
ਭਾਰਤੀ ਰਜਿਸਟਰੇਸ਼ਨ ਵਾਲੀ ਕਤਰ ਜਾਣ ਵਾਲੀ ਪਹਿਲੀ ਕਾਰ
ਦੁਬਈ - ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਸਿਰਫ਼ ਮੇਜ਼ਬਾਨ ਕਤਰ ਤੱਕ ਸੀਮਤ ਨਹੀਂ, ਸਗੋਂ ਭਾਰਤ ਵਿਚ ਵੀ ਇਹ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕੇਰਲਾ ਦੀ ਇੱਕ ਔਰਤ, ਜੋ ਕਿ ਲਿਓਨਲ ਮੇਸੀ ਦੀ ਕੱਟੜ ਪ੍ਰਸ਼ੰਸਕ ਹੈ, ਆਪਣੇ ਮਨਪਸੰਦ ਫੁਟਬਾਲ ਸਟਾਰ ਅਤੇ ਮਨਪਸੰਦ ਟੀਮ ਅਰਜਨਟੀਨਾ ਦੀ ਖੇਡ ਦੇਖਣ ਲਈ ਆਪਣੀ 'ਕਸਟਮਾਈਜ਼ਡ ਐਸ.ਯੂ.ਵੀ.' ਲੈ ਕਈ ਇਕੱਲੀ ਕਤਰ ਪਹੁੰਚ ਗਈ।
ਖਲੀਜ ਟਾਈਮਜ਼ ਅਖਬਾਰ ਮੁਤਾਬਿਕ ਪੰਜ ਬੱਚਿਆਂ ਦੀ ਮਾਂ ਨਾਜੀ ਨੌਸ਼ੀ ਨੇ 15 ਅਕਤੂਬਰ ਨੂੰ ਕੇਰਲ ਤੋਂ ਖਾੜੀ ਦੇਸ਼ਾਂ ਦੀ ਯਾਤਰਾ ਸ਼ੁਰੂ ਕੀਤੀ ਅਤੇ ਸੰਯੁਕਤ ਅਰਬ ਅਮੀਰਾਤ ਪਹੁੰਚੀ।
33 ਸਾਲਾ ਨੌਸ਼ੀ ਆਪਣੇ 'ਹੀਰੋ' ਮੈਸੀ ਅਤੇ ਅਰਜਨਟੀਨਾ ਨੂੰ ਵਿਸ਼ਵ ਕੱਪ 'ਚ ਖੇਡਦੇ ਦੇਖਣਾ ਚਾਹੁੰਦੀ ਸੀ। ਭਾਵੇਂ ਉਹ ਅਰਜਨਟੀਨਾ ਹੱਥੋਂ ਸਾਊਦੀ ਅਰਬ ਦੀ ਮਿਲੀ ਹਾਰ ਤੋਂ ਦੁਖੀ ਹੈ, ਪਰ ਉਸ ਨੇ ਅਗਲੇ ਮੈਚ ਵਿੱਚ ਆਪਣੀ ਪਸੰਦੀਦਾ ਟੀਮ ਦੀ ਜਿੱਤ 'ਤੇ ਆਪਣੀਆਂ ਉਮੀਦਾਂ 'ਤੇ ਟਿਕਾਈਆਂ ਹੋਈਆਂ ਹਨ।
ਅਖਬਾਰ ਨੇ ਉਸ ਦੇ ਹਵਾਲੇ ਨਾਲ ਕਿਹਾ, ''ਮੈਂ ਆਪਣੇ 'ਹੀਰੋ' ਲਿਓਨੇਲ ਮੈਸੀ ਨੂੰ ਖੇਡਦੇ ਦੇਖਣਾ ਚਾਹੁੰਦੀ ਹਾਂ। ਸਾਊਦੀ ਅਰਬ ਤੋਂ ਹਾਰ ਮੇਰੇ ਲਈ ਨਿਰਾਸ਼ਾਜਨਕ ਸੀ, ਪਰ ਮੈਨੂੰ ਯਕੀਨ ਹੈ ਕਿ ਇਹ ਟਰਾਫ਼ੀ ਜਿੱਤਣ ਦੇ ਰਾਹ ਦੀ ਮਾਮੂਲੀ ਜਿਹੀ ਰੁਕਾਵਟ ਹੋਵੇਗੀ।"
ਨੌਸ਼ੀ ਨੇ ਪਹਿਲਾਂ ਆਪਣੀ 'ਐੱਸ.ਯੂ.ਵੀ' ਨੂੰ ਮੁੰਬਈ ਤੋਂ ਓਮਾਨ ਪਹੁੰਚਾਇਆ, ਅਤੇ ਇਤਫ਼ਾਕਨ ਇਹ ਸੱਜੇ ਹੱਥ ਸਟੀਅਰਿੰਗ ਵਾਲੀ ਗੱਡੀ, ਦੇਸ਼ ਵਿੱਚ ਭੇਜੀ ਗਈ ਪਹਿਲੀ ਭਾਰਤੀ ਰਜਿਸਟਰੇਸ਼ਨ ਵਾਲੀ ਕਾਰ ਹੈ।
ਨੌਸ਼ੀ ਨੇ ਮਸਕਟ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਹਾਟਾ ਬਾਰਡਰ ਤੋਂ ਆਪਣੀ ਐਸ.ਯੂ.ਵੀ. ਵਿੱਚ ਯੂ.ਏ.ਈ. ਪਹੁੰਚੀ। ਇਸ ਦੌਰਾਨ ਉਹ ਦੁਬਈ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਦੇਖਣ ਲਈ ਵੀ ਰੁਕੀ।
ਇਸ ਐੱਸ.ਯੂ.ਵੀ ਦੇ ਅੰਦਰ ਹੀ ਇੱਕ 'ਰਸੋਈ' ਹੈ ਅਤੇ ਇਸ ਦੀ ਛੱਤ ਨਾਲ ਇੱਕ ਟੈਂਟ ਜੁੜਿਆ ਹੋਇਆ ਹੈ।
ਨੌਸ਼ੀ ਨੇ ਕਾਰ ਦਾ ਨਾਂ 'ਊਲੂ' ਰੱਖਿਆ ਹੈ, ਜਿਸ ਦਾ ਮਲਿਆਲਮ ਭਾਸ਼ਾ 'ਚ ਮਤਲਬ 'ਸ਼ੀ' (ਔਰਤ) ਹੈ।
ਨੌਸ਼ੀ ਨੇ ਕਾਰ ਵਿੱਚ ਚਾਵਲ, ਪਾਣੀ, ਆਟਾ, ਮਸਾਲੇ ਅਤੇ ਹੋਰ ਸੁੱਕੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ।
ਉਸ ਨੇ ਅਖਬਾਰ ਨੂੰ ਦੱਸਿਆ, “ਮੈਂ ਖੁਦ ਹੀ ਖਾਣਾ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ। ਇਸ ਨਾਲ ਯਕੀਨੀ ਤੌਰ 'ਤੇ ਪੈਸੇ ਦੀ ਬਚਤ ਵੀ ਹੁੰਦੀ ਹੈ ਅਤੇ 'ਫ਼ੂਡ ਪੁਆਇਜ਼ਨਿੰਗ' ਦਾ ਖ਼ਤਰਾ ਵੀ ਘੱਟ ਰਹਿੰਦਾ ਹੈ।