
ਲੱਦਾਖ਼ 'ਚ ਚੀਨੀ ਹਿੰਸਾ 'ਤੇ ਭੜਕੇ ਅਮਰੀਕੀ ਸਾਂਸਦ ਕਿਹਾ, ਅਮਰੀਕਾ ਸ਼ਾਂਤ ਦੇਸ਼ਾਂ ਨੂੰ ਧਮਕਾਏ ਜਾਣ ਦੀ ਚੀਨ ਦੀ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗਾ
ਵਾਸ਼ਿੰਗਟਨ, 27 ਜੂਨ : ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸਾਂਸਦ ਨੇ ਕਿਹਾ ਹੈ ਕਿ ਪੂਰਬੀ ਲੱਦਾਖ਼ 'ਚ ਹਾਲ ਹੀ ਵਿਚ ਚੀਨ ਦੀ ਸਰਗਰਮੀ ਗੁਆਂਢੀਆਂ ਵਿਰੁਧ ਉਸ ਦੀ ਵੱਡੇ ਪੱਧਰ 'ਤੇ ਫ਼ੌਜ ਨੂੰ ਉਕਸਾਉਣ ਵਾਲੀ ਕਾਰਵਾਈ ਦਾ ਹਿੱਸਾ ਹੈ ਅਤੇ ਅਮਰੀਕਾ ਸ਼ਾਂਤ ਦੇਸ਼ਾਂ ਨੂੰ ਧਮਕਾਏ ਜਾਣ ਦੀ ਚੀਨ ਦੀ ਯੋਜਨਾਬੱਧ ਫ਼ੌਜੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗਾ।
ਕਾਂਗਰਸ ਮੈਂਬਰ ਟੇਡ ਯੋਹੋ ਨੇ ਕਿਹਾ ਕਿ ਹੁਣ ਦੁਨੀਆ ਲਈ ਇਕਜੁੱਟ ਹੋਣ ਅਤੇ ਚੀਨ ਨੂੰ ਇਹ ਦਸੱਣ ਦਾ ਸਮਾਂ ਆ ਗਿਆ ਹੈ ਕਿ ਬੱਸ ਹੁਣ ਬਹੁਤ ਹੋਇਆ। ਯੋਹੋ ਨੇ ਸ਼ੁਕਰਵਾਰ ਨੂੰ ਕਿਹਾ, ''ਭਾਰਤ ਪ੍ਰਤੀ ਚੀਨ ਦੀ ਕਾਰਵਾਈ ਚੀਨ ਦੀ ਕਮਿਊਨਿਸ਼ਟ ਪਾਰਟੀ ਦੇ ਵੱਡੇ ਰੁਝਾਨ ਦੇ ਅਨੁਕੂਲ ਹੈ ਕਿ ਖੇਤਰ 'ਚ ਅਪਣੇ ਗੁਆਢੀਆਂ ਵਿਰੁਧ ਵੱਡੇ ਪੱਧਰ 'ਤੇ ਫ਼ੌਜ ਦੀ ਸਰਗਰਮੀ ਸ਼ੁਰੂ ਕਰਨ ਲਈ ਕੋਵਿਡ-19 ਗਲੋਬਲ ਮਹਾਂਮਾਰੀ ਦਾ ਸਹਾਰਾ ਲਿਆ।''
Ted Yoho
ਰਿਪਬਲਿਕਨ ਸਾਂਸਦ ਨੇ ਟਵੀਟ ਕੀਤਾ ਕਿ ਅਮਰੀਕਾ ਸ਼ਾਂਤ ਦੇਸ਼ਾਂ ਨੂੰ ਡਰਾਉਣ-ਧਮਕਾਉਣ ਦੀ ਪਹਿਲਾਂ ਤੋਂ ਬਣਾਈ ਯੋਜਨਾਬੱਧ ਫ਼ੌਜੀ ਕਾਰਵਾਈ ਦਾ ਸਾਥ ਨਹੀਂ ਦੇਵੇਗਾ। ਇਸ ਤੋਂ ਪਹਿਲਾਂ ਪ੍ਰਤੀਨਿਧੀ ਸਭਾ 'ਚ ਸੱਭ ਤੋਂ ਲੰਮੇ ਸਮੇਂ ਤਕ ਭਾਰਤੀ-ਅਮਰੀਕੀ ਸਾਂਸਤ ਰਹੇ ਡਾ. ਏਮੀ ਬੇਰਾ ਨੇ ਭਾਰਤ ਨਾਲ ਸਰਹੱਦ 'ਤੇ ਚੀਨ ਦੀ ਹਿੰਸਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਨੇ ਟਵੀਟ ਕੀਤਾ, ''ਮੈਂ ਸਰਹੱਦੀ ਮੁੱਦਿਆਂ ਨੂੰ ਹੱਲ ਕਰਨ ਲਈ ਤਾਕਤ ਦੇ ਜਗ੍ਹਾ ਤਣਾਅ ਨੂੰ ਘੱਟ ਕਰਨ ਲਈ ਭਾਰਤ ਨਾਲ ਕੂਟਨੀਤਕ ਤੰਤਰ ਦਾ ਇਸਤੇਮਾਲ ਕਰਨ ਲਈ ਚੀਨ ਨੂੰ ਪ੍ਰੇਰਿਤ ਕਰਦਾ ਹਾਂ।'' ਏਸ਼ੀਆ ਮਾਮਲਿਆਂ ਦੀ ਸਦਨ ਦੀ ਵਿਦੇਸ਼ ਮਾਮਲਿਆਂ ਦੀ ਉਪ ਕੇਮਟੀ ਦੇ ਪ੍ਰਧਾਨ ਬੇਰਾ ਨੇ ਕਿਹਾ ਕਿ ਉਹ ਭਾਰਤ ਨਾਲ ਸਰਹੱਦ 'ਤੇ ਚੀਨ ਦੀ ਵੱਧ ਰਹੀ ਸਰਗਰਮੀ ਨੂੰ ਲੈ ਕੇ ਚਿੰਤਤ ਹਨ। (ਪੀਟੀਆਈ)