
ਪੰਜਾਬ ’ਚ 1986 ’ਚ ਵਾਪਰੀ ਘਟਨਾ ਨੂੰ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਕਰਾਰ ਦਿਤਾ ਗਿਆ
ਕੈਲੇਫ਼ੋਰਨੀਆ: ਅਮਰੀਕਾ ਦੀ ਸੰਸਦ ’ਚ ਕੈਲੀਫੋਰਨੀਆ ਦੇ ਪ੍ਰਤੀਨਿਧੀ ਜੋਸ਼ ਹਾਰਡਰ ਨੇ ਅਪਣੇ ਸੰਬੋਧਨ ਦੌਰਾਨ ਪ੍ਰਤੀਨਿਧੀ ਸਭਾ ’ਚ 4 ਫ਼ਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਮਾਨਤਾ ਦਿਤੀ। ਇਹ ਮਾਨਤਾ 1986 ’ਚ ਵਾਪਰੇ ਪੰਜਾਬ ਦੇ ‘ਸਾਕਾ ਨਕੋਦਰ’ ਦੌਰਾਨ ਮਾਰੇ ਗਏ ਚਾਰ ਸਿੱਖ ਵਿਦਿਆਰਥੀਆਂ ਦੀ ਯਾਦ ’ਚ ਦਿਤੀ ਗਈ ਹੈ।
ਜੋਸ਼ ਹਾਰਡਰ ਨੇ ਅਪਣੇ ਸੰਬੋਧਨ ’ਚ ਕਿਹਾ, ‘‘4 ਫ਼ਰਵਰੀ, 1986 ਨੂੰ ਭਾਰਤੀ ਸੁਰੱਖਿਆ ਬਲਾਂ ਨੇ ਨਿਹੱਥੇ ਸਿੱਖ ਵਿਦਿਆਰਥੀਆਂ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ’ਤੇ ਗੋਲੀਆਂ ਚਲਾਈਆਂ, ਜੋ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਬੇਅਦਬੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸਨ। ਇਸ ਘਟਨਾ, ਜਿਸ ਨੂੰ ‘ਸਾਕਾ ਨਕੋਦਰ 1986’ ਵਜੋਂ ਜਾਣਿਆ ਜਾਂਦਾ ਹੈ, ਦੀ ਉਦੋਂ ਤੋਂ ਮਨੁੱਖੀ ਅਧਿਕਾਰਾਂ ਅਤੇ ਇਕੱਠ ਕਰਨ ਦੀ ਆਜ਼ਾਦੀ ਦੀ ਗੰਭੀਰ ਉਲੰਘਣਾ ਵਜੋਂ ਨਿੰਦਾ ਕੀਤੀ ਗਈ ਹੈ।’’
ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾ ਡਾ. ਹਰਜਿੰਦਰ ਸਿੰਘ ਨੂੰ ਮਾਨਤਾ ਭੇਟ ਕਰਦਿਆਂ ਹਾਰਡਰ ਨੇ ਸਾਕਾ ਨਕੋਦਰ ਨੂੰ ਯਾਦ ਕਰਦਿਆਂ ‘ਸਾਕਾ ਨਕੋਦਰ ਦਿਵਸ’ ਦੀ ਮਹੱਤਤਾ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ, ‘‘ਇਹ ਦਿਨ ਨਾ ਸਿਰਫ ਵਿਦਿਆਰਥੀਆਂ ਦੀ ਕੁਰਬਾਨੀ ਨੂੰ ਯਾਦ ਕਰਦਾ ਹੈ, ਬਲਕਿ ਸਿੱਖਾਂ ਵਿਰੁਧ ਨਫ਼ਰਤੀ ਅਪਰਾਧਾਂ ਅਤੇ ਉਲੰਘਣਾਵਾਂ ਦੀ ਵਿਆਪਕ ਨਿੰਦਾ ਵਜੋਂ ਵੀ ਖੜਾ ਹੈ।’’
ਹਾਰਡਰ ਨੇ ਇਸ ਦਿਨ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ, ‘‘ਸਾਕਾ ਨਕੋਦਰ ਦਿਵਸ ਮਨਾਉਣਾ ਸਾਨੂੰ ਸਾਰੇ ਲੋਕਾਂ ਦੇ ਲੋਕਤੰਤਰੀ ਅਤੇ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਹ 38 ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਪੀੜਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਲਈ ਸੱਚਾਈ, ਨਿਆਂ ਅਤੇ ਜਵਾਬਦੇਹੀ ਲਈ ਸਾਡੀ ਲੜਾਈ ਜਾਰੀ ਰੱਖਣ ਦੀ ਯਾਦ ਦਿਵਾਉਂਦਾ ਹੈ।’’
ਇਹ ਮਾਨਤਾ ਨਿਆਂ ਲਈ ਚੱਲ ਰਹੇ ਸੰਘਰਸ਼ ਅਤੇ ਅਜਿਹੀਆਂ ਇਤਿਹਾਸਕ ਘਟਨਾਵਾਂ ਨੂੰ ਯਾਦ ਕਰਨ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਭੁਲਾਇਆ ਨਾ ਜਾਵੇ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਸੂਬਾ ਵਿਧਾਨ ਸਭਾ ਨੇ ਵੀ ਇਸੇ ਸਾਲ ਜੂਨ ’ਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ 4 ਫਰਵਰੀ ਨੂੰ 'ਸਾਕਾ ਨਕੋਦਰ ਦਿਵਸ' ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਸੀ। ਇਹ ਮਤਾ ਜਸਮੀਤ ਕੌਰ ਬੈਂਸ ਨੇ ਲਿਆਂਦਾ ਸੀ ਜੋ ਕਿ ਸੂਬੇ ਦੀ ਵਿਧਾਨ ਸਭਾ ਵਿਚ ਪਹਿਲੀ ਅਤੇ ਇਕਲੌਤੀ ਸਿੱਖ ਮੈਂਬਰ ਹਨ।