
ਕੋਰੋਨਾ ਮੁਕਤ ਹੁੰਦਾ-ਹੁੰਦਾ ਨਿਊਜ਼ੀਲੈਂਡ ਫਿਰ ਘਿਰਿਆ
ਵੇਲਿੰਗਟਨ, 26 ਜੂਨ: ਨਿਊਜ਼ੀਲੈਂਡ ਵਿਚ ਰੋਜ਼ਾਨਾ ਕੋਰੋਨਾ ਵਾਇਰਸ ਸਬੰਧੀ ਮਾਮਲੇ ਸਾਹਮਣੇ ਆ ਰਹੇ ਹਨ, ਇਸ ਨਾਲ ਸਰਕਾਰ ਦੀ ਚਿੰਤਾ ਵੱਧ ਗਈ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਨਿਊਜ਼ੀਲੈਂਡ ਵਿਚ ਸ਼ੁਕਰਵਾਰ ਨੂੰ ਕੋਵਿਡ-19 ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਦੇਸ਼ ਵਿਚ ਕੁਲ ਐਕਟਿਵ ਮਾਮਲੇ 14 ਹੋ ਗਏ ਹਨ।
File Photo
ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ 14 ਮਾਮਲੇ ਪ੍ਰਬੰਧਿਤ ਆਈਸੋਲੇਸ਼ਨ ਸਹੂਲਤਾਂ ਵਿਚ ਹਨ ਅਤੇ ਇਨ੍ਹਾਂ ਦੇ ਕਮਿਊਨਿਟੀ ਫ਼ੈਲਣ ਦਾ ਕੋਈ ਮਾਮਲਾ ਨਹੀਂ ਹੈ। ਮਾਮਲਾ ਇਕ 30 ਸਾਲਾ ਵਿਅਕਤੀ ਦਾ ਹੈ ਜੋ 21 ਜੂਨ ਨੂੰ ਦੋਹਾ ਅਤੇ ਬ੍ਰਿਸਬੇਨ ਜ਼ਰੀਏ ਕੀਨੀਆ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ। ਉਹ ਨੋਵੋਟੈਲ ਏਲਰਸਲੀ ਵਿਖੇ ਰਹਿ ਰਿਹਾ ਹੈ ਅਤੇ ਸ਼ੁਕਰਵਾਰ ਨੂੰ ਜੇਟ ਪਾਰਕ ਹੋਟਲ ਚਲਾ ਜਾਵੇਗਾ। ਸਿਹਤ ਮੰਤਰਾਲੇ ਦੇ ਮੁਤਾਬਕ, ਵਿਅਕਤੀ ਅਪਣੇ ਠਹਿਰਨ ਦੇ ਤੀਜੇ ਦਿਨ ਰੁਟੀਨ ਟੈਸਟ ਦੇ ਹਿੱਸੇ ਵਜੋਂ ਕੋਵਿਡ-19 ਪਾਜ਼ੇਟਿਵ ਪਾਇਆ ਗਿਆ।
ਉੱਧਰ ਵਿਸ਼ਵ ਸਿਹਤ ਸੰਗਠਨ ਨੇ ਦਸਿਆ ਕਿ ਨਿਊਜ਼ੀਲੈਂਡ ਦੇ ਰਿਪੋਰਟ ਕੀਤੇ ਗਏ ਕੋਵਿਡ-19 ਦੇ ਕੁਲ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਹੁਣ 1,170 ਹੈ। ਇਹ ਵੀ ਕਿਹਾ ਗਿਆ ਹੈ, “ਵਾਇਰਸ ਲਈ ਸਾਡੀ ਚੱਲ ਰਹੀ ਕਮਿਊਨਿਟੀ ਜਾਂਚ ਅਤੇ ਨਿਗਰਾਨੀ ਦੇ ਹਿੱਸੇ ਵਜੋਂ ਅਜੇ ਵੀ ਠੰਡ ਜਾਂ ਫਲੂ ਵਰਗੇ ਲੱਛਣਾਂ ਵਾਲੇ ਲੋਕਾਂ ਦੀ ਵਿਆਪਕ ਜਾਂਚ ਕੀਤੀ ਜਾਏਗੀ।” ਨਿਊਜ਼ੀਲੈਂਡ ਵਿਚ ਕੋਵਿਡ-19 ਨਾਲ ਸਬੰਧਤ ਮੌਤਾਂ ਦੀ ਗਿਣਤੀ 22 ਹੈ। (ਏਜੰਸੀ)