
ਇਸ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਦੇ ਅਖੀਰ ’ਚ ਅਲਬਾਮਾ ’ਚ ਵੀ ਹੋਈ ਸੀ
ਹਿਊਸਟਨ: ਅਮਰੀਕਾ ਦੇ ਟੈਕਸਾਸ ’ਚ ਇਕ ਹਵਾਈ ਜਹਾਜ਼ ਅੱਡੇ ਦੇ ਮੁਲਾਜ਼ਮ ਨੂੰ ਯਾਤਰੀ ਜਹਾਜ਼ ਦੇ ਇੰਜਣ ਨੇ ਅਚਾਨਕ ਅਪਣੇ ਵਲ ਖਿੱਚ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮੁਲਾਜ਼ਮ ਦੀ ਮੌਤ ਸਥਾਨਕ ਸਮੇਂ ਅਨੁਸਾਰ ਰਾਤ ਲਗਭਗ 10:35 ਵਜੇ ਹੋਈ, ਜਦੋਂ ‘ਡੈਲਟਾ ਏਅਰ ਲਾਈਨਜ਼’ ਦਾ ਇਕ ਜਹਾਜ਼ ਲਾਸ ਏਂਜਲਸ ਤੋਂ ਸੈਨ ਐਂਟੋਨਿਓ (ਟੈਕਸਾਸ) ਪਹੁੰਚਿਆ ਹੀ ਸੀ। ਜਹਾਜ਼ ਇਕ ਇੰਜਣ ਨਾਲ ਚਲ ਰਿਹਾ ਸੀ ਅਤੇ ਗੇਟ ਵਲ ਵਧ ਰਿਹਾ ਸੀ ਜਦੋਂ ਮੁਲਾਜ਼ਮ ਉਸ ਦੀ ਮਾਰ ’ਚ ਆ ਗਿਆ। ਰਾਸ਼ਟਰੀ ਆਵਾਜਾਈ ਸੁਰਖਿਆ ਬੋਰਡ (ਐਨ.ਟੀ.ਐਸ.ਬੀ.) ਅਨੁਸਾਰ ਸ਼ੁਕਰਵਾਰ ਨੂੰ ਟੈਕਸਾਸ ਦੇ ਸੈਨ ਐਂਟੋਨੀਓ ਕੌਮਾਂਤਰੀ ਹਵਾਈ ਅੱਡੇ ’ਤੇ ਜਹਾਜ਼ ਦੇ ਇੰਜਣ ਨੇ ਮੁਲਾਜ਼ਮ ਨੂੰ ਅਪਣੇ ਵਲ ਖਿੱਚ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
ਮੁਲਾਜ਼ਮ ਦਾ ਨਾਂ ਬੋਰਡ ਨੇ ਜ਼ਾਹਰ ਨਹੀਂ ਕੀਤਾ। ‘ਯੂਨਿਫ਼ੀ ਏਵੀਏਸ਼ਨ’ ਨੇ ਮੁਲਾਜ਼ਮ ਨੂੰ ਕੰਮ ’ਤੇ ਰਖਿਆ ਸੀ। ਇਹ ਕੰਪਨੀ ਵੱਖੋ-ਵੱਖ ਏਅਰਲਾਈਨ ਦੀ ‘ਗਰਾਊਂਡ ਹੈਂਡਲਿੰਗ’ ਕੰਮਾਂ ’ਚ ਮਦਦ ਕਰਦੀ ਹੈ ‘ਯੂਨਿਫ਼ੀ ਏਵੀਏਸ਼ਨ’ ਨੇ ਵੀ ਘਟਨਾ ’ਤੇ ਦੁੱਖ ਪ੍ਰਗਅ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਦੇ ਅਖੀਰ ’ਚ ਅਲਬਾਮਾ ’ਚ ਹੋਈ ਸੀ ਜਦੋਂ ਹਵਾਈ ਅੱਡੇ ਦੇ ਇਕ ਮੁਲਾਜ਼ਮ ਨੂੰ ਜਹਾਜ਼ ਦੇ ਇੰਜਣ ਨੇ ਅਪਣੇ ਵਲ ਖਿੱਚ ਲਿਆ ਸੀ ਅਤੇ ਉਸ ਦੀ ਮੌਤ ਹੋ ਗਈ ਸੀ।