
ਦਲਾਈ ਲਾਮਾ ਨੇ ਇਸ ਬੱਚੇ ਨੂੰ 10ਵੇਂ ਖਲਖਾ ਜੇਤਸੁਨ ਧੰਪਾ ਰਿੰਪੋਚੇ ਦਾ ਪੁਨਰਜਨਮ ਦੱਸਿਆ ਹੈ।
ਧਰਮਸ਼ਾਲਾ: 87 ਸਾਲਾ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨੇ ਅਮਰੀਕਾ ਵਿਚ ਪੈਦਾ ਹੋਏ ਇਕ 8 ਸਾਲ ਦੇ ਮੰਗੋਲੀਆਈ ਬੱਚੇ ਨੂੰ ਤਿੱਬਤੀ ਬੁੱਧ ਧਰਮ ਦਾ ਤੀਜਾ ਸਭ ਤੋਂ ਉੱਚਾ ਧਰਮਗੁਰੂ ਬਣਾ ਦਿੱਤਾ ਹੈ। ਇਹ ਜੁੜਵਾਂ ਬੱਚਿਆਂ ਵਿਚੋਂ ਇਕ ਹੈ। ਦਲਾਈ ਲਾਮਾ ਨੇ ਇਸ ਬੱਚੇ ਨੂੰ 10ਵੇਂ ਖਲਖਾ ਜੇਤਸੁਨ ਧੰਪਾ ਰਿੰਪੋਚੇ ਦਾ ਪੁਨਰਜਨਮ ਦੱਸਿਆ ਹੈ।
ਇਹ ਵੀ ਪੜ੍ਹੋ: 7 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ: ਇੰਸਪੈਕਟਰ ਬਲਜੀਤ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖਲ
ਇਹ ਸਮਾਰੋਹ 8 ਮਾਰਚ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਹੋਇਆ ਸੀ ਪਰ ਇਸ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ। ਇਸ ਸਮਾਰੋਹ ਵਿਚ 600 ਮੰਗੋਲੀਆਈ ਲੋਕਾਂ ਨੇ ਸ਼ਿਰਕਤ ਕੀਤੀ। ਦਲਾਈ ਲਾਮਾ ਨੇ ਕਿਹਾ - ਸਾਡੇ ਪੂਰਵਜਾਂ ਦੇ ਚੱਕਰਸੰਵਰ ਦੇ ਕ੍ਰਿਸ਼ਨਾਚਾਰੀਆ ਰਾਜਵੰਸ਼ ਨਾਲ ਡੂੰਘੇ ਸਬੰਧ ਸਨ। ਇਹਨਾਂ ਵਿਚੋਂ ਇਕ ਨੇ ਮੰਗੋਲੀਆ ਵਿਚ ਇਕ ਮੱਠ ਵੀ ਸਥਾਪਿਤ ਕੀਤਾ। ਅਜਿਹੇ 'ਚ ਮੰਗੋਲੀਆ 'ਚ ਤੀਜੇ ਧਾਰਮਿਕ ਨੇਤਾ ਦਾ ਮਿਲਣਾ ਬਹੁਤ ਹੀ ਸ਼ੁਭ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ਯੋਗਤਾ ਬਾਰੇ ਗਲਤ ਜਾਣਕਾਰੀ ਪੋਸਟ ਕਰਨ ਦਾ ਮਾਮਲਾ, ਪੰਜਾਬ ਸਾਈਬਰ ਸੈੱਲ ਨੇ ਦਰਜ ਕੀਤਾ ਕੇਸ
ਮੰਗੋਲੀਆਈ ਮੀਡੀਆ ਅਨੁਸਾਰ ਨਵਾਂ ਤਿੱਬਤੀ ਧਰਮਗੁਰੂ ਮੰਗੋਲੀਆ ਦੇ ਇਕ ਗਣਿਤ ਦੇ ਪ੍ਰੋਫੈਸਰ ਦੇ ਜੁੜਵਾਂ ਬੱਚਿਆਂ ਵਿਚੋਂ ਇਕ ਹੈ। ਇਹਨਾਂ ਬੱਚਿਆਂ ਦੇ ਨਾਂ ਅਗੁਦਾਈ ਅਤੇ ਅਚਿਲਤਾਈ ਹਨ। ਬੱਚੇ ਦੀ ਦਾਦੀ ਮੰਗੋਲੀਆ ਵਿਚ ਸੰਸਦ ਮੈਂਬਰ ਰਹਿ ਚੁੱਕੀ ਹੈ। ਬੱਚੇ ਦੇ ਧਾਰਮਿਕ ਆਗੂ ਹੋਣ ਦੀ ਖ਼ਬਰ ਸਾਹਮਣੇ ਆਉਂਦੇ ਹੀ ਮੰਗੋਲੀਆ ਵਿਚ ਲੋਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਸਮਾਗਮ ਦੌਰਾਨ ਬੋਧੀਆਂ ਵਿਚ ਭਾਰੀ ਉਤਸ਼ਾਹ ਸੀ। ਦੂਜੇ ਪਾਸੇ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਮੰਗੋਲੀਆਈ ਬੱਚੇ ਦੇ ਧਾਰਮਿਕ ਆਗੂ ਹੋਣ ਦੀਆਂ ਵੀ ਖਬਰਾਂ ਆਈਆਂ ਸਨ ਪਰ ਹੁਣ ਦਲਾਈ ਲਾਮਾ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੂਚਨਾ ਕਮਿਸ਼ਨ ਨੇ SHO ਨੂੰ ਲਗਾਇਆ 10,000 ਰੁਪਏ ਜੁਰਮਾਨਾ, ਢਾਈ ਸਾਲ ਤੱਕ ਸ਼ਿਕਾਇਤ ’ਤੇ ਨਹੀਂ ਕੀਤੀ ਕਾਰਵਾਈ
ਦਲਾਈਲਾਮਾ ਦੇ ਇਸ ਕਦਮ ਨੂੰ ਸਿਆਸੀ ਤੌਰ 'ਤੇ ਅਹਿਮ ਮੰਨਿਆ ਜਾ ਰਿਹਾ ਹੈ। ਚੀਨ ਤਿੱਬਤੀ ਬੁੱਧ ਧਰਮ ਦੀ ਪਰੰਪਰਾ ਵਿਚ ਆਪਣੇ ਲੋਕਾਂ ਦੀ ਨਿਯੁਕਤੀ ਕਰਨਾ ਚਾਹੁੰਦਾ ਹੈ, ਤਾਂ ਜੋ ਤਿੱਬਤ ਵਿਚ ਕਿਸੇ ਤਰ੍ਹਾਂ ਦੀ ਬਗਾਵਤ ਦੀ ਸੰਭਾਵਨਾ ਨਾ ਰਹੇ। ਚੀਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਦੇਸ਼ ਸਿਰਫ ਉਹਨਾਂ ਬੋਧੀ ਨੇਤਾਵਾਂ ਨੂੰ ਮਾਨਤਾ ਦੇਵੇਗਾ, ਜਿਨ੍ਹਾਂ ਨੂੰ ਚੀਨੀ ਸਰਕਾਰ ਚੁਣੇਗੀ। ਇਸ ਤੋਂ ਪਹਿਲਾਂ ਵੀ 1995 ਵਿਚ ਜਦੋਂ ਦਲਾਈ ਲਾਮਾ ਨੇ ਦੂਜੇ ਸਭ ਤੋਂ ਉੱਚੇ ਧਾਰਮਿਕ ਆਗੂ ਪੰਚੇਨ ਲਾਮਾ ਨੂੰ ਚੁਣਿਆ ਸੀ ਤਾਂ ਉਸ ਨੂੰ ਚੀਨੀ ਅਧਿਕਾਰੀਆਂ ਨੇ ਜੇਲ੍ਹ ਵਿਚ ਡੱਕ ਦਿੱਤਾ ਸੀ। ਇਸ ਤੋਂ ਬਾਅਦ ਚੀਨ ਨੇ ਆਪਣੀ ਪਸੰਦ ਦੇ ਧਾਰਮਿਕ ਨੇਤਾ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ। ਹੁਣ ਤੀਜਾ ਤਿੱਬਤੀ ਧਾਰਮਿਕ ਆਗੂ ਮਿਲਣ ਤੋਂ ਬਾਅਦ ਉਸ ਦੀ ਸੁਰੱਖਿਆ ਨੂੰ ਲੈ ਕੇ ਬੋਧੀਆਂ ਵਿਚ ਚਿੰਤਾ ਹੈ।