
ਲੱਛਣ ਦਿਸਣ ਮਗਰੋਂ 48 ਘੰਟਿਆਂ ’ਚ ਹੀ ਹੋ ਜਾਂਦੀ ਹੈ ਮੌਤ
ਕਿਨਸ਼ਾਸਾ: ਉੱਤਰ-ਪਛਮੀ ਕਾਂਗੋ ’ਚ ਇਕ ਅਣਪਛਾਤੀ ਬੀਮਾਰੀ ਨਾਲ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਮੌਜੂਦ ਵਿਸ਼ਵ ਸਿਹਤ ਸੰਗਠਨ (ਡਬਲਊ.ਐਚ.ਓ.) ਦੇ ਡਾਕਟਰਾਂ ਅਤੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਖੇਤਰੀ ਨਿਗਰਾਨੀ ਕੇਂਦਰ ਬਿਕੋਰੋ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਸਰਜ ਨਗਾਲੇਬਟੋ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿਚ ਲੱਛਣਾਂ ਦੀ ਸ਼ੁਰੂਆਤ ਅਤੇ ਮੌਤ ਵਿਚਾਲੇ ਸਿਰਫ 48 ਘੰਟਿਆਂ ਦਾ ਫ਼ਰਕ ਹੁੰਦਾ ਹੈ, ਜੋ ਸੱਚਮੁੱਚ ਚਿੰਤਾਜਨਕ ਹੈ।
ਕਾਂਗੋ ਲੋਕਤੰਤਰੀ ਗਣਰਾਜ ਵਿਚ ਇਹ ਪ੍ਰਕੋਪ 21 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਹੁਣ ਤਕ 419 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 53 ਮੌਤਾਂ ਵੀ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ ਦੇ ਅਫਰੀਕਾ ਦਫਤਰ ਅਨੁਸਾਰ, ਬੋਲੋਕੋ ਸ਼ਹਿਰ ’ਚ ਬਿਮਾਰੀ ਦਾ ਪਹਿਲਾ ਪ੍ਰਕੋਪ ਉਦੋਂ ਸ਼ੁਰੂ ਹੋਇਆ ਜਦੋਂ ਤਿੰਨ ਬੱਚਿਆਂ ਨੇ ਚਮਗਿੱਦੜ ਦਾ ਮਾਸ ਖਾਧਾ ਅਤੇ ਹੈਮੋਰੇਜਿਕ ਬੁਖਾਰ ਦੇ ਲੱਛਣਾਂ ਤੋਂ ਬਾਅਦ 48 ਘੰਟਿਆਂ ਦੇ ਅੰਦਰ ਉਨ੍ਹਾਂ ਦੀ ਮੌਤ ਹੋ ਗਈ। ਲੰਮੇ ਸਮੇਂ ਤੋਂ ਇਹ ਚਿੰਤਾ ਰਹੀ ਹੈ ਕਿ ਜਿੱਥੇ ਲੋਕ ਜੰਗਲੀ ਜਾਨਵਰਾਂ ਦਾ ਮਾਸ ਖਾਂਦੇ ਹਨ ਉਥੇ ਬਿਮਾਰੀਆਂ ਜਾਨਵਰਾਂ ਤੋਂ ਮਨੁੱਖਾਂ ’ਚ ਫੈਲ ਸਕਦੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ 2022 ’ਚ ਕਿਹਾ ਸੀ ਕਿ ਪਿਛਲੇ ਇਕ ਦਹਾਕੇ ’ਚ ਅਫਰੀਕਾ ’ਚ ਅਜਿਹੇ ਪ੍ਰਕੋਪਾਂ ਦੀ ਗਿਣਤੀ ’ਚ 60 ਫੀ ਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ 9 ਫ਼ਰਵਰੀ ਨੂੰ ਬੋਮੇਟੇ ਸ਼ਹਿਰ ਵਿਚ ਮੌਜੂਦਾ ਰਹੱਸਮਈ ਬਿਮਾਰੀ ਦਾ ਦੂਜਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿਚ ਨੈਸ਼ਨਲ ਇੰਸਟੀਚਿਊਟ ਫਾਰ ਬਾਇਓਮੈਡੀਕਲ ਰੀਸਰਚ ਨੂੰ 13 ਮਾਮਲਿਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਬੋਲਾ ਜਾਂ ਮਾਰਬਰਗ ਵਰਗੀਆਂ ਹੋਰ ਆਮ ਹੈਮੋਰੇਜਿਕ ਬੁਖਾਰ ਦੀਆਂ ਬਿਮਾਰੀਆਂ ਲਈ ਨਮੂਨਿਆਂ ਦੀ ਜਾਂਚ ਦੇ ਨਕਾਰਾਤਮਕ ਨਤੀਜੇ ਮਿਲੇ ਹਨ। ਕੁੱਝ ਦੇ ਮਲੇਰੀਆ ਲਈ ਸਕਾਰਾਤਮਕ ਨਤੀਜੇ ਸਨ। ਪਿਛਲੇ ਸਾਲ ਕਾਂਗੋ ਦੇ ਇਕ ਹੋਰ ਹਿੱਸੇ ਵਿਚ ਇਕ ਰਹੱਸਮਈ ਫਲੂ ਵਰਗੀ ਬਿਮਾਰੀ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਸੀ। ਇਹ ਮਲੇਰੀਆ ਵਰਗੀ ਬਿਮਾਰੀ ਸੀ।