
ਗਲਵਾਨ ਝੜਪ 'ਚ ਅਪਣੇ ਫ਼ੌਜੀਆਂ ਦੀ ਮੌਤ ਬਾਰੇ ਚੀਨ ਨੇ ਪਹਿਲੀ ਵਾਰ ਤੋੜੀ ਚੁੱਪੀ
ਬੀਜਿੰਗ, 23 ਜੂਨ : ਚੀਨ ਨੇ ਭਾਰਤ ਅਤੇ ਚੀਨੀ ਫ਼ੌਜੀਆਂ ਵਿਚਾਲੇ 15 ਜੂਨ ਨੂੰ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ 'ਚ ਅਪਣੇ ਫ਼ੌਜੀਆਂ ਦੀ ਮੌਤ ਬਾਰੇ ਮੰਗਲਵਾਰ ਨੂੰ ਪਹਿਲੀ ਵਾਰ ਚੁੱਪੀ ਤੋੜੀ ਅਤੇ ਪੂਰਬੀ ਲਦਾਖ਼ 'ਚ ਹੋਏ ਟਾਕਰੇ 'ਚ ਅਪਣੇ 40 ਤੋਂ ਵੱਧ ਫ਼ੌਜੀਆਂ ਦੇ ਮਾਰੇ ਜਾਣ ਨੂੰ 'ਫਰਜ਼ੀ ਖ਼ਬਰ' ਕਰਾਰ ਦਿਤਾ ਹੈ।
ਝੜਪ ਦੇ ਬਾਅਦ ਤੋਂ ਹੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਮ੍ਰਿਤਕਾਂ ਦੀ ਗਿਣਤੀ ਦੇ ਸਵਾਲ 'ਤੇ ਬਚਦੇ ਰਹੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਸਾਬਕਾ ਫ਼ੌਜ ਮੁਖੀ ਅਤੇ ਸੜਕ ਤੇ ਟ੍ਰਾਂਸਪੋਰਟ ਮੰਤਰੀ ਜਨਰਲ ਵੀ.ਕੇ ਸਿੰਘ ਦੀ ਉਸ ਟਿਪਣੀ 'ਤੇ ਪ੍ਰਤੀਕਿਰਿਆ ਦਿਤੀ
File Photo
ਜਿਸ ਵਿਚ ਉਨ੍ਹਾਂ ਕਿਹਾ ਸੀ, ''ਜੇਕਰ ਸਾਡੇ 20 ਜਵਾਨ ਸ਼ਹੀਦ ਹੋਏ ਹਨ ਤਾਂ ਉਨ੍ਹਾਂ (ਚੀਨੀ) ਦੇ ਦੁਗਣੇ ਫ਼ੌਜੀ ਮਾਰੇ ਗਏ ਹਨ।'' ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਤੀਕਿਰਿਆ ਮੰਗੇ ਜਾਣ 'ਤੇ ਝਾਓ ਨੇ ਮੰਗਲਵਾਰ ਨੂੰ ਕਿਹਾ, ''ਕੂਟਨੀਤਕ ਅਤੇ ਫ਼ੌਜੀ ਢੰਗਾਂ ਨਾਲ ਇਸ ਮਾਮਲੇ ਨੂੰ ਸੁਲਝਾਉਣ ਲਈ ਚੀਨ ਅਤੇ ਭਾਰਤ ਇਕ ਦੂਜੇ
ਨਾਲ ਗੱਲ ਕਰ ਰਿਹਾ ਹੈ।'' ਉਨ੍ਹਾਂ ਕਿਹਾ, ਜਿਵੇਂ ਕਿ ਤੁਸੀਂ ਮੀਡੀਆ 'ਚ ਦੇਖਿਆ, ਉਦਾਹਰਣ ਲਈ ਕੁੱਝ ਲੋਕਾਂ ਨੇ ਕਿਹਾ ਕਿ ਚੀਨੀ ਪੱਖ ਦੇ 40 ਲੋਕਾਂ ਦੀ ਮੌਤ ਹੋਈ ਹੈ। ਮੈਂ ਤੁਹਾਨੂੰ ਵਿਸ਼ਵਾਸ ਨਾਲ ਇੰਨਾ ਦਸ ਸਕਦਾ ਹਾਂ ਕਿ ਇਹ ਗ਼ਲਤ ਖ਼ਬਰ ਹੈ।''
ਉਨ੍ਹਾਂ ਨੇ ਇਸ ਬਾਰੇ ਹੋਰ ਗੱਲ ਨਹੀਂ ਕੀਤੀ। ਇਹ ਪਹਿਲਾ ਮੌਕਾ ਸੀ ਜਦੋਂ ਚੀਨ ਵਲੀ ਮੌਤਾਂ ਨੂੰ ਲੈ ਕੇ ਕੋਈ ਬਿਆਨ ਆਇਆ ਹੈ। ਚੀਨ ਨੇ ਮ੍ਰਿਤਕਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਅਜਿਹੀਆਂ ਖ਼ਬਰਾਂ ਹਨ ਕਿ ਝੜਪ 'ਚ ਮਾਰੇ ਗਏ ਚੀਨੀਆਂ 'ਚ ਉਨ੍ਹਾਂ ਦੀ ਫ਼ੌਜ ਦਾ ਕਮਾਂਡਿੰਗ ਅਫ਼ਸਰ ਵੀ ਸ਼ਾਮਲ ਸੀ। ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। (ਪੀਟੀਆਈ)