Advertisement

ਕਰਤਾਰਪੁਰ ਲਾਂਘਾ, ਰਚਿਆ ਗਿਆ ਇਤਿਹਾਸ

ROZANA SPOKESMAN
Published Dec 5, 2018, 10:00 am IST
Updated Dec 5, 2018, 10:00 am IST
ਪਿਛਲੇ 70-72 ਸਾਲਾਂ ਤੋਂ ਯਾਨੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤਕ ਅਸੀ ਹਰ ਰੋਜ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਪੰਥ ਤੋਂ ਵਿਛੋੜੇ.........
Kartarpur corridor, created history
 Kartarpur corridor, created history

ਪਿਛਲੇ 70-72 ਸਾਲਾਂ ਤੋਂ ਯਾਨੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤਕ ਅਸੀ ਹਰ ਰੋਜ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਪੰਥ ਤੋਂ ਵਿਛੋੜੇ ਗਏ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਜਿਹੜੀ ਅਰਦਾਸ ਕਰਦੇ ਰਹੇ ਹਾਂ, ਉਹ ਆਖ਼ਰ ਪੂਰੀ ਹੋ ਗਈ ਹੈ। ਜਿਸ ਪਾਵਨ ਪਵਿੱਤਰ ਥਾਂ ਕਰਤਾਰਪੁਰ ਸਾਹਿਬ ਵਿਖੇ ਸਿੱਖ ਪੰਥ ਦੇ ਬਾਨੀ ਬਾਬੇ ਨਾਨਕ ਨੇ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਵਾਹੀ ਖੇਤੀ ਕਰ ਕੇ ''ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ'' ਦਾ ਸੰਦੇਸ਼ ਦਿਤਾ, ਹੁਣ ਉਹ ਥਾਂ ਵਿਸ਼ਵ ਵਿਚ ਵਸਦੇ ਸਿੱਖ ਸ਼ਰਧਾਲੂਆਂ ਲਈ ਦਰਸ਼ਨਾਂ ਲਈ ਖੋਲ੍ਹ ਦਿਤੀ ਗਈ ਹੈ।

ਭਾਰਤ ਵਾਲੇ ਪਾਸਿਉਂ ਦੇਸ਼ ਦੇ ਉੱਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਨੇੜੇ ਪਿੰਡ ਮਾਨ ਵਿਚ ਲਾਂਘੇ ਲਈ ਨੀਂਹ ਪੱਥਰ ਰੱਖ ਦਿਤਾ ਹੈ। ਪਾਕਿਸਤਾਨ ਵਾਲੇ ਪਾਸਿਉਂ ਇਹ ਸ਼ੁੱਭ ਕਾਰਜ ਖ਼ੁਦ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖ਼ਾਨ ਤੇ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਕਰ ਦਿਤਾ ਗਿਆ ਹੈ।

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਆਜ਼ਾਦੀ ਤੋਂ ਪਿਛੋਂ ਚਾਰ ਮੌਕਿਆਂ 'ਤੇ ਵਿਸ਼ਵ ਵਿਚ ਵਸਦੇ ਸਿੱਖ ਸ਼ਰਧਾਲੂ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਵਿਸਾਖੀ ਮੌਕੇ ਸਾਲ ਵਿਚ ਚਾਰ ਵਾਰ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਯਾਤਰਾ ਕਰਨ ਜਾਂਦੇ ਹਨ। ਇਸ ਲਈ ਮੁੱਖ ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕਰਦੀ ਹੈ। ਉਧਰ ਇਨ੍ਹਾਂ ਸਿੱਖ ਯਾਤਰੂਆਂ ਦੀ ਰਿਹਾਇਸ਼ ਤੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਉਕਾਫ਼ ਬੋਰਡ ਕੋਲ ਸੀ ਪਰ ਜਦੋਂ ਤੋਂ ਉਥੇ ਵੀ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਬਣ ਗਈ ਹੈ,

ਉਦੋਂ ਤੋਂ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਇਸ ਦੇ ਹਵਾਲੇ ਹੈ। ਇਹ ਸ਼ਰਧਾਲੂ ਭਾਵੇਂ ਪਾਕਿਸਤਾਨ ਜਾਂਦੇ ਹਨ ਪਰ ਇਨ੍ਹਾਂ ਨੂੰ ਲਾਹੌਰ, ਨਨਕਾਣਾ ਸਾਹਿਬ, ਪੰਜਾ ਸਾਹਿਬ, ਏਮਨਾਬਾਦ, ਰਾਵਲਪਿੰਡੀ, ਇਕ ਦੋ ਹੋਰ ਥਾਵਾਂ ਉਤੇ ਲਿਜਾਇਆ ਜਾਂਦਾ ਹੈ। ਪਹਿਲਾਂ ਕਰਤਾਰਪੁਰ ਸਾਹਿਬ ਨਹੀਂ ਸੀ ਜਾਣ ਦਿਤਾ ਜਾਂਦਾ ਪਰ ਹੁਣ ਇਹ ਉਥੇ ਜਾ ਸਕਣਗੇ। ਇਨ੍ਹਾਂ ਦਾ ਲਾਂਘਾ ਡੇਰਾ ਬਾਬਾ ਨਾਨਕ ਰਾਹੀਂ ਹੋਵੇਗਾ ਜਿਥੋਂ ਇਹ ਗੁਰਦਵਾਰਾ ਲਗਭਗ ਚਾਰ ਕਿਲੋਮੀਟਰ ਦੂਰ ਹੈ। ਇਸ ਵਿਚਕਾਰ ਦਰਿਆ ਰਾਵੀ ਵੀ ਪੈਂਦਾ ਹੈ। ਬਿਨਾਂ ਸ਼ੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਦੀ ਮੰਗ ਬੜੀ ਚਿੱਰਕਾਲੀ ਹੈ।

ਠੋਸ ਆਧਾਰ ਉਦੋਂ ਬਣਿਆ ਜਦੋਂ ਇਕ ਤਾਂ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣੇ ਤੇ ਦੂਜਾ ਨਵਜੋਤ ਸਿੰਘ ਸਿੱਧੂ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਸਮੇਂ ਸਹੁੰ ਚੁੱਕ ਇਜਲਾਸ ਵਿਚ ਪਹੁੰਚੇ। ਪਾਕਿਸਤਾਨੀ ਫ਼ੌਜ ਮੁਖੀ ਜਨਰਲ ਬਾਜਵਾ ਨੇ ਨਵਜੋਤ ਸਿੱਧੂ ਨੂੰ ਜੱਫੀ ਵਿਚ ਲੈਂਦਿਆਂ ਇਹ ਕਿਹਾ ਕਿ ਪਾਕਿਸਤਾਨ ਸਰਕਾਰ ਛੇਤੀ ਹੀ ਕਰਤਾਰਪੁਰ ਲਾਂਘਾ ਖੋਲ੍ਹ ਰਹੀ ਹੈ। ਦੁਨੀਆਂ ਵਿਚ ਵਸਦੇ ਸਿੱਖਾਂ ਲਈ ਇਹ ਬੜੀ ਵੱਡੀ ਖ਼ੁਸ਼ੀ ਦੀ ਖ਼ਬਰ ਸੀ ਜਿਹੜੀ ਨਵਜੋਤ ਸਿੱਧੂ ਰਾਹੀਂ ਉਨ੍ਹਾਂ ਨੂੰ ਮਿਲੀ ਸੀ। ਖ਼ਬਰ ਤਾਂ ਵਾਕਿਆ ਈ ਖ਼ੁਸ਼ੀ ਦੀ ਸੀ। ਇਸ ਵਿਚ ਚੂੰਕਿ ਦੋ ਦੇਸ਼, ਪਾਕਿਸਤਾਨ ਤੇ ਭਾਰਤ ਸ਼ਾਮਲ ਸਨ, ਇਸ ਲਈ ਪਾਕਿਸਤਾਨ ਨੇ ਤਾਂ ਲਗਭਗ ਪਹਿਲ ਕਰ ਹੀ ਦਿਤੀ ਸੀ

ਪਰ ਭਾਰਤ ਅਪਣੇ ਸੁਭਾਅ ਮੁਤਾਬਕ ਨਾਂਹ ਨੁਕਰ ਕਰਨ ਲੱਗ ਪਿਆ। ਉਲਟਾ ਸਿੱਧੂ ਉਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾਏ ਜਾਣ ਲੱਗੇ। ਕਿਸੇ ਨੇ ਉਸ ਨੂੰ ਗ਼ੱਦਾਰ ਕਿਹਾ, ਕਿਸੇ ਨੇ ਦੇਸ਼ਧ੍ਰੋਹੀ ਤੇ ਇਕ ਦੋ ਨੇ ਉਸ ਵਿਰੁਧ ਮੁਕਦਮੇ ਵੀ ਦਰਜ ਕਰਵਾ ਦਿਤੇ। ਕੁੱਝ ਨੇ ਤਾਂ ਉਸ ਨੂੰ ਵਜ਼ੀਰੀ ਤੋਂ ਲਾਹ ਦੇਣ ਦੀ ਗੱਲ ਵੀ ਆਖ ਦਿਤੀ। ਕੁੱਝ ਇਕ ਨੇ ਤਾਂ ਏਨਾ ਕਹਿ ਕੇ ਵੀ ਜ਼ੁਬਾਨ ਦੀ ਉੱਲੀ ਝਾੜ ਲਈ ਕਿ ਉਹ ਭਾਰਤੀ ਫ਼ੌਜੀਆਂ ਦੇ ਕਾਤਲ ਪਾਕਿਸਤਾਨੀਆਂ ਨਾਲ ਜੱਫੀਆਂ ਪਾਈ ਫਿਰਦਾ ਹੈ। ਇਹ ਭਾਰਤੀ ਸ਼ਹੀਦਾਂ ਦਾ ਨਿਰਾਦਰ ਹੈ। ਜਿੰਨੇ ਮੂੰਹ ਓਨੀਆਂ ਗੱਲਾਂ।

ਅਕਾਲੀ ਦਲ ਜਿਹੜਾ ਖ਼ੁਦ ਇਸ ਲਾਂਘੇ ਲਈ ਵੱਡਾ ਝੰਡਾ ਬਰਦਾਰ ਬਣਿਆ ਹੋਇਆ ਸੀ, ਉਹ ਵੀ ਸਿੱਧੂ ਨੂੰ ਗੌਲਣ ਲੱਗਾ ਅੱਗਾ ਪਿੱਛਾ ਨਹੀਂ ਸੀ ਵੇਖ ਰਿਹਾ। ਇਸ ਸੱਭ ਦੇ ਬਾਵਜੂਦ ਵੀ ਸਿੱਧੂ ਅਪਣੀ ਧੁਨ ਦਾ ਪੱਕਾ ਰਿਹਾ। ਉਹ ਕੇਂਦਰੀ ਵਜ਼ੀਰ ਖ਼ਾਸ ਕਰ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲਦਾ ਰਿਹਾ ਅਤੇ ਇਸ ਲਾਂਘੇ ਦੀ ਪੈਰਵੀ ਕਰਦਾ ਰਿਹਾ। ਅੱਜ ਜਦੋਂ ਇਹ ਲਾਂਘਾ ਖੁਲ੍ਹ ਰਿਹਾ ਹੈ ਤਾਂ ਇਸ ਦਾ ਸਿਹਰਾ ਲੈਣ ਲਈ ਸਾਰੇ ਹੀ ਦੌੜ ਵਿਚ ਸ਼ਾਮਲ ਹੋ ਗਏ ਹਨ। ਉਹ ਲੋਕ ਵੀ ਜਿਹੜੇ ਪਾਕਿਸਤਾਨ ਤੇ ਨਵਜੋਤ ਸਿੰਘ ਨੂੰ ਬੁਰਾ ਭਲਾ ਕਹਿੰਦੇ ਨਹੀਂ ਸਨ ਥਕਦੇ।

ਅਸਲ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਤਾਂ ਸ਼ੁਰੂ ਵਿਚ ਹੀ ਮਨ ਬਣਾ ਲਿਆ ਸੀ। ਜੇਕਰ ਢਿੱਲ ਮੱਠ ਸੀ ਤਾਂ ਉਹ ਭਾਰਤ ਵਾਲੇ ਪਾਸਿਉਂ ਸੀ। ਆਖ਼ਰ ਇਹ ਦੋਹਾਂ ਮੁਲਕਾਂ ਦਾ ਸਾਂਝਾ ਕੰਮ ਸੀ। ਹੁਣ ਜਦੋਂ ਬਾਬੇ ਨਾਨਕ ਦਾ ਅਗਲੇ ਵਰ੍ਹੇ 550ਵਾਂ ਪ੍ਰਕਾਸ਼ ਉਤਸਵ ਵਿਸ਼ਵ ਭਰ ਵਿਚ ਮਨਾਇਆ ਜਾ ਰਿਹਾ ਹੈ ਤਾਂ ਇਸ ਤੋਂ ਭਲਾ ਹੋਰ ਕਿਹੜਾ ਵਧੀਆ ਮੌਕਾ ਹੋ ਸਕਦਾ ਸੀ, ਇਹ ਲਾਂਘਾ ਖੋਲ੍ਹਣ ਦਾ? ਭਾਰਤ ਸਰਕਾਰ ਨੇ ਵੀ ਇਸ ਦਾ ਇਕ ਤੀਰ ਦੋ ਨਿਸ਼ਾਨੇ ਲਗਾ ਕੇ ਲਾਹਾ ਲੈਣਾ ਮੁਨਾਸਬ ਸਮਝਿਆ। ਇਸ ਨਾਲ ਸਿੱਖ ਤਾਂ ਖ਼ੁਸ਼ ਹੋ ਹੀ ਜਾਣਗੇ। ਦੂਜਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਦੀ ਪਾਰਟੀ ਨੂੰ ਫ਼ਾਇਦਾ ਹੋ ਜਾਵੇਗਾ।

ਪਾਕਿਸਤਾਨ ਵਾਲੇ ਪਾਸਿਉਂ ਸਿਰਫ਼ ਬਾਬੇ ਨਾਨਕ ਦੇ ਜੀਵਨ ਫ਼ਲਸਫ਼ੇ ਨੂੰ ਮਹੱਤਤਾ ਦਿਤੀ ਗਈ ਕਿਉਂਕਿ ਬਾਬੇ ਨਾਨਕ ਨੇ ਅਵਤਾਰ ਆਖ਼ਰ ਉਸ ਧਰਤੀ ਉਤੇ ਹੀ ਧਾਰਿਆ ਸੀ। ਅੱਜ ਵੀ ਉਸ ਧਰਤੀ ਉਤੇ ਬਾਬੇ ਨਾਨਕ ਦੇ ਨਾਂ ਨਾਲ ਜੁੜੀਆਂ ਕਈ ਯਾਦਾਂ ਹਨ। ਨਨਕਾਣਾ ਸਾਹਿਬ ਜੋ ਉਸ ਵੇਲੇ ਰਾਏ ਭੋਏਂ ਦੇ ਪਿੰਡ ਤਲਵੰਡੀ ਵਜੋਂ ਜਾਣਿਆ ਜਾਂਦਾ ਸੀ, ਹੁਣ ਇਕ ਜ਼ਿਲ੍ਹਾ ਹੈ। ਇਥੇ ਬਾਬੇ ਨਾਨਕ ਦੇ ਨਾਂ ਉਤੇ ਇਕ ਯੂਨੀਵਰਸਟੀ ਵੀ ਕੰਮ ਕਰ ਰਹੀ ਹੈ। ਇਮਰਾਨ ਖ਼ਾਨ ਨੇ ਇਕ ਸੱਚੇ ਸ਼ਰਧਾਲੂ ਵਜੋਂ ਇਸ ਖ਼ੁਸ਼ੀ ਦੇ ਮੌਕੇ ਉਤੇ ਕਰਤਾਰਪੁਰ ਦਾ ਲਾਂਘਾ ਖੋਲ੍ਹ ਕੇ ਯਕੀਨਨ ਹੀ ਸਿੱਖ ਸ਼ਰਧਾਲੂਆਂ, ਖ਼ਾਸ ਕਰ ਕੇ ਅਪਣੇ ਦੋਸਤ ਨਵਜੋਤ ਸਿੰਘ ਸਿੱਧੂ ਦਾ ਦਿਲ ਜਿੱਤ ਲਿਆ ਹੈ।

ਇਹ ਜ਼ਿਕਰ ਮਹਿਜ਼ ਇਤਫ਼ਾਕ ਹੀ ਹੋਵੇਗਾ ਕਿ ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਕੌਮਾਂਤਰੀ ਕ੍ਰਿਕਟ ਮੈਚਾਂ ਸਮੇਂ ਆਪਸ ਵਿਚ ਬੜੇ ਨਿੱਘੇ ਦੋਸਤ ਰਹੇ ਹਨ। ਦੋਹਾਂ ਵਿਚ ਇਕ ਬੁਨਿਆਦੀ ਸਾਂਝ ਇਹ ਹੈ ਕਿ ਉਹ ਦੋਵੇਂ ਕ੍ਰਿਕਟ ਦੀ ਦੁਨੀਆਂ ਤੋਂ ਸਿਆਸਤ ਵਿਚ ਸ਼ਾਮਲ ਹੋਏ ਹਨ, ਇਮਰਾਨ ਖ਼ਾਨ ਕੌਮੀ ਸਿਆਸਤ ਵਿਚ ਤੇ ਨਵਜੋਤ ਸਿੱਧੂ ਸੂਬਾਈ ਸਿਆਸਤ ਵਿਚ ਹਾਲਾਂਕਿ ਉਹ ਸ਼ਾਮਲ ਤਾਂ ਕੌਮੀ ਸਿਆਸਤ ਵਿਚ ਹੀ ਹੋਇਆ ਸੀ ਪਰ ਉਸ ਦੀ ਪਾਰਟੀ ਦੇ ਕਰਤਾ ਧਰਤਾ ਜਾਂ ਤਾਂ ਉਸ ਦੀ ਕਾਬਲੀਅਤ ਅਤੇ ਦੇਸ਼ ਸੇਵਾ ਦੇ ਜਜ਼ਬੇ ਨੂੰ ਪਛਾਣ ਨਹੀਂ ਸਕੇ ਜਾਂ ਫਿਰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰਦੇ ਰਹੇ।

ਅਸਲ ਵਿਚ ਉਹ ਸਿਆਸਤ ਵਿਚ ਕੁੱਝ ਕਰ ਗੁਜ਼ਰਨਾ ਲੋਚਦਾ ਹੈ। ਲੀਡਰ ਉਸ ਨੂੰ ਰਾਹ ਨਹੀਂ ਸਨ ਦੇ ਰਹੇ। ਸ਼ਾਇਦ ਇਸੇ ਲਈ ਉਹ ਭਾਜਪਾ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਿਆ। ਪਿਛਲੇ ਡੇਢ ਸਾਲ ਵਿਚ ਮੰਤਰੀ ਵਜੋਂ ਉਸ ਦਾ ਕੰਮ ਜ਼ਿਕਰਯੋਗ ਰਿਹਾ ਹੈ। ਕਰਤਾਰਪੁਰ ਲਾਂਘੇ ਦੇ ਜ਼ਿਕਰ ਨਾਲ ਉਹ ਕੌਮਾਂਤਰੀ ਸੁਰਖ਼ੀਆਂ ਵਿਚ ਆ ਗਿਆ ਹੈ। ਇਮਰਾਨ ਖ਼ਾਨ ਨੇ ਵੀ ਉਸ ਨਾਲ ਪੂਰੀ ਦੋਸਤੀ ਨਿਭਾਈ। ਉਸ ਨੂੰ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਉਤੇ ਵੀ ਬੁਲਾਇਆ ਤੇ ਹੁਣ ਫਿਰ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਦੀ ਰਸਮ ਵੇਲੇ ਵੀ।

ਕਿਹਾ ਜਾ ਸਕਦਾ ਹੈ ਕਿ ਇਮਰਾਨ ਖ਼ਾਨ ਅਤੇ ਨਵਜੋਤ ਸਿੱਧੂ ਵਿਚ ਕ੍ਰਿਕਟ ਖੇਡਦਿਆਂ ਬਣੀ ਸਹਿਜ ਸੁਭਾਅ ਦੋਸਤੀ ਨੇ ਭਾਰਤ ਅਤੇ ਪਾਕਿਸਤਾਨ ਦੋ ਮੁਲਕਾਂ ਵਿਚ ਇਕ ਵਾਰੀ ਫਿਰ ਦੋਸਤੀ ਦਾ ਪੁਲ ਖੋਲ੍ਹ ਦਿਤਾ ਹੈ। ਲੋੜ ਇਸ ਪੁਲ ਦੀ ਸਲਾਮਤੀ ਨੂੰ ਬਰਕਰਾਰ ਰੱਖਣ ਦੀ ਹੈ। ਉਂਜ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇਹ ਯਤਨ ਕੋਈ ਨਵੇਂ ਨਹੀਂ ਸਗੋਂ ਬਹੁਤ ਜ਼ਿਆਦਾ ਪੁਰਾਣੇ ਹਨ। ਪੰਜਾਬ ਦੇ ਪ੍ਰਸਿੱਧ ਅਕਾਲੀ ਲੀਡਰ ਜਥੇ. ਕੁਲਦੀਪ ਸਿੰਘ ਵਡਾਲਾ ਪਿਛਲੇ 18 ਸਾਲਾਂ ਤੋਂ ਸਮੇਂ-ਸਮੇਂ ਅਪਣੇ ਜਥੇ ਨਾਲ ਡੇਰਾ ਬਾਬਾ ਨਾਨਕ ਸਾਹਿਬ ਵਾਲੇ ਪਾਸੇ ਆ ਕੇ ਅਰਦਾਸ ਕਰਦੇ ਰਹੇ ਹਨ।

ਇਕ ਰਿਪੋਟ ਮੁਤਾਬਕ ਉਹ ਘਟੋ ਘੱਟ 214 ਵਾਰ ਇਥੇ ਆ ਕੇ ਅਰਦਾਸ ਕਰ ਚੁਕੇ ਹਨ ਤੇ ਅਪਣੀ ਇਹ ਇੱਛਾ ਦਿਲ ਵਿਚ ਹੀ ਲੈ ਕੇ ਉਹ ਇਥੋਂ ਹਮੇਸ਼ਾਂ ਲਈ ਰੁਖ਼ਸਤ ਹੋ ਗਏ। ਜਥੇਦਾਰ ਕੁਲਦੀਪ ਸਿੰਘ ਵਡਾਲਾ ਐਮ ਐਲ ਏ ਵੀ ਰਹੇ। ਹੁਣ ਇਹੀ ਜ਼ਿੰਮੇਵਾਰੀ ਉਨ੍ਹਾਂ ਦੇ ਪੁੱਤਰ ਗੁਰਪ੍ਰਤਾਪ ਸਿੰਘ ਵਡਾਲਾ ਨਿਭਾ ਰਹੇ ਹਨ। ਸ੍ਰੀ ਵਡਾਲਾ ਵੀ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। ਇਸ ਤੋਂ ਬਿਨਾਂ ਹੋਰ ਵੀ ਲੱਖਾਂ ਅਭਿਲਾਸ਼ੀ ਇਸੇ ਤਾਂਘ ਵਿਚ ਹਨ। ਨੀਂਹ ਪੱਥਰ ਰਖੇ ਜਾਣ ਭਾਵੇਂ ਕੁੱਝ ਕੁ ਬੇਸਵਾਦੀ ਵੀ ਹੋਈ ਜਦੋਂ ਪੰਡਾਲ ਵਿਚ ਬੈਠੀਆਂ ਸੰਗਤਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਵੇਲੇ ਹੂਟਿੰਗ ਸ਼ੁਰੂ ਕਰ ਦਿਤੀ।

ਸੁਨੀਲ ਜਾਖੜ ਦੀ ਇਕ ਟਿੱਪਣੀ ਉਤੇ ਵੀ ਹਿੱਲਜੁਲ ਹੋਈ ਤੇ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਫ਼ੌਜ ਮੁਖੀ ਬਾਜਵਾ ਨੂੰ ਬਾਜ ਆਉਣ ਲਈ ਵੀ ਲਲਕਾਰ ਦਿਤਾ। ਇਹ ਦਸਣਾ ਕੁਥਾ ਨਹੀਂ ਹੋਵੇਗਾ ਕਿ ਭਾਰਤ ਤੇ ਪਾਕਿਸਤਾਨ ਗੁਆਂਢੀ ਦੇਸ਼ ਹਨ। ਬਦਕਿਸਮਤੀ ਨਾਲ ਦੋਹਾਂ ਦੀ ਸ਼ੁਰੂ ਤੋਂ ਹੀ ਆਪਸ ਵਿਚ ਨਹੀਂ ਬਣ ਸਕੀ ਜਾਂ ਬਣਨ ਨਹੀਂ ਦਿਤੀ ਗਈ। ਵਜ੍ਹਾ ਦੋਹਾਂ ਮੁਲਕਾਂ ਦੇ ਆਪੋ ਅਪਣੇ ਹਾਲਾਤ ਹਨ। ਭਾਰਤ ਲੋਕਰਾਜੀ ਹੈ ਤੇ ਪਾਕਿਸਤਾਨ ਲੋਕਰਾਜ ਦੇ ਸਾਏ ਹੇਠ ਫ਼ੌਜੀ ਹਕੂਮਤ ਵਾਲਾ। ਪਾਕਿਸਤਾਨ ਵਿਚ ਚੁਣੀ ਸਰਕਾਰ ਨਾਲੋਂ ਫ਼ੌਜ ਵਧੇਰੇ ਤਾਕਤਵਰ ਮੰਨੀ ਜਾਂਦੀ ਹੈ ਤੇ ਹੈ ਵੀ।

ਇਸ ਦਾ ਸਪੱਸ਼ਟ ਸਿੱਧਾ ਸਬੂਤ ਫ਼ੌਜੀ ਜਰਨੈਲਾਂ ਵਲੋਂ ਸਿਵਲੀਅਨ ਸਰਕਾਰਾਂ ਦੇ ਸਮੇਂ-ਸਮੇਂ ਤਖ਼ਤੇ ਪਲਟ ਦੇਣਾ ਹੈ। ਇਹ ਸਿਲਸਿਲਾ ਅਯੂਬ ਖ਼ਾਨ ਤੋਂ ਸ਼ੁਰੂ ਹੋਇਆ ਤੇ ਜਨਰਲ ਪ੍ਰਵੇਜ਼ ਮੁਸ਼ੱਰਫ਼ ਤਕ ਹਾਵੀ ਰਿਹਾ। ਹੁਣ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹਨ ਜਿਹੜੇ ਸਿਆਸੀ ਤੇ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਫ਼ੌਜ ਦੀਆਂ ਕਈ ਬਰੀਕੀਆਂ ਨੂੰ ਭਲੀ ਭਾਂਤ ਜਾਣਦੇ ਹਨ। ਉਹ ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ।

ਉਸ ਦੀ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਹੁਣ ਤਕ ਭਾਰਤ ਪ੍ਰਤੀ ਪਹੁੰਚ ਲਗਭਗ ਹਾਂ ਪੱਖੀ ਹੀ ਰਹੀ ਹੈ। ਜ਼ਰੂਰੀ ਹੈ ਕਿ ਅੱਗੋਂ ਵੀ ਇਹੋ ਜਿਹੀ ਹਾਂ ਪੱਖੀ ਸੋਚ ਦਾ ਹੁੰਗਾਰਾ ਮਿਲੇ। ਤਾਂ ਵੀ ਹਾਲ ਦੀ ਘੜੀ ਇਹ ਮੰਨ ਕੇ ਚਲਣਾ ਚਾਹੀਦਾ ਹੈ ਕਿ ਦੋਹਾਂ ਦੇਸ਼ਾਂ ਵਿਚ ਆਪਸੀ ਰਿਸ਼ਤਿਆਂ ਦੀ ਇਕ ਨਵੀਂ ਦਾਸਤਾਨ ਸ਼ੁਰੂ ਹੋਈ ਹੈ ਅਤੇ ਦੋਵੇਂ ਇਸ ਨੂੰ ਨਿਭਾਉਣ ਦਾ ਯਤਨ ਕਰਨਗੇ।

ਸ਼ੰਗਾਰਾ ਸਿੰਘ ਭੁੱਲਰ
ਸੰਪਰਕ : 98141-22870

Advertisement

 

Advertisement