
ਅਮਰੀਕੀ ਵਿਦੇਸ਼ ਮੰਤਰੀ ਨੇ ਫ਼ੌਜ ਨੂੰ ਨਵੇਂ ਮੋਰਚੇ 'ਤੇ ਭੇਜਣ ਦਾ ਦਿਤਾ ਸੰਕੇਤ
ਵਾਸ਼ਿੰਗਟਨ : ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਰੂਬਰੂ ਕਰਵਾਉਣ ਵਾਲਾ ਚੀਨ ਹੁਣ ਅਪਣੇ ਗੁਆਢੀਆਂ ਖਿਲਾਫ਼ ਨਵੀਆਂ ਨਵੀਆਂ ਚਾਲਾਂ ਚੱਲਣ 'ਚ ਮਸ਼ਰੂਫ਼ ਏ। ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਉਸ ਦੇ ਅਪਣੇ ਜ਼ਿਆਦਾਤਰ ਗੁਆਢੀ ਮੁਲਕਾਂ ਨਾਲ ਸਰਹੱਦੀ ਵਿਵਾਦ ਪਹਿਲਾਂ ਹੀ ਚੱਲ ਰਹੇ ਸਨ। ਹੁਣ ਕਰੋਨਾ ਦੀ ਉਤਪਤੀ ਦੇ ਮਾਮਲੇ 'ਚ ਚੀਨ ਦਾ ਨਾਮ ਆਉਣ ਬਾਅਦ ਦੁਨੀਆਂ ਭਰ ਅੰਦਰ ਉਸ ਦੀ ਆਲੋਚਨਾ ਹੋ ਰਹੀ ਹੈ, ਜਿਸ ਤੋਂ ਧਿਆਨ ਹਟਾਉਣ ਦੇ ਮਕਸਦ ਨਾਲ ਉਸ ਨੇ ਅਪਣੇ ਗੁਆਢੀਆਂ ਨਾਲ ਚੱਲ ਰਹੇ ਸਰਹੱਦੀ ਵਿਵਾਦਾਂ ਨੂੰ ਹਵਾ ਦੇਣੀ ਸ਼ੁਰੂ ਕਰ ਦਿਤੀ ਹੈ।
Mike Pompeo
ਇਸ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ-ਚੀਨ ਸਰਹੱਦ 'ਤੇ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਇਹ ਤਣਾਅ ਖ਼ੂਨੀ ਸੰਘਰਸ਼ ਦਾ ਰੂਪ ਵੀ ਲੈ ਚੁੱਕਾ ਹੈ। ਇਸੇ ਦੌਰਾਨ ਅਮਰੀਕਾ ਤੋਂ ਆਈ ਇਕ ਖ਼ਬਰ ਨੇ ਦੁਨੀਆਂ ਭਰ ਅੰਦਰ ਤਰਥੱਲੀ ਜਿਹੀ ਮਚਾ ਦਿਤੀ ਹੈ। ਇਸ ਦੀ ਵਜ੍ਹਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਉਹ ਬਿਆਨ ਹੈ, ਜਿਸ 'ਚ ਉਨ੍ਹਾਂ ਇਕਸਾਫ਼ ਕੀਤਾ ਹੈ ਕਿ ਅਮਰੀਕਾ ਯੂਰਪ ਤੋਂ ਅਪਣੀਆਂ ਫੌਜਾਂ ਨੂੰ ਘਟਾ ਕੇ ਕਿਤੇ ਹੋਰ ਤਾਇਨਾਤ ਕਰਨ ਜਾ ਰਿਹਾ ਹੈ। ਇਸ ਦੀ ਵਜ੍ਹਾ ਉਨ੍ਹਾਂ ਨੇ ਚੀਨ ਨੂੰ ਦਸਿਆ ਹੈ ਜੋ ਭਾਰਤ ਸਮੇਤ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਦੁਨੀਆਂ ਦੇ ਤੀਜੇ ਵਿਸ਼ਵ ਯੁੱਧ ਵੱਲ ਵੱਧਣ ਸਬੰਧੀ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹਨ।
china
ਪੋਂਪੀਓ ਨੇ ਇਹ ਇਕਸਾਫ਼ ਬਰੱਸਲਜ਼ ਫੋਰਮ ਵਿਚ ਅਪਣੇ ਇਕ ਵਰਚੂਅਲ ਸੰਬੋਧਨ ਦੌਰਾਨ ਪੁੱਛੇ ਸਵਾਲ ਦੇ ਜਵਾਬ 'ਚ ਕੀਤਾ ਹੈ। ਪੋਂਪੀਓ ਦੀ ਇਸ ਟਿੱਪਣੀ ਨੂੰ ਭਾਰਤ-ਚੀਨ ਵਿਚਾਲੇ ਚੱਲ ਰਹੇ ਮੌਜੂਦਾ ਤਣਾਅ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੋਂਪੀਓ ਨੂੰ ਜਦੋਂ ਪੁੱਛਿਆ ਗਿਆ ਕਿ ਅਮਰੀਕਾ ਨੇ ਜਰਮਨੀ ਤੋਂ ਅਪਣੀਆਂ ਫ਼ੌਜਾਂ ਕਿਉਂ ਘਟਾ ਦਿਤੀਆਂ ਹਨ ਤਾਂ ਉਨ੍ਹਾਂ ਦਾ ਜਵਾਬ ਸੀ, ''ਕਿਉਂਕਿ ਉਨ੍ਹਾਂ ਨੂੰ ਕਿਤੇ ਹੋਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਚੀਨ ਨੂੰ ਭਾਰਤ ਤੇ ਦੱਖਣ-ਪੂਰਬੀ ਏਸ਼ੀਆ ਲਈ ਖ਼ਤਰਾ ਦੱਸਿਆ।
Secretary of State Mike Pompeo
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀਆਂ ਕਾਰਵਾਈਆਂ ਕਾਰਨ ਭਾਰਤ, ਵੀਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ ਤੇ ਦੱਖਣੀ ਚੀਨ ਸਾਗਰ ਦੁਆਲੇ ਖ਼ਤਰਾ ਪੈਦਾ ਹੋ ਗਿਆ ਹੈ। ਅਸੀਂ ਇਹ ਯਕੀਨੀ ਕਰਾਂਗੇ ਕਿ ਯੂਐਸ ਦੀ ਫ਼ੌਜ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹੀ ਜਗ੍ਹਾ 'ਤੇ ਤਾਇਨਾਤ ਹੋਵੇ। ਪੋਂਪੀਓ ਨੇ ਕਿਹਾ ਕਿ ਇਹ ਸਿਰਫ ਅਮਰੀਕਾ ਹੀ ਨਹੀਂ ਜੋ ਚੀਨ ਦਾ ਸਾਹਮਣਾ ਕਰ ਰਿਹਾ ਹੈ, ਪੂਰੀ ਦੁਨੀਆਂ ਚੀਨ ਦਾ ਸਾਹਮਣਾ ਕਰ ਰਹੀ ਹੈ। ਪੋਂਪੀਓ ਨੇ ਕਿਹਾ ਕਿ ਮੈਂ ਇਸ ਮਹੀਨੇ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ ਤੇ ਚੀਨ ਦੀ ਕਮਿਊਨਿਸਟ ਪਾਰਟੀ ਬਾਰੇ ਫੀਡਬੈਕ ਲਈ ਹੈ।
China and India Border
ਲੱਦਾਖ ਵਿਚ ਭਾਰਤ ਨਾਲ ਹੋਈ ਖ਼ੂਨੀ ਝੜਪ ਦੌਰਾਨ ਪੀਪਲਜ਼ ਲਿਬਰੇਸ਼ਨ ਆਰਮੀ ਵਲੋਂ ਉਕਸਾਏ ਜਾਣ ਬਾਰੇ ਕਈ ਤੱਥ ਸਾਹਮਣੇ ਆਏ ਹਨ। ਇਸ ਵਿਚ ਦੱਖਣੀ ਚੀਨ ਸਾਗਰ ਵਿਚ ਉਸ ਦੀ ਹਮਲਾਵਰਤਾ ਤੇ ਸ਼ਾਂਤਮਈ ਗੁਆਂਢੀਆਂ ਵਿਰੁਧ ਖ਼ਤਰੇ ਦਾ ਜ਼ਿਕਰ ਹੈ। ਕਰੋਨਾ ਵਾਇਰਸ ਦੀ ਪ੍ਰਕੋਪ ਨਾਲ ਜੂਝ ਰਹੀ ਦੁਨੀਆਂ ਪਹਿਲਾਂ ਹੀ ਚੀਨ ਖਿਲਾਫ਼ ਉਸਲਵੱਟੇ ਲੈ ਰਹੀ ਸੀ, ਉਪਰੋਂ ਚੀਨ ਦੀਆਂ ਵਧਦੀਆਂ ਫ਼ੌਜੀਆਂ ਸਰਗਰਮੀਆਂ ਬਲਦੀ 'ਤੇ ਤੇਲ ਦਾ ਕੰਮ ਕਰ ਰਹੀਆਂ ਹਨ ਜਿਸ ਆਉਂਦੇ ਸਮੇਂ ਦੌਰਾਨ ਵਿਸ਼ਵ ਸ਼ਾਂਤੀ ਲਈ ਵੱਡੇ ਖ਼ਤਰੇ ਵਜੋਂ ਵੇਖਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।