
ਟਿਨਿਸਵੁੱਡ ਨੇ ਅਪਣੀ ਲੰਮੀ ਉਮਰ ਦਾ ਕਾਰਨ ‘ਪੂਰੀ ਤਰ੍ਹਾਂ ਅਪਣੀ ਕਿਸਮਤ’ ਨੂੰ ਦਸਿਆ ਸੀ
ਲੰਡਨ : ਦੁਨੀਆਂ ਦੇ ਸੱਭ ਤੋਂ ਬਜ਼ੁਰਗ ਮਰਦ ਜੌਨ ਅਲਫਰੈਡ ਟਿਨਿਸਵੁੱਡ ਦਾ 112 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਗਭਗ ਨੌਂ ਮਹੀਨਿਆਂ ਲਈ ਸੱਭ ਤੋਂ ਬਜ਼ੁਰਗ ਮਰਦ ਹੋਣ ਦਾ ਖਿਤਾਬ ਰੱਖਿਆ ਸੀ।
ਟਿਨੀਸਵੁੱਡ ਦੇ ਪਰਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦਾ ਸੋਮਵਾਰ ਨੂੰ ਉੱਤਰ-ਪਛਮੀ ਇੰਗਲੈਂਡ ਵਿਚ ਲਿਵਰਪੂਲ ਨੇੜੇ ਇਕ ਕੇਅਰ ਹੋਮ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 26 ਅਗੱਸਤ 1912 ਨੂੰ ਹੋਇਆ ਸੀ।
ਟਿਨਿਸਵੁੱਡ ਨੇ ਅਪਣੀ ਲੰਮੀ ਉਮਰ ਦਾ ਕਾਰਨ ‘ਪੂਰੀ ਤਰ੍ਹਾਂ ਅਪਣੀ ਕਿਸਮਤ’ ਨੂੰ ਦਸਿਆ। ਰਿਟਾਇਰਡ ਅਕਾਊਂਟੈਂਟ ਅਤੇ ਪਰਦਾਦਾ ਟਿਨਿਸਵੁੱਡ ਨੇ ਅਪ੍ਰੈਲ ’ਚ ਗਿਨੀਜ਼ ਵਰਲਡ ਰੀਕਾਰਡ ਜ਼ ਵਲੋਂ ਸੱਭ ਤੋਂ ਬਜ਼ੁਰਗ ਵਿਅਕਤੀ ਐਲਾਨੇ ਜਾਣ ’ਤੇ ਕਿਹਾ ਸੀ, ‘‘ਤੁਸੀਂ ਜਾਂ ਤਾਂ ਲੰਮੇ ਸਮੇਂ ਤਕ ਜੀਉਂਦੇ ਹੋ ਜਾਂ ਘੱਟ ਸਮੇਂ ਤਕ ਅਤੇ ਇਸ ਬਾਰੇ ਤੁਸੀਂ ਬਹੁਤ ਕੁੱਝ ਨਹੀਂ ਕਰ ਸਕਦੇ।’’
ਜੇ ਇਸ ਦਾ ਕੋਈ ਰਾਜ਼ ਸੀ, ਤਾਂ ਉਹ ਇਹ ਸੀ ਕਿ ਸੰਜਮ ਹੀ ਇਕ ਸਿਹਤਮੰਦ ਜੀਵਨ ਦੀ ਕੁੰਜੀ ਹੈ। ਉਨ੍ਹਾਂ ਨੇ ਕਦੇ ਸਿਗਰਟ ਨਹੀਂ ਪੀਤੀ, ਸ਼ਾਇਦ ਹੀ ਸ਼ਰਾਬ ਪੀਤੀ ਅਤੇ ਹਰ ਸ਼ੁਕਰਵਾਰ ਮੱਛੀ ਅਤੇ ਚਿਪਸ ਖਾਣ ਤੋਂ ਇਲਾਵਾ ਕੋਈ ਵਿਸ਼ੇਸ਼ ਖੁਰਾਕ ਨਹੀਂ ਖਾਧੀ ਸੀ।
ਉਹ ਟਾਈਟੈਨਿਕ ਦੇ ਡੁੱਬਣ ਤੋਂ ਕੁੱਝ ਮਹੀਨਿਆਂ ਬਾਅਦ ਪੈਦਾ ਹੋਏ ਸਨ। ਉਨ੍ਹਾਂ ਨੇ ਦੋ ਵਿਸ਼ਵ ਜੰਗ ਵੇਖੇ ਸਨ ਅਤੇ ਦੂਜੇ ਵਿਸ਼ਵ ਜੰਗ ’ਚ ‘ਬ੍ਰਿਟਿਸ਼ ਆਰਮੀ ਪੇ ਕੋਰ’ ’ਚ ਸੇਵਾ ਨਿਭਾਈ ਸੀ।