
ਰਾਹਤ ਸਮੱਗਰੀ ਪ੍ਰਾਪਤ ਕਰਨ ਲਈ ਕਤਾਰ ’ਚ ਲੱਗੇ ਹੋਏ ਸਨ ਲੋਕ
ਰਾਫ਼ਾ (ਗਾਜ਼ਾ ਪੱਟੀ): ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਜ਼ਰਾਈਲੀ ਫੌਜਾਂ ’ਤੇ ਮਨੁੱਖੀ ਸਹਾਇਤਾ ਪ੍ਰਾਪਤ ਕਰਨ ਲਈ ਗਾਜ਼ਾ ਪੱਟੀ ’ਚ ਇਕੱਠੇ ਹੋਏ ਫਲਸਤੀਨੀਆਂ ਦੀ ਭੀੜ ’ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਹੈ।
ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਘਟਨਾ ਦੀਆਂ ਰੀਪੋਰਟਾਂ ਦੀ ਜਾਂਚ ਕਰ ਰਹੀ ਹੈ। ਐਸੋਸੀਏਟਿਡ ਪ੍ਰੈਸ ਸੁਤੰਤਰ ਤੌਰ ’ਤੇ ਇਸ ਘਟਨਾ ਦੀ ਪੁਸ਼ਟੀ ਨਹੀਂ ਕਰ ਸਕਿਆ। ਚਸ਼ਮਦੀਦਾਂ ਅਤੇ ਸਿਹਤ ਅਧਿਕਾਰੀਆਂ ਨੇ ਦਸਿਆ ਕਿ ਗੋਲੀਬਾਰੀ ਗਾਜ਼ਾ ਸਿਟੀ ਦੇ ਦੱਖਣ ਵਿਚ ਇਕ ਚੌਂਕ ਵਿਚ ਹੋਈ, ਜਿੱਥੇ ਵੰਡਿਆ ਜਾ ਰਿਹਾ ਭੋਜਨ ਲੈਣ ਲਈ ਭੀੜ ਇਕੱਠੀ ਹੋਈ ਸੀ।
ਆਨਲਾਈਨ ਉਪਲਬਧ ਫੁਟੇਜ ਵਿਚ ਸੈਂਕੜੇ ਲੋਕ ਚੌਂਕ ਨੇੜੇ ਮੁੱਖ ਸੜਕ ’ਤੇ ਗੋਲੀਬਾਰੀ ਦੀ ਆਵਾਜ਼ ਦੇ ਵਿਚਕਾਰ ਭੱਜਦੇ ਵਿਖਾਈ ਦੇ ਰਹੇ ਹਨ ਅਤੇ ਲੋਕ ਹੱਥਾਂ ਵਿਚ ਰਾਹਤ ਸਮੱਗਰੀ ਸੀ। ਜ਼ਖਮੀਆਂ ਦਾ ਸ਼ਿਫਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਗੋਲੀਬਾਰੀ ਵਿਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਮੁਹੰਮਦ ਅਲ-ਰਈਫੀ ਨੇ ਕਿਹਾ, ‘‘ਇਜ਼ਰਾਇਲੀ ਫ਼ੌਜੀਆਂ ਨੇ ਭੀੜ ’ਤੇ ਗੋਲੀਬਾਰੀ ਕੀਤੀ। ਅਸੀਂ ਆਟਾ ਲੈਣ ਜਾ ਰਹੇ ਸੀ।’’
ਉਨ੍ਹਾਂ ਕਿਹਾ ਕਿ ਇਸ ਹਮਲੇ ’ਚ ਕਈ ਨੌਜੁਆਨ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ-ਕਿਦਰਾ ਨੇ ਦਸਿਆ ਕਿ ਗੋਲੀਬਾਰੀ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 150 ਹੋਰ ਜ਼ਖਮੀ ਹੋ ਗਏ। ਗਾਜ਼ਾ ’ਚ ਬਹੁਤ ਸਾਰੀਆਂ ਸਹਾਇਤਾ ਏਜੰਸੀਆਂ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡਦੀਆਂ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲੇ ਦੇ ਸਮੇਂ ਕਿਹੜੀ ਏਜੰਸੀ ਰਾਹਤ ਸਮੱਗਰੀ ਵੰਡ ਰਹੀ ਸੀ।
ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ, ਯੂ.ਐਨ.ਆਰ.ਡਬਲਯੂ.ਏ. ਅਤੇ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਦੋਹਾਂ ਨੇ ਕਿਹਾ ਹੈ ਕਿ ਉਹ ਹਮਲੇ ਦੇ ਸਮੇਂ ਸਹਾਇਤਾ ਸਪਲਾਈ ਨਹੀਂ ਵੰਡ ਰਹੇ ਸਨ।
ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ ਕੀਤਾ ਸੀ, ਜਿਸ ਵਿਚ ਲਗਭਗ 1,200 ਲੋਕ ਮਾਰੇ ਗਏ ਸਨ ਅਤੇ ਲਗਭਗ 250 ਹੋਰਾਂ ਨੂੰ ਬੰਦੀ ਬਣਾ ਲਿਆ ਗਿਆ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਨੂੰ ਖਤਮ ਕਰਨ ਦੇ ਸੰਕਲਪ ਨਾਲ ਗਾਜ਼ਾ ’ਤੇ ਹਮਲਾ ਕੀਤਾ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲ ਦੇ ਹਮਲੇ ’ਚ 25,900 ਤੋਂ ਵੱਧ ਲੋਕ ਮਾਰੇ ਗਏ ਹਨ।