
ਬੰਗਲਾਦੇਸ਼ ਏਅਰਲਾਈਨ ਦੇ ਜਹਾਜ਼ ਦੀ ਦੁਬਈ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਕਿਉਂਕਿ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ............
ਢਾਕਾ : ਬੰਗਲਾਦੇਸ਼ ਏਅਰਲਾਈਨ ਦੇ ਜਹਾਜ਼ ਦੀ ਦੁਬਈ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਕਿਉਂਕਿ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬੰਗਲਾਦੇਸ਼ੀ ਮੀਡੀਆ ਮੁਤਾਬਕ ਫਲਾਈਟ ਨੰਬਰ ਬੀ.ਜੀ. 147 ਜੋ ਕਿ ਦੁਬਈ ਤੋਂ ਢਾਕਾ ਜਾ ਰਹੀ ਸੀ, ਜਿਸ ਦੀ ਇਸ ਘਟਨਾ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਚਟਗਾਓਂ ਦੇ ਸ਼ਾਹ ਅਮਾਨਤ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਕਰਵਾਈ ਗਈ। ਅਣਅਧਿਕਾਰਤ ਰੀਪੋਰਟ ਮੁਤਾਬਕ ਇਕ ਬੰਦੂਕਧਾਰੀ ਨੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਚਟਗਾਓਂ 'ਚ ਲੈਂਡਿੰਗ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਜਹਾਜ਼ ਨੂੰ ਘੇਰ ਲਿਆ।
ਬੰਗਲਾਦੇਸ਼ ਦੀ ਮੀਡੀਆ ਮੁਤਾਬਕ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਦੋਂ ਜਹਾਜ਼ ਅੰਦਰ ਇਕ ਬੰਦੂਕਧਾਰੀ ਅਤੇ 2 ਕਰੂ ਮੈਂਬਰ ਅਜੇ ਮੌਜੂਦ ਹਨ। ਸੂਤਰਾਂ ਮੁਤਾਬਕ ਇਕ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਮੀਡੀਆ ਰੀਪੋਰਟ ਮੁਤਾਬਕ ਇਹ ਜਹਾਜ਼ ਸਥਾਨਕ ਸਮੇਂ ਅਨੁਸਾਰ ਸ਼ਾਮ 5-15 ਵਜੇ ਚਟਗਾਓਂ ਏਅਰਪੋਰਟ 'ਤੇ ਉਤਰਿਆ ਸੀ। ਸਥਾਨਕ ਮੀਡੀਆ ਦੇ ਹਵਾਲੇ ਤੋਂ ਦਸਿਆ ਜਾ ਰਿਹਾ ਹੈ
ਕਿ ਜਹਾਜ਼ ਵਿਚ ਬੰਗਲਾਦੇਸ਼ ਦੇ ਇਕ ਸੰਸਦ ਮੈਂਬਰ ਸਣੇ ਕਈ ਯਾਤਰੀ ਸਵਾਰ ਸਨ। ਹਾਲਾਂਕਿ ਜਹਾਜ਼ ਵਿਚ ਕੁਲ ਕਿੰਨੇ ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਕੁਝ ਮੀਡੀਆ ਰੀਪੋਰਟ ਵਿਚ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਵਿਚ ਇਕ ਬੰਦੂਕਧਾਰੀ ਦੇ ਸ਼ਾਮਲ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬੰਦੂਕਧਾਰੀ ਨੇ ਬੰਗਲਾਦੇਸ਼ ਦੀ ਪੀ.ਐਮ. ਸ਼ੇਖ ਹਸੀਨਾ ਨਾਲ ਗੱਲ ਕਰਨ ਦੀ ਵੀ ਮੰਗ ਕੀਤੀ ਹੈ। (ਏਜੰਸੀਆਂ)