ਚੀਨ ਨੇ ਭਾਰਤੀ ਔਰਤ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ
ਬੀਜਿੰਗ: ਚੀਨ ਨੇ ਇਕ ਵਾਰੀ ਫਿਰ ਅਰੁਣਾਚਲ ਪ੍ਰਦੇਸ਼ ਨੂੰ ਅਪਣਾ ਹਿੱਸਾ ਦਸਿਆ ਹੈ। ਮੰਗਲਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਨੇ ਦਾਅਵਾ ਕੀਤਾ ਕਿ ਅਰੁਣਾਚਲ ਪ੍ਰਦੇਸ਼ ਉਤੇ ਚੀਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ, ‘‘ਜ਼ਾਂਗਨਾਨ (ਚੀਨ ਦੀ ਭਾਸ਼ਾ ਵਿਚ ਅਰੁਣਾਚਲ ਪ੍ਰਦੇਸ਼ ਦਾ ਨਾਂ) ਚੀਨ ਦਾ ਇਲਾਕਾ ਹੈ। ਚੀਨ ਨੇ ਕਦੇ ਕਥਿਤ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿਤੀ ਜਿਸ ਉਤੇ ਭਾਰਤ ਨੇ ਗ਼ੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ।’’
ਇਹ ਦਾਅਵਾ ਉਨ੍ਹਾਂ ਇਕ ਭਾਰਤੀ ਔਰਤ ਵਲੋਂ ਸ਼ੰਘਾਈ ਹਵਾਈ ਅੱਡੇ ਹਿਰਾਸਤ ਵਿਚ ਰੱਖੇ ਜਾਣ ਦੇ ਦੋਸ਼ਾਂ ਦੇ ਸਵਾਲ ਉਤੇ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਅਰੁਣਾਚਲ ਪ੍ਰਦੇਸ਼ ਦੀ ਇਕ ਭਾਰਤੀ ਔਰਤ ਨੂੰ ਸ਼ੰਘਾਈ ਹਵਾਈ ਅੱਡੇ ਉਤੇ ਤੰਗ-ਪ੍ਰੇਸ਼ਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚੀਨ ਦੇ ਅਧਿਕਾਰੀਆਂ ਵਲੋਂ ਕੀਤੀ ਕਾਰਵਾਈ ਕਾਨੂੰਨ ਅਤੇ ਨਿਯਮਾਂ ਹੇਠ ਹੀ ਸੀ। ਨਿੰਗ ਨੇ ਇਹ ਵੀ ਕਿਹਾ ਕਿ ਔਰਤ ਵਲੋਂ ਲਾਏ ਦੋਸ਼ ਅਨੁਸਾਰ ਉਸ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਸ ਨੂੰ ਏਅਰਲਾਈਨ ਨੇ ਆਰਾਮ ਕਰਨ ਅਤੇ ਖਾਣ-ਪੀਣ ਲਈ ਥਾਂ ਵੀ ਮੁਹਈਆ ਕਰਵਾਈ ਸੀ।
ਜ਼ਿਕਰਯੋਗ ਹੈ ਕਿ ਚੀਨ ਨੇ ਕਦੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਸੂਬੇ ਵਜੋਂ ਮਾਨਤਾ ਨਹੀਂ ਦਿਤੀ ਹੈ। ਉਹ ਅਰੁਣਾਚਲ ਨੂੰ ਦਖਣੀ ਤਿੱਬਤ ਦਾ ਹਿੱਸਾ ਦਸਦਾ ਹੈ। ਉਸ ਦਾ ਦੋਸ਼ ਹੈ ਕਿ ਭਾਰਤ ਨੇ ਉਸ ਦੇ ਦੇਸ਼ ਦੇ ਹਿੱਸੇ ਉਤੇ ਕਬਜ਼ਾ ਕਰ ਕੇ ਉਸ ਨੂੰ ਅਰੁਣਾਚਲ ਪ੍ਰਦੇਸ਼ ਬਣਾ ਦਿਤਾ।
ਮੁੱਖ ਮੰਤਰੀ ਖਾਂਡੂ ਨੇ ਸ਼ੰਘਾਈ ਹਵਾਈ ਅੱਡੇ ਉਤੇ ਅਰੁਣਾਚਲੀ ਔਰਤ ਨੂੰ ਰੋਕੇ ਜਾਣ ਦੀ ਨਿੰਦਾ ਕੀਤੀ
ਈਟਾਨਗਰ: ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਸੂਬੇ ਦੀ ਇਕ ਔਰਤ ਨੂੰ ਸ਼ੰਘਾਈ ਪੁਡੋਂਗ ਹਵਾਈ ਅੱਡੇ ਉਤੇ ਲਗਭਗ 18 ਘੰਟਿਆਂ ਤਕ ਹਿਰਾਸਤ ’ਚ ਰੱਖਣ ਲਈ ਮੰਗਲਵਾਰ ਨੂੰ ਚੀਨੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਸਖ਼ਤ ਨਿੰਦਾ ਕੀਤੀ।
ਖਾਂਡੂ ਨੇ ਕਿਹਾ ਕਿ ਉਹ ਬਰਤਾਨੀਆਂ ਰਹਿੰਦੀ ਭਾਰਤੀ ਨਾਗਰਿਕ ਪੇਮਾ ਵਾਂਗਜੋਮ ਥੋਂਗਡੋਕ ਨੂੰ ਹੋਈ ਪ੍ਰੇਸ਼ਾਨੀ ਤੋਂ ਬਹੁਤ ਸਦਮੇ ਵਿਚ ਹਨ ਅਤੇ ਦਾਅਵਾ ਕੀਤਾ ਕਿ ਚੀਨੀ ਅਧਿਕਾਰੀਆਂ ਦਾ ਵਿਵਹਾਰ ‘ਅਪਮਾਨ ਅਤੇ ਨਸਲੀ ਮਜ਼ਾਕ’ ਦੇ ਬਰਾਬਰ ਹੈ। ਮੁੱਖ ਮੰਤਰੀ ਨੇ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, ‘‘ਵੈਧ ਭਾਰਤੀ ਪਾਸਪੋਰਟ ਹੋਣ ਦੇ ਬਾਵਜੂਦ ਉਸ ਨਾਲ ਅਜਿਹਾ ਵਿਵਹਾਰ ਕਰਨਾ ਭਿਆਨਕ ਹੈ।’’ ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ, ‘‘ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਰਹੇਗਾ। ਇਸ ਤੋਂ ਇਲਾਵਾ ਕੋਈ ਵੀ ਇਸ਼ਾਰਾ ਬੇਬੁਨਿਆਦ ਅਤੇ ਅਪਮਾਨਜਨਕ ਹੈ।’’
ਖਾਂਡੂ ਨੇ ਇਸ ਘਟਨਾ ਨੂੰ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਅਤੇ ਭਾਰਤੀ ਨਾਗਰਿਕਾਂ ਦੀ ਇੱਜ਼ਤ ਦਾ ਅਪਮਾਨ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਵਿਦੇਸ਼ ਮੰਤਰਾਲਾ ਇਸ ਮਾਮਲੇ ਨੂੰ ਤੁਰਤ ਉਠਾਏਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੇ ਘਟਨਾਵਾਂ ਨੂੰ ਦੁਹਰਾਇਆ ਨਾ ਜਾਵੇ।
ਥੋਂਗਡੋਕ, ਜੋ ਪਛਮੀ ਕਾਮੇਂਗ ਜ਼ਿਲ੍ਹੇ ਦੇ ਰੂਪਾ ਦੀ ਰਹਿਣ ਵਾਲੀ ਹੈ ਅਤੇ ਇਸ ਸਮੇਂ ਬਰਤਾਨੀਆਂ ਵਿਚ ਰਹਿੰਦੀ ਹੈ, 21 ਨਵੰਬਰ ਨੂੰ ਲੰਡਨ ਤੋਂ ਜਾਪਾਨ ਦੀ ਯਾਤਰਾ ਕਰ ਰਹੀ ਸੀ ਜਦੋਂ ਚੀਨ ਵਿਚ ਉਸ ਦਾ ਤਿੰਨ ਘੰਟੇ ਦਾ ਠਹਿਰਾਅ ‘ਲੰਮੇ ਅਤੇ ਦੁਖਦਾਈ ਟਕਰਾਅ ਵਿਚ’ ਬਦਲ ਗਿਆ। ਐਤਵਾਰ ਨੂੰ ‘ਐਕਸ’ ਉਤੇ ਇਕ ਵਿਸਥਾਰਤ ਪੋਸਟ ’ਚ, ਉਸ ਨੇ ਲਿਖਿਆ: ‘‘ਮੈਨੂੰ 21 ਨਵੰਬਰ 2025 ਨੂੰ ਚੀਨ ਇਮੀਗ੍ਰੇਸ਼ਨ ਅਤੇ ਚਾਈਨਾ ਈਸਟਰਨ ਏਅਰਲਾਈਨਜ਼ ਵਲੋਂ ਸ਼ੰਘਾਈ ਹਵਾਈ ਅੱਡੇ ਉਤੇ 18 ਘੰਟਿਆਂ ਤੋਂ ਵੱਧ ਸਮੇਂ ਲਈ ਰੱਖਿਆ ਗਿਆ ਸੀ। ਉਨ੍ਹਾਂ ਨੇ ਮੇਰੇ ਭਾਰਤੀ ਪਾਸਪੋਰਟ ਨੂੰ ਨਾਜਾਇਜ਼ ਕਰਾਰ ਦਿਤਾ ਕਿਉਂਕਿ ਮੇਰਾ ਜਨਮ ਸਥਾਨ ਅਰੁਣਾਚਲ ਪ੍ਰਦੇਸ਼ ਹੈ, ਜਿਸ ਉਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਚੀਨੀ ਖੇਤਰ ਹੈ।’’ ਥੋਂਗਡੋਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇਸ ਘਟਨਾ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਦਾ ਸਿੱਧਾ ਅਪਮਾਨ ਦਸਿਆ ਹੈ।
ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਬੀਜਿੰਗ ਕੋਲ ਜ਼ੋਰਦਾਰ ਢੰਗ ਨਾਲ ਉਠਾਏ, ਜਵਾਬਦੇਹੀ ਦੀ ਮੰਗ ਕਰੇ, ਇਸ ਵਿਚ ਸ਼ਾਮਲ ਲੋਕਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰੇ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮੁਆਵਜ਼ੇ ਲਈ ਜ਼ੋਰ ਦੇਵੇ।
ਭਾਰਤ ਨੇ ਚੀਨ ਕੋਲ ਸਖ਼ਤ ਵਿਰੋਧ ਪ੍ਰਗਟਾਇਆ
ਦਿੱਲੀ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਨੇ ਇਸ ਮਾਮਲੇ ਵਿਚ ਚੀਨ ਨਾਲ ਬੀਜਿੰਗ ਅਤੇ ਦਿੱਲੀ ਵਿਚ ਸਖ਼ਤ ਵਿਰੋਧ ਦਰਜ ਕਰਵਾਇਆ ਸੀ। ਭਾਰਤ ਨੇ ਚੀਨ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਅਰੁਣਾਚਲ ਪ੍ਰਦੇਸ਼ ‘ਬਗੈਰ ਕਿਸੇ ਵਿਵਾਦ ਤੋਂ’ ਭਾਰਤ ਦਾ ਇਲਾਕਾ ਹੈ ਅਤੇ ਇਥੇ ਰਹਿਣ ਵਾਲੇ ਲੋਕ ਭਾਰਤੀ ਪਾਸਪੋਰਟ ਪ੍ਰਾਪਤ ਕਨ ਦੇ ਹੱਕਦਾਰ ਹਨ। ਸ਼ੰਘਾਈ ਵਿਚ ਵੀ ਭਾਰਤੀ ਸਫ਼ਾਰਤਖ਼ਾਨੇ ਨੇ ਸਥਾਨਕ ਪੱਧਰ ਉਤੇ ਮਾਮਲਾ ਚੁਕਿਆ ਅਤੇ ਔਰਤ ਨੂੰ ਪੂਰੀ ਮਦਦ ਮੁਹਈਆ ਕਰਵਾਈ।
