
ਚੀਨ ਦੇ ਕਿੰਗਯਾਗ ਸ਼ਹਿਰ 'ਚ ਜਿਨਸੀ ਸ਼ੋਸ਼ਣ ਦੀ ਸ਼ਿਕਾਰ 19 ਸਾਲਾ ਵਿਦਿਆਰਥਣ ਨੇ ਸਕੂਲ ਦੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਸਕੂਲ ਦੇ...
ਬੀਜਿੰਗ, ਚੀਨ ਦੇ ਕਿੰਗਯਾਗ ਸ਼ਹਿਰ 'ਚ ਜਿਨਸੀ ਸ਼ੋਸ਼ਣ ਦੀ ਸ਼ਿਕਾਰ 19 ਸਾਲਾ ਵਿਦਿਆਰਥਣ ਨੇ ਸਕੂਲ ਦੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਸਕੂਲ ਦੇ ਇਕ ਅਧਿਆਪਕ ਨੇ ਹੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਇਸ ਘਟਨਾ 'ਚ ਸਭ ਤੋਂ ਵੱਧ ਹੈਰਾਨੀ ਕਰਨ ਵਾਲੀ ਗੱਲ ਸੀ ਮੌਕੇ 'ਤੇ ਮੌਜੂਦ ਲੋਕਾਂ ਦਾ ਰਵਈਆ। ਦਰਅਸਲ ਜਦੋਂ ਲੜਕੀ ਇਮਾਰਤ ਉੱਪਰ ਖੜੀ ਸੀ ਤਾਂ ਉਥੇ ਮੌਜੂਦ ਕਈ ਲੋਕ ਉਸ ਦਾ ਮਜ਼ਾਕ ਉਡਾ ਰਹੇ ਸਨ ਅਤੇ ਜਦੋਂ ਉਸ ਨੇ ਛਾਲ ਮਾਰੀ ਤਾਂ ਤਾੜੀਆਂ ਵਜਾਉਣ ਲੱਗੇ।
ਇਸ ਘਟਨਾ ਦਾ ਵੀਡੀਉ ਸੋਸ਼ਲ ਮੀਡਆ 'ਤੇ ਸ਼ੇਅਰ ਕੀਤਾ ਗਿਆ ਹੈ। ਇਸ 'ਚ ਵਿਖਾਈ ਦੇ ਰਿਹਾ ਹੈ ਕਿ ਪੀੜਤ ਵਿਦਿਆਰਥਣ ਕਈ ਘੰਟੇ ਤਕ ਇਮਾਰਤ ਦੀ 8ਵੀਂ ਮੰਜ਼ਲ ਦੀ ਰੇਲਿੰਗ 'ਤੇ ਖੜੀ ਰਹੀ। ਇਸ ਦੌਰਾਨ ਬਚਾਅ ਟੀਮ ਦੇ ਲੋਕ ਉਸ ਨੂੰ ਹੇਠਾਂ ਆਉਣ ਦੀ ਅਪੀਲ ਕਰਦੇ ਰਹੇ। ਉਥੇ ਮੌਜੂਦ ਕੁਝ ਲੋਕ 'ਹੁਣ ਤਕ ਛਾਲ ਨਹੀਂ ਮਾਰੀ' ਕਹਿ ਕੇ ਉਸ ਦਾ ਮਜ਼ਾਕ ਉਡਾਉਂਦੇ ਰਹੇ।
ਜਦੋਂ ਵਿਦਿਆਰਥਣ ਨੇ ਛਾਲ ਮਾਰ ਦਿਤੀ ਤਾਂ ਉਹ ਲੋਕ ਤਾੜੀਆਂ ਵਜਾਉਣ ਲੱਗੇ। ਚੀਨ ਦੇ ਸਰਕਾਰੀ ਅਖ਼ਬਾਰ 'ਯੂਥ ਡੇਲੀ' ਮੁਤਾਬਕ ਪੁਲਿਸ ਨੇ ਵਿਦਿਆਰਥਣ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਉਥੇ ਮੌਜੂਦ ਕੁੱਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦਾ ਆਨਲਾਈਨ ਵੀਡੀਉ ਸਾਹਮਣੇ ਆਉਣ ਮਗਰੋਂ ਲੋਕਾਂ ਵਿਚ ਕਾਫੀ ਨਾਰਾਜ਼ਗੀ ਹੈ। ਇਕ ਆਨਲਾਈਨ ਯੂਜ਼ਰ ਨੇ ਕੁਮੈਂਟ ਕੀਤਾ, ''ਸਾਡਾ ਸਮਾਜ ਕਿੰਨਾ ਪੱਥਰ ਦਿਲ ਹੁੰਦਾ ਜਾ ਰਿਹਾ ਹੈ। ਕੋਈ ਕਿਵੇਂ ਕਿਸੇ ਨੂੰ ਛਾਲ ਮਾਰਨ ਲਈ ਕਹਿ ਸਕਦਾ ਹੈ।''
ਵਿਦਿਆਰਥਣ ਦੇ ਮਾਪਿਆਂ ਦਾ ਕਹਿਣਾ ਹੈ, ''ਬੀਤੇ ਸਾਲ ਸਤੰਬਰ ਵਿਚ ਇਕ ਅਧਿਆਪਕ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਉਸ ਨੇ ਵਿਦਿਆਰਥਣ ਨਾਲ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਦੇ ਬਾਅਦ ਤੋਂ ਵਿਦਿਆਰਥਣ ਕਾਫ਼ੀ ਪ੍ਰੇਸ਼ਾਨ ਸੀ। ਉਸ ਨੇ ਕਈ ਵਾਰੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। (ਏਜੰਸੀ)