
ਯੂ.ਕੇ. ਦੇ 378,932 ਲੋਕਾਂ ’ਤੇ ਕੀਤਾ ਗਿਆ ਸਰਵੇਖਣ
ਲੰਡਨ: ਯੂ.ਸੀ.ਐਲ. ਦੇ ਅਕਾਦਮਿਕਾਂ ਅਤੇ ਉਰੂਗੁਏ ਦੀ ਯੂਨੀਵਰਸਿਟੀ ਆਫ਼ ਦ ਰੀਪਬਲਿਕ ਵਲੋਂ ਕੀਤੀ ਇਕ ਖੋਜ ’ਚ ਸਾਹਮਣੇ ਆਇਆ ਹੈ ਕਿ ਨਿਯਮਤ ਤੌਰ ’ਤੇ ਦਿਨ ਸਮੇਂ ਥੋੜ੍ਹੀ ਦੇਰ ਤਕ ਸੌਣ ਨਾਲ ਬਜ਼ੁਰਗ ਉਮਰ ’ਚ ਦਿਮਾਗ਼ ਦੇ ਸੁੰਗੜਨ ਦੀ ਗਤੀ ਹੌਲੀ ਹੋ ਜਾਂਦੀ ਹੈ।
‘ਜਰਨਲ ਸਲੀਪ ਹੈਲਥ’ ਨਾਮਕ ਰਸਾਲੇ ’ਚ ਛਪੀ ਇਸ ਖੋਜ ’ਚ 40 ਤੋਂ 69 ਵਰ੍ਹਿਆਂ ਦੀ ਉਮਰ ਦੇ ਲੋਕਾਂ ’ਤੇ ਸਰਵੇਖਣ ਕੀਤਾ ਗਿਆ ਜਿਸ ’ਚ ਸਾਹਮਣੇ ਆਇਆ ਕਿ ਨਿਯਮਤ ਤੌਰ ’ਤੇ ਦਿਨ ਸਮੇਂ ਸੌਣ ਅਤੇ ਬੁੱਢੇ ਹੋਣ ਸਮੇਂ ਦਿਮਾਗ਼ ਦੇ ਆਕਾਰ ’ਚ ਸਿੱਧਾ ਸਬੰਧ ਹੈ। ਬਜ਼ੁਰਗ ਉਮਰ ’ਚ ਦਿਮਾਗ਼ ਦਾ ਆਕਾਰ ਵੱਡਾ ਹੋਣਾ ਭੁੱਲਣ ਦੀ ਬੀਮਾਰੀ ਅਤੇ ਹੋਰ ਮਨੋਰੋਗਾਂ ਤੋਂ ਬਚਾਅ ਦਾ ਸੰਕੇਤ ਹੈ।
ਰੀਪੋਰਟ ਦੀ ਸੀਨੀਅਰ ਲੇਖਕ ਡਾ. ਵਿਕਟੋਰੀਆ ਗਾਰਫ਼ੀਲਡ ਨੇ ਕਿਹਾ, ‘‘ਸਾਡੀ ਖੋਜ ਕਹਿੰਦੀ ਹੈ ਕਿ ਕੁਝ ਲੋਕਾਂ ਲਈ ਬੁੱਢੀ ਉਮਰ ’ਚ ਦਿਮਾਗ਼ ਦੀ ਸਿਹਤ ਚੰਗੀ ਰਹਿਣ ਦਾ ਕਾਰਨ ਨਿਯਮਤ ਦਿਨ ਸਮੇਂ ਥੋੜ੍ਹੀ ਦੇਰ ਸੌਣਾ ਹੋ ਸਕਦਾ ਹੈ।’’
ਇਸ ਪਹਿਲਾਂ ਕੀਤੀਆਂ ਗਈਆਂ ਖੋਜਾਂ ’ਚ ਵੀ ਵੇਖਣ ਨੂੰ ਮਿਲਿਆ ਹੈ ਕਿ ਦਿਨ ਸਮੇਂ ਥੋੜ੍ਹੀ ਦੇਰ ਸੌਂ ਲੈਣ ਵਾਲੇ ਵਿਅਕਤੀਆਂ ਨੇ ਗਿਆਨਾਤਮਕ ਕਾਰਜਾਂ ’ਚ ਬਿਹਤਰ ਪ੍ਰਦਰਸ਼ਨ ਕੀਤਾ।
ਇਸ ਖੋਜ ਲਈ ਯੂ.ਕੇ. ਦੇ 378,932 ਲੋਕਾਂ ’ਤੇ ਸਰਵੇਖਣ ਕੀਤਾ ਗਿਆ ਸੀ, ਜਿਸ ’ਚ ਸਾਹਮਣੇ ਆਇਆ ਹੈ ਕਿ ਜੋ ਲੋਕ ਦਿਨ ਸਮੇਂ ਥੋੜ੍ਹੀ ਦੇਰ ਸੌਂ ਲੈਂਦੇ ਹਨ ਉਨ੍ਹਾਂ ਦੇ ਦਿਮਾਗ਼ ਦਾ ਆਕਾਰ ਹੋਰਾਂ ਨਾਲ ਥੋੜ੍ਹਾ ਵੱਡਾ ਰਹਿੰਦਾ ਹੈ।