌਂਗਦਾਵ 'ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਇਥੋਂ 69 ਲੋਕਾਂ ਨੂੰ ਅਗ਼ਵਾ ਕਰ ਲਿਆ। ਇਨ੍ਹਾਂ 'ਚ ਕਈ ਮਰਦ, ਔਰਤਾਂ ਅਤੇ ਉਨ੍ਹਾਂ ਦੇ ਬੱਚੇ ਸ਼ਾਮਲ ਸਨ। ਜ਼ਿਆਦਾਤਰ ਦੀ ਬੇਰਹਿਮੀ ਨਾਲ ਹਤਿਆ ਕਰ ਦਿਤੀ ਗਈ। ਇਸ ਦੇ ਅਗਲੇ ਹੀ ਦਿਨ ਨੇੜਲੇ ਇਕ ਹੋਰ ਪਿੰਡ ਦੇ 46 ਲੋਕ ਰਹੱਸਮਈ ਤਰੀਕੇ ਨਾਲ ਗ਼ਾਇਬ ਹੋ ਗਏ ਸਨ।
ਐਮਨੇਸਟੀ ਇੰਟਰਨੈਸ਼ਨਲ ਦੇ ਡਾਇਰੈਕਟਰ ਤਿਰਾਨ ਹਸਨ ਨੇ ਕਿਹਾ ਕਿ ਇਹ ਘਟਨਾ ਕਾਫੀ ਘਿਣੌਨੀ ਅਤੇ ਸੰਵੇਦਨਹੀਨ ਸੀ। ਰੋਹਿੰਗਿਆ ਅਤਿਵਾਦੀਆਂ ਨੇ ਸੈਂਕੜੇ ਹਿੰਦੂਆਂ ਨੂੰ ਬੰਦੀ ਬਣਾਇਆ। ਉਨ੍ਹਾਂ ਦੇ ਪਿੰਡ ਦੇ ਬਾਹਰ ਔਰਤਾਂ ਅਤੇ ਬੱਚਿਆਂ ਦੀ ਹਤਿਆ ਕਰ ਦਿਤੀ ਗਈ। ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। (ਪੀਟੀਆਈ)