
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਸੋਮਵਾਰ ਸਵੇਰੇ ਇਕ ਟੈਲੀਵਿਜ਼ਨ ਚੈਨਲ ਨੂੰ ਲਾਈਵ ਇੰਟਰਵਿਊ ਦੇ ਰਹੀ ਸੀ
ਵੈਲਿੰਗਟਨ. 25 ਮਈ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਸੋਮਵਾਰ ਸਵੇਰੇ ਇਕ ਟੈਲੀਵਿਜ਼ਨ ਚੈਨਲ ਨੂੰ ਲਾਈਵ ਇੰਟਰਵਿਊ ਦੇ ਰਹੀ ਸੀ ਕਿ ਉਦੋਂ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਉਨ੍ਹਾਂ ਨੇ ਇੰਟਰਵਿਊ ਜਾਰੀ ਰੱਖਿਆ। ਆਰਡਰਨ ਨੇ ਇੰਟਰਵਿਊ ਲੈ ਰਹੇ ਰਿਆਨ ਬ੍ਰਿਜ ਨੂੰ ਵਿਚਾਲੇ ਹੀ ਰੋਕ ਕੇ ਦਸਿਆ ਕਿ ਰਾਜਧਾਨੀ ਵੈਲਿੰਗਟਨ ਵਿਚ ਸੰਸਦ ਕੰਪਲੈਕਸ ਵਿਚ ਕੀ ਹੋ ਰਿਹਾ ਹੈ। ਆਰਡਰਨ ਨੇ ਕਿਹਾ ਰਿਆਨ ਇੱਥੇ ਭੂਚਾਲ ਆਇਆ ਹੈ, ਸਾਨੂੰ ਝਟਕਾ ਮਹਿਸੂਸ ਹੋਇਆ ਹੈ। ਉਨ੍ਹਾਂ ਨੇ ਕਮਰੇ ਵਿਚ ਸੱਜੇ-ਖੱਬੇ ਦੇਖਦੇ ਹੋਏ ਕਿਹਾ, ਤੁਸਂ ਮੇਰੇ ਪਿੱਛੇ ਚੀਜ਼ਾਂ ਨੂੰ ਹਿੱਲਦੇ ਹੋਏ ਦੇਖ ਸਕਦੇ ਹੋ।
File photo
ਨਿਊਜ਼ੀਲੈਂਡ ਪ੍ਰਸ਼ਾਂਤ ਮਹਾਸਾਗਰ ਦੇ ‘ਰਿੰਗ ਆਫ਼ ਫ਼ਾਇਰ ਖੇਤਰ ਵਿਚ ਪੈਂਦਾ ਹੈ ਅਤੇ ਇੱਥੇ ਅਕਸਰ ਭੂਚਾਲ ਆਉਣ ਕਾਰਨ ਇਸ ਨੂੰ ਕਈ ਵਾਰ ਅਸਥਿਰ ਟਾਪੂ ਵੀ ਕਿਹਾ ਜਾਂਦਾ ਹੈ। ਅਮਰੀਕੀ ਭੂ-ਗਰਭ ਸਰਵੇਖਣ ਮੁਤਾਬਕ ਸੋਮਵਾਰ ਨੂੰ ਆਏ ਭੂਚਾਲ ਦੀ ਤੀਬਰਤਾ 5.6 ਸੀ ਅਤੇ ਇਸ ਦਾ ਕੇਂਦਰ ਉੱਤਰੀ-ਪੂਰਬ ਵੈਲਿੰਗਟਨ ਤੋਂ 100 ਕਿਲੋਮੀਟਰ ਦੂਰ ਸਮੁੰਦਰ ਦੀ ਡੂੰਘਾਈ ਵਿਚ ਸੀ। ਹਾਲਾਂਕਿ ਜਾਨ-ਮਾਲ ਨੂੰ ਕਿਸੇ ਵੀ ਤਰ੍ਹਾਂ ਦੇ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ। ਆਰਡਰਨ ਨੇ ਇੰਟਰਵਿਊ ਜਾਰੀ ਰੱਖਿਆ ਅਤੇ ਇੰਟਰਵਿਊ ਲੈਣ ਵਾਲੇ ਨੂੰ ਦਸਿਆ ਕਿ ਭੂਚਾਲ ਰੁੱਕ ਗਿਆ ਹੈ। ਉਨ੍ਹਾਂ ਕਿਹਾ ਅਸੀ ਠੀਕ ਹਾਂ ਰਿਆਨ। ਮੇਰੇ ਉੱਤੇ ਲਾਈਟਾਂ ਨੇ ਹਿੱਲਣਾ ਬੰਦ ਕਰ ਦਿਤਾ ਹੈ, ਮੈਨੂੰ ਲੱਗਦਾ ਹੈ ਕਿ ਮੈਂ ਹੁਣ ਇਕ ਠੋਸ ਢਾਂਚੇ ਦੇ ਹੇਠਾਂ ਬੈਠੀ ਹੋਈ ਹਾਂ। (ਪੀਟੀਆਈ)