
ਕੌਂਸਲੇਟ ਜਨਰਲ ਦੇ 12 ਮਹੀਨਿਆਂ ਦੇ ਅੰਦਰ ਖੁੱਲ੍ਹਣ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ ਹੈ।
Consulate General of India in Auckland: ਭਾਰਤ ਜਲਦੀ ਹੀ ਨਿਊਜ਼ੀਲੈਂਡ ਦੇ ਆਕਲੈਂਡ ’ਚ ਇਕ ਕੌਂਸਲੇਟ ਜਨਰਲ ਖੋਲ੍ਹੇਗਾ। ਨਿਊਜ਼ੀਲੈਂਡ ਵੱਡੀ ਗਿਣਤੀ ’ਚ ਐਨ.ਆਰ.ਆਈਜ਼ ਦਾ ਘਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਆਕਲੈਂਡ ’ਚ ਭਾਰਤੀ ਕੌਂਸਲੇਟ ਜਨਰਲ ਖੋਲ੍ਹਣ ਦੇ ਮਤੇ ਨੂੰ ਪ੍ਰਵਾਨਗੀ ਦੇ ਦਿਤੀ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਕੌਂਸਲੇਟ ਜਨਰਲ ਦੇ 12 ਮਹੀਨਿਆਂ ਦੇ ਅੰਦਰ ਖੁੱਲ੍ਹਣ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ ਹੈ। ਭਾਰਤ ਦਾ ਇਸ ਸਮੇਂ ਆਕਲੈਂਡ ’ਚ ਇਕ ਵਣਜ ਦੂਤਘਰ ਹੈ। ਕੌਂਸਲੇਟ ਜਨਰਲ ਦੇ ਖੁੱਲ੍ਹਣ ਨਾਲ ਕੌਂਸਲ ਜਨਰਲ ਦੀ ਨਿਯੁਕਤੀ ਦਾ ਰਾਹ ਪੱਧਰਾ ਹੋਵੇਗਾ। ਇਹ ਅਹੁਦਾ ਆਮ ਤੌਰ ’ਤੇ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਦੇ ਅਧਿਕਾਰੀ ਕੋਲ ਹੁੰਦਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਆਕਲੈਂਡ ਵਿਚ ਭਾਰਤ ਦੇ ਕੌਂਸਲੇਟ ਜਨਰਲ ਦੇ ਖੁੱਲ੍ਹਣ ਨਾਲ ਦੇਸ਼ ਦੇ ਕੂਟਨੀਤਕ ਤਾਣੇ-ਬਾਣੇ ਦਾ ਵਿਸਥਾਰ ਕਰਨ ਵਿਚ ਮਦਦ ਮਿਲੇਗੀ। ਇਸ ਨਾਲ ਭਾਰਤ ਦੇ ਰਣਨੀਤਕ ਅਤੇ ਵਪਾਰਕ ਹਿੱਤਾਂ ਨੂੰ ਉਤਸ਼ਾਹਤ ਕਰਨ ਅਤੇ ਆਕਲੈਂਡ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ।
ਅਧਿਕਾਰੀਆਂ ਨੇ ਦਸਿਆ ਕਿ ਨਿਊਜ਼ੀਲੈਂਡ ’ਚ ਭਾਰਤੀ ਮੂਲ ਦੇ ਕਰੀਬ 2,50,000 ਲੋਕ ਰਹਿੰਦੇ ਹਨ। ਇਨ੍ਹਾਂ ’ਚੋਂ 1.7 ਲੱਖ ਲੋਕ ਆਕਲੈਂਡ ’ਚ ਰਹਿੰਦੇ ਹਨ। ਭਾਰਤ-ਨਿਊਜ਼ੀਲੈਂਡ ਬਿਜ਼ਨਸ ਕੌਂਸਲ ਵੀ ਆਕਲੈਂਡ ’ਚ ਸਥਿਤ ਹੈ। ਨਿਊਜ਼ੀਲੈਂਡ ’ਚ ਭਾਰਤੀ ਹਾਈ ਕਮਿਸ਼ਨ ਵੈਲਿੰਗਟਨ ’ਚ ਹੈ।
(For more Punjabi news apart from Cabinet approves opening of Consulate General of India in Auckland, New Zealand, stay tuned to Rozana Spokesman)