
ਅੱਧੇ ਮਿਲੀਅਨ ਲੋਕਾਂ ਦੇ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਹੋਈ ਠੱਪ
ਟੋਰਾਂਟੋ: ਕੈਨੇਡਾ ’ਚ ਚੱਕਰਵਾਤ ‘ਫਿਓਨਾ’ ਨੇ ਤਬਾਹੀ ਮਚਾਈ ਹੋਈ ਹੈ। ਜਿਸ ਕਾਰਨ ਅੱਧੇ ਮਿਲੀਅਨ ਲੋਕਾਂ ਦੇ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੂਫ਼ਾਨ ਤੋਂ ਪ੍ਰਭਾਵਿਤ ਪੂਰਬੀ ਖੇਤਰ ਦੀ ਰਿਕਵਰੀ ਵਿਚ ਸਹਾਇਤਾ ਲਈ ਹਥਿਆਰਬੰਦ ਬਲਾਂ ਨੂੰ ਤਾਇਨਾਤ ਕਰੇਗੀ।
ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਪੰਜ ਪ੍ਰਭਾਵਿਤ ਸੂਬਿਆਂ ਦੇ ਮੁਖੀਆਂ ਨਾਲ ਗੱਲ ਕੀਤੀ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਲਈ ਜਾਪਾਨ ਦਾ ਦੌਰਾ ਰੱਦ ਕਰ ਦਿੱਤਾ ਹੈ ਅਤੇ ਲੋੜ ਪੈਣ 'ਤੇ ਉਹ ਪ੍ਰਭਾਵਿਤ ਭਾਈਚਾਰਿਆਂ ਦਾ ਦੌਰਾ ਕਰਨਗੇ।
ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਫ਼ੌਜੀ ਦਰੱਖਤ ਅਤੇ ਮਲਬਾ ਹਟਾਉਣ, ਆਵਾਜਾਈ ਲਿੰਕ ਬਹਾਲ ਕਰਨ ਅਤੇ ਹੋਰ ਜੋ ਵੀ ਲੋੜੀਂਦਾ ਹੈ, ਵਿਚ ਮਦਦ ਕਰਨਗੇ। ਕੈਨੇਡਾ ਦੇ ਵਾਤਾਵਰਣ ਮੰਤਰਾਲੇ ਨੇ ਕਿਹਾ ਕਿ ਸਭ ਤੋਂ ਵੱਧ ਹਵਾ ਦੀ ਗਤੀ 179 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ ਅਤੇ ਕੁਝ ਥਾਵਾਂ 'ਤੇ ਬਰਸਾਤ 100 ਮਿਲੀਮੀਟਰ ਤੋਂ ਵੱਧ ਗਈ ਹੈ।