
ਸਨਿੱਚਰਵਾਰ ਦੀ ਰਾਤ ਨੂੰ ਕਮਲ ਖੇੜਾ ਨੂੰ ਜ਼ੁਕਾਮ ਵਰਗੇ ਲੱਛਣ ਵਿਖਾਈ ਦੇਣ ਲੱਗ ਪਏ ਸਨ। ਉਨ੍ਹਾਂ ਤੁਰੰਤ ਖੁਦ ਨੂੰ ਹੋਰ ਸਭਨਾਂ ਨਾਲੋਂ ਵੱਖ (ਆਈਸੋਲੇਟ) ਕਰ ਲਿਆ ਸੀ।
ਕੈਨੇਡਾ - ਕੈਨੇਡਾ ਦੇ ਬਰੈਂਪਟਨ–ਪੱਛਮੀ ਹਲਕੇ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ (MP) ਕਮਲ ਖੇੜਾ ਹੁਣ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ। ਉਨ੍ਹਾਂ ਦਾ ਕੋਰੋਨਾ (ਕੋਵਿਡ–19) ਟੈਸਟ ਪਾਜ਼ਿਟਿਵ ਆਇਆ ਹੈ। ਜ਼ਿਕਰਯੋਗ ਹੈ ਕਿ ਕਮਲ ਖੇੜਾ ਇੱਕ ਰਜਿਸਟਰਡ ਨਰਸ ਵੀ ਹਨ।ਸਨਿੱਚਰਵਾਰ ਦੀ ਰਾਤ ਨੂੰ ਕਮਲ ਖੇੜਾ ਨੂੰ ਜ਼ੁਕਾਮ ਵਰਗੇ ਲੱਛਣ ਵਿਖਾਈ ਦੇਣ ਲੱਗ ਪਏ ਸਨ। ਉਨ੍ਹਾਂ ਤੁਰੰਤ ਖੁਦ ਨੂੰ ਹੋਰ ਸਭਨਾਂ ਨਾਲੋਂ ਵੱਖ (ਆਈਸੋਲੇਟ) ਕਰ ਲਿਆ ਸੀ। ਮੰਗਲਵਾਰ ਨੂੰ ਜਦੋਂ ਉਨ੍ਹਾਂ ਨੇ ਟੈਸਟ ਕਰਵਾਇਆ ਤਾਂ ਉਹਨਾਂ ਦਾ ਕੋਰੋਨਾ ਟੈਸਟ ਪਾਜ਼ਿਟਿਵ ਨਿਕਲਿਆ।
File photo
ਟਵਿਟਰ ਉੱਤੇ ਖੁਦ ਕਮਲ ਖੇੜਾ ਨੇ ਦੱਸਿਆ ਕਿ ਉਨ੍ਹਾਂ ਵਿੱਚ ਲੱਛਣ ਹਾਲੇ ਵੀ ਹਨ ਪਰ ਇਸ ਵੇਲੇ ਉਹ ਚੜ੍ਹਦੀ ਕਲਾ ’ਚ ਹਨ। ‘ਮੈਨੂੰ ਪਤਾ ਹੈ ਕਿ ਬਹੁਤ ਸਾਰੇ ਕੈਨੇਡੀਅਨਾਂ ਦੀ ਹਾਲਤ ਇਸ ਵੇਲੇ ਠੀਕ ਨਹੀਂ ਹੈ।’ਇਸੇ ਮਹੀਨੇ ਪਹਿਲਾਂ ਸ੍ਰੀਮਤੀ ਕਮਲ ਖੇੜਾ ਨੇ ਲਿਖਿਆ ਸੀ ਕਿ ਕੈਨੇਡਾ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਕਾਰਨ ਹੁਣ ਨਰਸਾਂ ਦੀ ਘਾਟ ਪੈਦਾ ਹੋ ਗਈ ਹੈ – ਇਸ ਲਈ ਮੈਂ ਹੁਣ ਖੁਦ ਨੂੰ ਇਕ ਨਰਸ ਵਜੋਂ ਰਜਿਸਟਰਡ ਕਰਵਾ ਰਹੀ ਹਾਂ। ਮੈਨੂੰ ਆਸ ਹੈ ਕਿ ਇਸ ਨਾਲ ਮਰੀਜ਼ਾਂ ਦਾ ਕਤਾਰਾਂ ’ਚ ਖਲੋਣ ਤੇ ਉਡੀਕਣ ਦਾ ਸਮਾਂ ਕੁੱਝ ਘਟੇਗਾ।
Corona Virus
ਕਮਲ ਖੇੜਾ ਨੇ ਕਿਹਾ ਸੀ ਕਿ ਆਪਣੇ ਸਮਾਜ ਨੂੰ ਕੁਝ ਵਾਪਸ ਦੇਣ ਦਾ ਇਹ ਬਹੁਤ ਅਹਿਮ ਸਮਾਂ ਹੈ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਮਲ ਖੇੜਾ ਨੂੰ ਕੋਰੋਨਾ ਦੀ ਲਾਗ ਕਿੱਥੋਂ ਲੱਗੀ ਹੈ। ਉਹ ਸੰਯੁਕਤ ਰਾਸ਼ਟਰ ਦੇ ਵਰਲਡ ਫ਼ੂਡ ਪ੍ਰੋਗਰਾਮ ਦੇ ਮੁਖੀ ਡੇਵਿਡ ਬੀਸਲੀ ਨੂੰ ਬੀਤੀ 12 ਮਾਰਚ ਨੂੰ ਮਿਲੇ ਸਨ ਤੇ ਸ੍ਰੀ ਬੀਸਲੀ ਨੇ ਬੀਤੀ 19 ਮਾਰਚ ਨੂੰ ਦੱਸਿਆ ਸੀ ਕਿ ਉਹ ਕੋਰੋਨਾ–ਪਾਜ਼ਿਟਿਵ ਹਨ।
File photo
ਕਮਲ ਖੇੜਾ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਖ਼ਬਰ ਮਿਲਦਿਆਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਤੇ ਹੋਰ ਅਨੇਕ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਛੇਤੀ ਹੀ ਸਿਹਤਯਾਬ ਹੋਣ ਦੀਆਂ ਦੁਆਵਾਂ ਦਿੱਤੀਆਂ।
File Photo
ਸ੍ਰੀਮਤੀ ਕਮਲ ਖੇੜਾ ਕੈਨੇਡਾ ਦੇ ਪਹਿਲੇ ਐੱਮਪੀ ਹਨ, ਜਿਨ੍ਹਾਂ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ। ਪਹਿਲਾਂ ਕੈਨੇਡਾ ਦੇ ਵਿਦੇਸ਼ ਮੰਤਰੀ ਫ਼ਰੈਂਕੋਇਸ–ਫ਼ਿਲਿਪ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਵਿੱਚ ਜ਼ੁਕਾਮ ਵਰਗੇ ਲੱਛਣ ਵਿਖਾਈ ਦੇਣ ਲੱਗ ਪਏ ਸਨ ਪਰ ਉਨ੍ਹਾਂ ਦਾ ਟੈਸਟ ਨੈਗੇਟਿਵ ਰਿਹਾ ਸੀ।