
ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੇ ਮਜ਼ਬੂਤ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਹੈ ਚੀਨ ਦੀ ਰਣਨੀਤੀ
ਬੀਜਿੰਗ - ਚੀਨ ਨੇ ਇਸ ਹਫਤੇ ਹਿੰਦ ਮਹਾਸਾਗਰ ਖੇਤਰ ਦੇ 19 ਦੇਸ਼ਾਂ ਨਾਲ ਮੀਟਿੰਗ ਕੀਤੀ, ਜਿਸ ਵਿਚੋਂ ਭਾਰਤ ਗੈਰਹਾਜ਼ਰ ਰਿਹਾ, ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਬੈਠਕ ਲਈ ਸੱਦਾ ਨਹੀਂ ਦਿੱਤਾ ਗਿਆ।
ਚੀਨ ਦੇ ਵਿਦੇਸ਼ ਮੰਤਰਾਲੇ ਨਾਲ ਜੁੜੀ ਸੰਸਥਾ ਚਾਈਨਾ ਇੰਟਰਨੈਸ਼ਨਲ ਡਿਵੈਲਪਮੈਂਟ ਕੋਆਪਰੇਸ਼ਨ ਏਜੰਸੀ (ਸੀ.ਆਈ.ਡੀ.ਸੀ.ਏ.) ਦੇ ਬਿਆਨ 'ਚ ਕਿਹਾ ਗਿਆ ਕਿ 21 ਨਵੰਬਰ ਨੂੰ ਵਿਕਾਸ ਵਾਸਤੇ ਸਹਿਯੋਗ ਦੇ ਵਿਸ਼ੇ 'ਤੇ ਚੀਨ-ਭਾਰਤੀ ਮਹਾਸਾਗਰ ਖੇਤਰੀ ਮੰਚ ਦੀ ਬੈਠਕ 'ਚ 19 ਦੇਸ਼ਾਂ ਨੇ ਹਿੱਸਾ ਲਿਆ।
ਇੰਡੋਨੇਸ਼ੀਆ, ਪਾਕਿਸਤਾਨ, ਮਿਆਂਮਾਰ, ਸ਼੍ਰੀਲੰਕਾ, ਬੰਗਲਾਦੇਸ਼, ਮਾਲਦੀਵ, ਨੇਪਾਲ, ਅਫਗਾਨਿਸਤਾਨ, ਈਰਾਨ, ਓਮਾਨ, ਦੱਖਣੀ ਅਫਰੀਕਾ, ਕੀਨੀਆ, ਮੋਜ਼ਮਬੀਕ, ਤਨਜਾਨੀਆ, ਸੇਸ਼ੇਲਸ, ਮੈਡਾਗਾਸਕਰ, ਮਾਰੀਸ਼ਸ, ਜਿਬੂਤੀ ਅਤੇ ਆਸਟ੍ਰੇਲੀਆ ਸਮੇਤ 19 ਦੇਸ਼ਾਂ ਅਤੇ ਤਿੰਨ ਅੰਤਰਰਾਸ਼ਟਰੀ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਇਸ ਬੈਠਕ 'ਚ ਸ਼ਿਰਕਤ ਕੀਤੀ।
ਸੂਤਰਾਂ ਮੁਤਾਬਿਕ ਭਾਰਤ ਨੂੰ ਕਥਿਤ ਤੌਰ 'ਤੇ ਸੱਦਾ ਨਹੀਂ ਦਿੱਤਾ ਗਿਆ ਸੀ। ਪਿਛਲੇ ਸਾਲ, ਚੀਨ ਨੇ ਭਾਰਤ ਦੀ ਭਾਗੀਦਾਰੀ ਤੋਂ ਬਿਨਾਂ ਕੋਰੋਨਾ ਵੈਕਸੀਨ ਸਹਿਯੋਗ ਦੇ ਵਿਸ਼ੇ 'ਤੇ ਕੁਝ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਵੀ ਮੀਟਿੰਗਾਂ ਕੀਤੀਆਂ ਸੀ।
ਸੀ.ਆਈ.ਡੀ.ਸੀ.ਏ. ਦੀ ਅਗਵਾਈ ਸਾਬਕਾ ਉਪ-ਵਿਦੇਸ਼ ਮੰਤਰੀ ਅਤੇ ਭਾਰਤ 'ਚ ਰਾਜਦੂਤ ਰਹਿ ਚੁੱਕੇ ਲੁਓ ਝਾਓਹੁਈ ਕਰ ਰਹੇ ਹਨ। ਸੰਗਠਨ ਦੀ ਅਧਿਕਾਰਤ ਵੈਬਸਾਈਟ ਅਨੁਸਾਰ, ਝਾਓਹੁਈ ਸੀ.ਆਈ.ਡੀ.ਸੀ.ਏ. ਦੇ ਸੀਪੀਸੀ (ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ) ਲੀਡਰਸ਼ਿਪ ਗਰੁੱਪ ਦਾ ਸਕੱਤਰ ਹੈ।
ਸੀ.ਆਈ.ਡੀ.ਸੀ.ਏ. ਦੀ ਅਧਿਕਾਰਤ ਵੈਬਸਾਈਟ 'ਤੇ ਕਿਹਾ ਗਿਆ ਹੈ ਕਿ ਸੰਗਠਨ ਦਾ ਉਦੇਸ਼ ਵਿਦੇਸ਼ੀ ਸਹਾਇਤਾ ਲਈ ਰਣਨੀਤਕ ਦਿਸ਼ਾ-ਨਿਰਦੇਸ਼, ਯੋਜਨਾਵਾਂ ਅਤੇ ਨੀਤੀਆਂ ਨਿਰਧਾਰਤ ਕਰਨਾ, ਮੁੱਖ ਵਿਦੇਸ਼ੀ ਸਹਾਇਤਾ ਮੁੱਦਿਆਂ 'ਤੇ ਤਾਲਮੇਲ ਅਤੇ ਸਲਾਹ ਦੇਣਾ, ਵਿਦੇਸ਼ੀ ਸਹਾਇਤਾ ਨਾਲ ਜੁੜੇ ਮਾਮਲਿਆਂ ਵਿੱਚ ਦੇਸ਼ ਦੇ ਸੁਧਾਰਾਂ ਨੂੰ ਅੱਗੇ ਵਧਾਉਣਾ, ਅਤੇ ਪ੍ਰਮੁੱਖ ਪ੍ਰੋਗਰਾਮਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੇ ਲਾਗੂ ਕਰਨ ਦਾ ਮੁਲਾਂਕਣ ਕਰਨਾ ਹੈ।
ਇਸ ਸਾਲ ਜਨਵਰੀ ਵਿੱਚ ਸ਼੍ਰੀਲੰਕਾ ਦੀ ਆਪਣੀ ਯਾਤਰਾ ਦੌਰਾਨ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ 'ਹਿੰਦ ਮਹਾਸਾਗਰ ਟਾਪੂ ਦੇਸ਼ਾਂ ਦੇ ਵਿਕਾਸ 'ਤੇ ਇੱਕ ਫੋਰਮ' ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਸੀ.ਆਈ.ਡੀ.ਸੀ.ਏ. ਦੀ ਬੈਠਕ ਵੈਂਗ ਦੀ ਤਜਵੀਜ਼ ਹੈ, ਚੀਨੀ ਵਿਦੇਸ਼ ਮੰਤਰਾਲੇ ਨੇ ਮੀਡੀਆ ਨੂੰ ਸਪੱਸ਼ਟ ਕੀਤਾ ਕਿ 21 ਨਵੰਬਰ ਦੀ ਮੀਟਿੰਗ ਇਸ ਦਾ ਹਿੱਸਾ ਨਹੀਂ ਸੀ।
ਚੀਨ ਪਾਕਿਸਤਾਨ ਅਤੇ ਸ਼੍ਰੀਲੰਕਾ ਸਮੇਤ ਕਈ ਦੇਸ਼ਾਂ ਵਿੱਚ ਬੰਦਰਗਾਹਾਂ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਨਾਲ ਰਣਨੀਤਕ ਹਿੰਦ ਮਹਾਸਾਗਰ ਖੇਤਰ ਵਿੱਚ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਚੀਨ ਦਾ ਇਹ ਮੰਚ ਸਾਫ਼ ਤੌਰ 'ਤੇ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੇ ਮਜ਼ਬੂਤ ਪ੍ਰਭਾਵ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਹੈ, ਜਿੱਥੇ ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ ਵਰਗੇ ਭਾਰਤ ਸਮਰਥਿਤ ਸੰਗਠਨ ਨੇ ਮਜ਼ਬੂਤ ਜੜ੍ਹਾਂ ਜਮਾ ਲਈਆਂ ਹਨ, ਅਤੇ 23 ਦੇਸ਼ ਇਸ ਦੇ ਮੈਂਬਰ ਹਨ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2015 ਵਿੱਚ ਹਿੰਦ ਮਹਾਸਾਗਰ ਖੇਤਰ ਦੇ ਕਿਨਾਰੇ ਵਾਲੇ ਦੇਸ਼ਾਂ ਵਿੱਚ ਸਰਗਰਮ ਸਹਿਯੋਗ ਲਈ 'ਸੁਰੱਖਿਆ ਅਤੇ ਖੇਤਰ ਵਿੱਚ ਸਭ ਲਈ ਵਿਕਾਸ' ਪਹਿਲਕਦਮੀ ਦਾ ਪ੍ਰਸਤਾਵ ਕੀਤਾ।