
ਭੂਚਾਲ ਐਤਵਾਰ ਸਵੇਰੇ ਕਰੀਬ 6:20 ਵਜੇ ਆਇਆ
ਪੋਰਟ ਮੋਰਸਬੀ: ਪਾਪੂਆ ਨਿਊ ਗਿਨੀ ਦੇ ਪੱਛਮ ’ਚ ਇਕ ਦੂਰ-ਦੁਰਾਡੇ ਇਲਾਕੇ ’ਚ 6.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ’ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 1,000 ਘਰਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ।
ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਦਸਿਆ ਕਿ ਭੂਚਾਲ ਐਤਵਾਰ ਸਵੇਰੇ ਕਰੀਬ 6:20 ਵਜੇ ਰਾਜਧਾਨੀ ਪੋਰਟ ਮੋਰਸਬੀ ਤੋਂ ਕਰੀਬ 756 ਕਿਲੋਮੀਟਰ ਦੂਰ ਅੰਪੁੰਟੀ ਸ਼ਹਿਰ ਦੇ ਨੇੜੇ ਪੂਰਬੀ ਸੇਪਿਕ ਖੇਤਰ ’ਚ ਆਇਆ।
ਪੂਰਬੀ ਸੇਪੇਕ ਸੂਬੇ ਦੇ ਗਵਰਨਰ ਐਲਨ ਬਰਡ ਨੇ ਐਤਵਾਰ ਨੂੰ ਫੇਸਬੁੱਕ ’ਤੇ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਤੋਂ ਪਤਾ ਲਗਦਾ ਹੈ ਕਿ ਇਲਾਕੇ ’ਚ 1,000 ਘਰ ਤਬਾਹ ਹੋ ਗਏ ਹਨ। ਇਹ ਖੇਤਰ ਮਾਰਚ ਦੀ ਸ਼ੁਰੂਆਤ ਤੋਂ ਹੀ ਵਿਆਪਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਭੂਚਾਲ ਦੇ ਸਮੇਂ ਹੜ੍ਹ ਨਾਲ ਨਜਿੱਠਣ ਵਾਲੀਆਂ ਸਥਾਨਕ ਐਮਰਜੈਂਸੀ ਟੀਮਾਂ ਇਲਾਕੇ ’ਚ ਸਰਗਰਮ ਸਨ।