
ਕਿਹਾ, ਬੁਸ਼ਰਾ ਬੀਬੀ ਦੀ ਸਿਹਤ ਵਿਗੜਦੀ ਜਾ ਰਹੀ ਹੈ
Pakistan News: ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਬੁਲਾਰੇ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਫਤਾਰ ਖਾਣੇ 'ਚ 'ਟਾਇਲਟ ਕਲੀਨਰ' ਦੀਆਂ ਦੋ ਤੋਂ ਤਿੰਨ ਬੂੰਦਾਂ ਮਿਲਾਈਆਂ ਗਈਆਂ ਸਨ। ਉਨ੍ਹਾਂ ਦਾਅਵਾ ਕੀਤਾ ਕਿ 24 ਫਰਵਰੀ ਨੂੰ ਸ਼ਬ-ਏ-ਬਰਾਤ ਦੌਰਾਨ ਪਰੋਸੇ ਜਾਣ ਵਾਲੇ ਖਾਣੇ ਵਿਚ ਕਥਿਤ ਤੌਰ ’ਤੇ ਕਲੀਨਰ ਮਿਲਾਇਆ ਗਿਆ ਸੀ।
ਜੀਓ ਨਿਊਜ਼ ਨੇ ਬੁਸ਼ਰਾ ਬੀਬੀ ਦੇ ਬੁਲਾਰੇ ਮਸ਼ਾਲ ਯੂਸਫ਼ਜ਼ਈ ਦੇ ਹਵਾਲੇ ਨਾਲ ਕਿਹਾ, "ਸਾਨੂੰ ਪਤਾ ਲੱਗਿਆ ਹੈ ਕਿ ਬੁਸ਼ਰਾ ਬੀਬੀ ਦੇ ਇਫ਼ਤਾਰ ਖਾਣੇ ਵਿਚ 'ਟਾਇਲਟ ਕਲੀਨਰ' ਦੀਆਂ ਦੋ ਤੋਂ ਤਿੰਨ ਬੂੰਦਾਂ ਮਿਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਬੁਸ਼ਰਾ ਦੀ ਸਿਹਤ ਵਿਗੜਦੀ ਜਾ ਰਹੀ ਹੈ”।
ਬੁਲਾਰੇ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਸਮੇਤ ਕੋਈ ਸਿਹਤ ਸਮੱਸਿਆ ਨਹੀਂ ਸੀ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ, ''ਬੁਸ਼ਰਾ ਬੀਬੀ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਸਿਹਤ ਵਿਗੜ ਰਹੀ ਹੈ, ਉਸ ਨੂੰ ਕੁੱਝ ਹੋ ਗਿਆ ਹੈ।'' ਬੁਸ਼ਰਾ ਅਤੇ ਇਮਰਾਨ ਖਾਨ ਦੇ ਵਿਆਹ ਨੂੰ ਫਰਵਰੀ 'ਚ 'ਗੈਰ-ਇਸਲਾਮਿਕ ਵਿਆਹ' ਕਰਾਰ ਦਿਤਾ ਗਿਆ ਸੀ ਅਤੇ ਦੋ ਵੱਖ-ਵੱਖ ਮਾਮਲਿਆਂ 'ਚ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਉਸ ਨੂੰ ਗਾਲਾ ਸਥਿਤ ਅਪਣੇ ਘਰ 'ਚ ਬੰਦ ਕਰ ਦਿਤਾ ਗਿਆ ਹੈ।
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਸਲਾਹਕਾਰ ਯੂਸਫਜ਼ਈ ਨੇ ਸਵਾਲ ਕੀਤਾ ਕਿ ਜਦੋਂ ਅਦਾਲਤ ਤਿੰਨ ਹਫ਼ਤਿਆਂ ਤੋਂ ਬੁਸ਼ਰਾ ਦੀ ਮੈਡੀਕਲ ਜਾਂਚ ਕਰਵਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਰਹੀ ਸੀ ਤਾਂ ਅਜਿਹਾ ਕਿਉਂ ਨਹੀਂ ਕੀਤਾ । ਉਨ੍ਹਾਂ ਇਲਜ਼ਾਮ ਲਾਇਆ ਕਿ ਬੁਸ਼ਰਾ ਬੀਬੀ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਇਮਰਾਨ ਖਾਨ ਦੀ ਪਤਨੀ ਹੈ।
(For more Punjabi news apart from Drops of toilet cleaner mixed in Imran Khan's wife Bushra Bibi's food: spokesperson, stay tuned to Rozana Spokesman)