
ਲੌਟਰਬੈਕ ਨੇ ਕਿਹਾ ਕਿ ਨਵੇਂ ਨਿਯਮ ਯੂਰਪ ਲਈ ਇੱਕ ਆਦਰਸ਼ ਵਜੋਂ ਕੰਮ ਕਰ ਸਕਦੇ ਹਨ।
ਬਰਲਿਨ - ਜਰਮਨੀ ਦੇ ਸਿਹਤ ਮੰਤਰੀ ਨੇ ਬੁੱਧਵਾਰ 26 ਅਕਤੂਬਰ ਨੂੰ ਇੱਕ ਯੋਜਨਾ ਪੇਸ਼ ਕੀਤੀ, ਜਿਸ 'ਚ 30 ਗ੍ਰਾਮ ਤੱਕ ਭੰਗ ਰੱਖਣ ਨੂੰ ਅਪਰਾਧ ਦੀ ਸ਼੍ਰੇਣੀ ਵਿੱਚੋਂ ਬਾਹਰ ਕਰਨ, ਅਤੇ ਬਾਲਗਾਂ ਨੂੰ ਕੰਟਰੋਲਡ ਬਾਜ਼ਾਰ ਵਿੱਚ ਮਨੋਰੰਜਨ ਦੇ ਉਦੇਸ਼ਾਂ ਲਈ ਇਹ ਪਦਾਰਥ ਵੇਚਣ ਦੀ ਆਗਿਆ ਦੇਣ ਦੀ ਯੋਜਨਾ ਪੇਸ਼ ਕੀਤੀ ਹੈ।
ਸਿਹਤ ਮੰਤਰੀ ਕਾਰਲ ਲੌਟਰਬੈਕ ਨੇ ਕਿਹਾ ਕਿ ਬਰਲਿਨ ਯੂਰਪੀਅਨ ਯੂਨੀਅਨ ਦੇ ਕਾਰਜਕਾਰੀ ਕਮਿਸ਼ਨ ਨਾਲ ਇਸ ਗੱਲ ਦੀ ਪੜਤਾਲ ਕਰੇਗਾ ਕਿ ਕੀ ਜਰਮਨ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਯੋਜਨਾ ਯੂਰਪੀਅਨ ਯੂਨੀਅਨ ਦੇ ਕਨੂੰਨਾਂ ਦੇ ਅਨੁਸਾਰ ਹੈ, ਅਤੇ ਇਹ ਕਨੂੰਨ ਨਾਲ ਉਦੋਂ ਹੀ ਅੱਗੇ ਵਧੇਗੀ ਜਦੋਂ ਇਸ ਨੂੰ ਹਰੀ ਝੰਡੀ ਮਿਲੇਗੀ।
ਲੌਟਰਬੈਕ ਨੇ ਕਿਹਾ ਕਿ ਨਵੇਂ ਨਿਯਮ ਯੂਰਪ ਲਈ ਇੱਕ ਆਦਰਸ਼ ਵਜੋਂ ਕੰਮ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ 2024 ਤੋਂ ਪਹਿਲਾਂ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਯੋਜਨਾ 'ਚ ਲਾਇਸੈਂਸ ਤਹਿਤ ਭੰਗ ਉਗਾਉਣ ਅਤੇ ਬਾਲਗਾਂ ਨੂੰ ਇਹ ਪਦਾਰਥ ਲਾਇਸੈਂਸ ਪ੍ਰਾਪਤ ਦੁਕਾਨਾਂ 'ਤੇ ਵੇਚਣ ਦੀ ਗੱਲ ਕਹੀ ਗਈ ਹੈ, ਤਾਂ ਕਿ ਇਸ ਦੀ ਬਲੈਕ ਮਾਰਕੀਟਿੰਗ ਨਾਲ ਵੀ ਨਜਿੱਠਿਆ ਜਾ ਸਕੇ। ਸਿਹਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਲੋਕਾਂ ਨੂੰ ਭੰਗ ਦੇ ਤਿੰਨ ਪੌਦੇ ਤੱਕ ਉਗਾਉਣ ਅਤੇ 20 ਤੋਂ 30 ਗ੍ਰਾਮ ਤੱਕ ਭੰਗ ਖਰੀਦਣ ਜਾਂ ਰੱਖਣ ਦੀ ਇਜਾਜ਼ਤ ਹੋਵੇਗੀ।