
ਅਦਾਲਤ ਵੱਲੋਂ ਯੂ.ਐਸ. ਮਰੀਨ ਕੋਰਪਸ ਨੂੰ ਦਾੜ੍ਹੀ ਅਤੇ ਦਸਤਾਰ ਸਮੇਤ ਭਰਤੀ ਕਰਨ ਦੇ ਹੁਕਮ
ਨਿਊਯਾਰਕ - ਅਮਰੀਕਾ ਦੀ ਇੱਕ ਸੰਘੀ ਅਪੀਲ ਅਦਾਲਤ ਨੇ ਸ਼ੁੱਕਰਵਾਰ ਨੂੰ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਦਿਆਂ ਫ਼ੈਸਲਾ ਸੁਣਾਇਆ ਕਿ ਯੂ.ਐਸ. ਮਰੀਨ ਕੋਰਪਸ ਨੂੰ ਦੇਸ਼ ਸੇਵਾ ਲਈ ਭਰਤੀ ਹੋਣ ਵਾਲੇ ਸਿੱਖ ਰੰਗਰੂਟਾਂ ਨੂੰ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਵਜੋਂ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਸ 'ਚ ਮੌਜੂਦਾ ਨਿਯਮ ਨੂੰ ਧਾਰਮਿਕ ਆਜ਼ਾਦੀ ਬਹਾਲੀ ਐਕਟ (ਆਰ.ਐਫ.ਆਰ.ਏ.) ਦੀ ਉਲੰਘਣਾ ਦੱਸਿਆ ਗਿਆ।
ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਦੇਖਿਆ ਕਿ ਮਰੀਨ ਕੋਰਪਸ ਕਦੇ ਵੀ ਇਸ ਗੱਲ ਨੂੰ ਵਿਸਥਾਰ 'ਚ ਨਹੀਂ ਬਿਆਨ ਕਰ ਸਕਦੀ ਕਿ ਜਿਹੜੀਆਂ ਧਾਰਮਿਕ ਛੋਟਾਂ ਯੂ.ਐਸ. ਆਰਮੀ, ਨੇਵੀ, ਏਅਰ ਫ਼ੋਰਸ ਅਤੇ ਕੋਸਟ ਗਾਰਡ ਵਰਗੀਆਂ ਹੋਰ ਫ਼ੌਜੀ ਸ਼ਾਖਾਵਾਂ ਪਹਿਲਾਂ ਤੋਂ ਹੀ ਪ੍ਰਦਾਨ ਕਰ ਰਹੀਆਂ ਹਨ, ਉਹੀ ਛੋਟ ਉਹ ਕਿਉਂ ਨਹੀਂ ਪ੍ਰਦਾਨ ਕਰ ਸਕਦੀ।
ਜ਼ਿਕਰਯੋਗ ਹੈ ਕਿ ਅਮਰੀਕੀ ਆਰਮੀ, ਏਅਰ ਫ਼ੋਰਸ, ਨੇਵੀ ਅਤੇ ਕੋਸਟ ਗਾਰਡ ਸਿੱਖ ਰੰਗਰੂਟਾਂ ਨੂੰ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਅਪਨਾਉਣ ਦੀ ਇਜਾਜ਼ਤ ਦਿੰਦੇ ਹਨ।
ਅਦਾਲਤ ਅਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਨਾਂਅ ਦੇ ਤਿੰਨ ਸਿੱਖ ਨੌਜਵਾਨਾਂ ਨਾਲ ਸੰਬੰਧਿਤ ਕੇਸ ਦੀ ਸੁਣਵਾਈ ਕਰ ਰਹੀ ਸੀ, ਜਿਨ੍ਹਾਂ ਨੇ ਪਿਛਲੇ ਸਾਲ ਅਮਰੀਕੀ ਮਰੀਨ ਵਿੱਚ ਭਰਤੀ ਹੋਣ ਲਈ ਟੈਸਟ ਪਾਸ ਕੀਤਾ ਸੀ।
ਹਾਲਾਂਕਿ, ਉਦੋਂ ਤੋਂ ਹੀ ਤਿੰਨਾਂ ਨੂੰ ਮੁਕੱਦਮੇ ਲੜਨ ਲਈ ਮਜਬੂਰ ਹੋਣਾ ਪਿਆ, ਕਿਉਂਕਿ ਮਰੀਨਾ ਕੋਰਪਸ ਨੇ ਦਲੀਲ ਦਿੱਤੀ ਸੀ ਕਿ ਭਰਤੀ ਹੋਣ ਵਾਲਿਆਂ ਨੂੰ ਉਨ੍ਹਾਂ ਦੇ 'ਆਪੇ' ਤੋਂ ਅਲੱਗ ਹੋਣ ਦੀ ਲੋੜ ਹੈ। ਕੋਰਪਸ ਵੱਲੋਂ ਇਹ ਵੀ ਦਲੀਲ ਦਿੱਤੀ ਗਈ ਸੀ ਕਿ ਰਾਸ਼ਟਰੀ ਹਿੱਤ ਵਾਸਤੇ ਇਕਸਾਰਤਾ ਬਣਾਈ ਰੱਖਣ ਲਈ ਨਿਯਮ ਜ਼ਰੂਰੀ ਹਨ।
ਅਦਾਲਤ ਨੇ ਜਵਾਬ ਵਿੱਚ ਕਿਹਾ ਕਿ ਅਮਰੀਕੀ ਮਰੀਨ ਨੇਵੀ ਦਾ ਹਿੱਸਾ ਹੈ ਅਤੇ ਅਧਿਕਾਰੀਆਂ ਦੀ ਸਿਖਲਾਈ ਨੈਵਲ ਅਕੈਡਮੀ ਵਿਖੇ ਹੀ ਹੁੰਦੀ ਹੈ। ਅਕੈਡਮੀ ਵੀ ਧਾਰਮਿਕ ਚਿੰਨ੍ਹ ਧਾਰਨ ਕਰਨ ਅਤੇ ਦਾੜ੍ਹੀ ਰੱਖਣ ਦੀ ਸਹੂਲਤ ਦਿੰਦੀ ਹੈ।
ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕੀ ਮਰੀਨ ਵੱਲੋਂ ਚਮੜੀ ਨਾਲ ਜੁੜੇ ਖ਼ਾਸ ਹਾਲਾਤਾਂ ਵਾਲੇ ਪੁਰਸ਼ਾਂ ਨੂੰ ਸ਼ੇਵ ਨਾ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ, ਅਤੇ ਇਸ ਤਹਿਤ ਮਹਿਲਾ ਰੰਗਰੂਟ ਆਪਣੇ ਵਾਲਾਂ ਦੇ ਰੱਖ-ਰਖਾਅ ਲਈ ਹੇਅਰ ਸਟਾਈਲ ਅਪਣਾਉਂਦੀਆਂ ਹਨ।
ਫ਼ੈਸਲੇ ਤੋਂ ਬਾਅਦ, ਮੁੱਦਈਆਂ ਦੀ ਨੁਮਾਇੰਦਗੀ ਕਰਦੇ ਹੋਏ, ਐਰਿਕ ਬੈਕਸਟਰ ਨੇ ਟਵਿੱਟਰ 'ਤੇ ਕਿਹਾ, "ਅੱਜ ਦਾ ਫ਼ੈਸਲਾ ਇਹਨਾਂ ਸਿੱਖ ਰੰਗਰੂਟਾਂ ਦੀ ਇੱਕ ਵੱਡੀ ਜਿੱਤ ਹੈ, ਜਿਹੜੇ ਆਪਣੇ ਧਾਰਮਿਕ ਚਿੰਨ੍ਹਾਂ ਅਤੇ ਮਰਿਆਦਾਵਾਂ ਦਾ ਤਿਆਗ ਕੀਤੇ ਬਿਨਾਂ ਮੁਢਲੀ ਸਿਖਲਾਈ ਸ਼ੁਰੂ ਕਰ ਸਕਣਗੇ। ਇਹ ਸਾਡੇ ਦੇਸ਼ ਲਈ ਵੀ ਇੱਕ ਜਿੱਤ ਹੈ, ਕਿਉਂਕਿ ਤਿੰਨ ਬਹਾਦਰ ਅਤੇ ਸਮਰਪਿਤ ਵਿਅਕਤੀ ਛੇਤੀ ਹੀ ਮਰੀਨ ਕੋਰ ਵਿੱਚ ਸ਼ਾਮਲ ਹੋ ਕੇ ਬਹਾਦਰੀ ਨਾਲ ਸਾਡੇ ਦੇਸ਼ ਦੀ ਸੇਵਾ ਕਰਨਗੇ।"
ਸਿੱਖ ਧਰਮ ਦਾ ਪਾਲਣ ਕਰਨ ਵਾਲੇ ਪੁਰਸ਼ ਪੱਗ ਬੰਨ੍ਹਦੇ ਹਨ, ਅਤੇ ਆਪਣੀ ਦਾੜ੍ਹੀ ਨਹੀਂ ਕੱਟਦੇ। ਸਿਰ ਦੇ ਕੇਸ, ਲੱਕੜੀ ਦਾ ਕੰਘਾ, ਕਿਰਪਾਨ, ਕੜਾ, ਅਤੇ ਕਛਹਿਰਾ ਸਿੱਖਾਂ ਦੇ ਧਾਰਮਿਕ ਚਿੰਨ੍ਹ ਹਨ ਜਿਨ੍ਹਾਂ ਨੂੰ 5 ਕਕਾਰਾਂ ਵਜੋਂ ਸਤਿਕਾਰਿਆ ਜਾਂਦਾ ਹੈ।
ਦੁਨੀਆ ਭਰ ਦੇ ਮੁਲਕਾਂ ਵਿੱਚ ਵਿੱਚ ਸਿੱਖਾਂ ਫ਼ੌਜਾਂ ਵਿੱਚ ਸੇਵਾ ਨਿਭਾ ਚੁੱਕੇ ਹਨ, ਅਤੇ ਮੌਜੂਦਾ ਸਮੇਂ ਵੀ ਵੱਖੋ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਦੁਨੀਆ ਦੇ ਇਤਿਹਾਸਕ ਹਵਾਲਿਆਂ 'ਚ ਦਰਜ ਹੈ, ਅਤੇ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਸਨਮਾਨ ਨਾਲ ਧਾਰਨ ਕਰਦੇ ਹੋਏ ਉਹ ਬੇਹੱਦ ਸ਼ਲਾਘਾਯੋਗ ਕਾਰਗ਼ੁਜ਼ਾਰੀ ਦਾ ਪ੍ਰਦਰਸ਼ਨ ਕਰਦੇ ਆਏ ਹਨ।