
Russia-Ukraine War: ਕਿਹਾ, ਟਰੰਪ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੁਤਿਨ, ਨਹੀਂ ਹੋਣਗੇ ਸਫ਼ਲ
ਯੂਕਰੇਨ ਤੋਂ ਬਿਨਾਂ ਯੂਕਰੇਨ ਬਾਰੇ ਗੱਲ ਕਰਨਾ ਚਾਹੁੰਦੇ ਨੇ ਪੁਤਿਨ : ਜ਼ੇਲੇਨਸਕੀ
ਯੂਕਰੇਨ ਨੇ ਦੋਸ਼ ਲਾਇਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਯੂਕਰੇਨ ਜਾਂ ਯੂਰਪ ਤੋਂ ਇਨਪੁਟ ਤੋਂ ਬਿਨਾਂ ਆਪਣੀਆਂ ਸ਼ਰਤਾਂ ’ਤੇ ਸ਼ਾਂਤੀ ਸਮਝੌਤੇ ਨੂੰ ਸੁਰੱਖਿਅਤ ਕਰਨ ਲਈ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਸਫ਼ਲ ਨਹੀਂ ਹੋਣਗੇ।
ਇਕ ਰਿਪੋਰਟ ਮੁਤਾਬਕ, ਕੀਵ ’ਚ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਏਂਡਰੀ ਯਰਮਕ ਨੇ ਕਿਹਾ, ‘‘ਉਹ (ਪੁਤਿਨ) ਯੂਰਪ ਤੋਂ ਬਿਨਾਂ ਯੂਰਪ ਦੀ ਕਿਸਮਤ ਦਾ ਫ਼ੈਸਲਾ ਕਰਨਾ ਚਾਹੁੰਦੇ ਹਨ ਅਤੇ ਉਹ ਯੂਕਰੇਨ ਤੋਂ ਬਿਨਾਂ ਯੂਕਰੇਨ ਬਾਰੇ ਗੱਲ ਕਰਨਾ ਚਾਹੁੰਦੇ ਹਨ।’’ ਉਨ੍ਹਾਂ ਰੂਸ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ’ਚ ਅਮਰੀਕਾ ਨਾਲ ਸਿੱਧੀ ਗੱਲਬਾਤ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਚਿਤਾਵਨੀ ਦਿਤੀ। ਇਸ ਤੋਂ ਬਾਅਦ, ਸੁਰੱਖਿਆ ਮੁਖੀਆਂ ਦੀ ਇਕ ਬ੍ਰੀਫ਼ਿੰਗ ਵਿਚ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ‘‘ਜੰਗ ਜਾਰੀ ਰੱਖਣ ਅਤੇ ਵਿਸ਼ਵ ਨੇਤਾਵਾਂ ਨੂੰ ਅਪਣੇ ਪ੍ਰਭਾਵ ਹੇਠ ਲਿਆਉਣ ਲਈ ਪੁਤਿਨ ਦੀ ਤਿਆਰੀ’’ ਬਾਰੇ ਚਿਤਾਵਨੀ ਦਿਤੀ।
ਜ਼ੇਲੇਨਸਕੀ ਨੇ ਅਪਣੇ ਨਿਯਮਤ ਸ਼ਾਮ ਦੇ ਸੋਸ਼ਲ ਮੀਡੀਆ ਸੰਬੋਧਨ ਦੌਰਾਨ ਕਿਹਾ, ‘‘ਉਹ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੀ ਸ਼ਾਂਤੀ ਪ੍ਰਾਪਤ ਕਰਨ ਦੀ ਇੱਛਾ ਨੂੰ ਅਪਣੇ ਪ੍ਰਭਾਵ ਹੇਠ ਲੈਣਾ ਚਾਹੁੰਦੇ ਹਨ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ‘‘ਕੋਈ ਹੋਰ ਰੂਸੀ ਪ੍ਰਭਾਵ ਸਫਲ ਨਹੀਂ ਹੋਵੇਗਾ।’’
ਦਸਣਯੋਗ ਹੈ ਕਿ ਪੁਤਿਨ ਵਲੋਂ ਸ਼ੁਕਰਵਾਰ ਨੂੰ ਟਰੰਪ ਨਾਲ ਯੂਕਰੇਨ ਦੇ ਹਮਲੇ ਨੂੰ ਖ਼ਤਮ ਕਰਨ ’ਤੇ ਚਰਚਾ ਕਰਨ ਦੀ ਇੱਛਾ ਦੇ ਸੰਕੇਤ ਤੋਂ ਬਾਅਦ, ਕੀਵ ਨੇ ਇਹ ਬਿਆਨ ਜਾਰੀ ਕੀਤਾ। ਪੁਤਿਨ ਨੇ ਜੋ ਬਾਈਡੇਨ ਵਿਰੁਧ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਬਾਰੇ ਟਰੰਪ ਦੇ ਬੇਬੁਨਿਆਦ ਦਾਅਵੇ ਦਾ ਸਮਰਥਨ ਕੀਤਾ। ਟਰੰਪ ਨੂੰ ‘ਸਮਾਰਟ’ ਅਤੇ ‘ਪ੍ਰੈਕਟਿਲ’ ਦੱਸਦੇ ਹੋਏ, ਪੁਤਿਨ ਨੇ ਕਿਹਾ, ‘‘ਮੈਂ ਉਨ੍ਹਾਂ ਨਾਲ ਸਹਿਮਤ ਹਾਂ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ, ਜੇਕਰ 2020 ਵਿਚ ਉਨ੍ਹਾਂ ਤੋਂ ਜਿੱਤ ਖੋਹੀ ਨਾ ਹੁੰਦੀ, ਤਾਂ ਸ਼ਾਇਦ ਯੂਕਰੇਨ ’ਚ 2022 ਵਿਚ ਜੋ ਸੰਕਟ ਪੈਦਾ ਹੋਇਆ ਹੈ, ਉਹ ਨਾ ਹੁੰਦਾ।’’