
ਉਬੇਰ ਦੀ ਵਰਤੋਂ ਕਰ ਕੇ 800 ਵਿਅਕਤੀਆਂ ਨੂੰ ਅਮਰੀਕਾ ’ਚ ਨਾਜਾਇਜ਼ ਰੂਪ ’ਚ ਦਾਖ਼ਲ ਕਰਵਾਇਆ
ਨਿਊਯਾਰਕ: 49 ਸਾਲਾਂ ਦੇ ਇਕ ਭਾਰਤੀ-ਅਮਰੀਕੀ ਵਿਅਕਤੀ ਨੂੰ ਨਾਜਾਇਜ਼ ਰੂਪ ’ਚ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਉਬਰ ਦਾ ਪ੍ਰਯੋਗ ਕਰ ਕੇ ਕੈਨੇਡਾ ਤੋਂ ਅਮਰੀਕਾ ਸਰਹੱਦ ’ਚ ਨਾਜਾਇਜ਼ ਰੂਪ ’ਚ ਦਾਖ਼ਲ ਕਰਵਾਉਣ ਅਤੇ ਫਿਰ ਮੱਧ-ਪਛਮੀ ਅਤੇ ਉਸ ਤੋਂ ਅੱਗੇ ਦੀਆਂ ਥਾਵਾਂ ’ਤੇ ਲਿਆਉਣ ਦੇ ਦੋਸ਼ ’ਚ ਤਿੰਨ ਸਾਲ ਤੋਂ ਵੱਧ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਕੈਨੇਫ਼ੋਰਨੀਆ ਦੇ ਐਲਕ ਗ੍ਰੋਵ ਦੇ ਰਾਜਿੰਦਰ ਪਾਲ ਸਿੰਘ ਉਰਫ਼ ਜਸਪਾਲ ਗਿੱਲ ਨੂੰ ਮੰਗਲਵਾਰ ਨੂੰ ਸੀਏਟਲ ਦੀ ਜ਼ਿਲ੍ਹਾ ਅਦਾਲਤ ’ਚ ਡਾਲਰਾਂ ਬਦਲੇ ਕੁਝ ਵਿਦੇਸ਼ੀਆਂ ਨੂੰ ਲੈ ਕੇ ਜਾਣ ਅਤੇ ਆਸਰਾ ਦੇਣ ਸਮੇਤ ਕਾਲੇ ਧਨ ਨੂੰ ਚਿੱਟਾ ਬਣਾਉਣ ਲਈ ਸਜ਼ਾ ਸੁਣਾਈ ਗਈ।
ਰਾਜਿੰਦਰ ਪਾਲ ਸਿੰਘ ਨੇ ਫਰਵਰੀ ’ਚ ਅਪਣਾ ਗੁਨਾਹ ਕਬੂਲ ਕਰਦਿਆਂ ਮੰਨਿਆ ਸੀ ਕਿ ਉਸ ਨੇ ਤਸਕਰੀ ਗਰੋਹ ਦੇ ਮੁੱਖ ਮੈਂਬਰ ਵਜੋਂ ਪੰਜ ਲੱਖ ਡਾਲਰ ਤੋਂ ਵੱਧ ਦੀ ਰਕਮ ਲਈ ਸੀ, ਜੋ ਲੋਕਾਂ ਨੂੰ ਨਾਜਾਇਜ਼ ਰੂਪ ’ਚ ਸਰਹੱਦ ਪਾਰ ਕਰਵਾਉਣ ਲਈ ਉਬਰ ਦੀ ਵਰਤੋਂ ਕਰਦਾ ਸੀ।
ਕਾਰਜਕਾਰੀ ਅਮਰੀਕੀ ਅਟਾਰਨੀ ਟੈਸ ਐਮ. ਗੋਰਮਨ ਨੇ ਕਿਹਾ, ‘‘ਚਾਰ ਸਾਲ ਦੇ ਸਮੇਂ ਦੌਰਾਨ ਰਾਜਿੰਦਰ ਪਾਲ ਸਿੰਘ ਨੇ 800 ਤੋਂ ਵੱਧ ਲੋਕਾਂ ਨੂੰ ਉੱਤਰੀ ਸਰਹੱਦ ਪਾਰ ਅਤੇ ਵਾਸ਼ਿੰਗਟਨ ’ਚ ਅਮਰੀਕਾ ’ਚ ਤਸਕਰੀ ਲਈ ਲਿਆਉਣ ਦਾ ਪ੍ਰਬੰਧ ਕੀਤਾ।’’ ਉਨ੍ਹਾਂ ਕਿਹਾ ਕਿ ਸਾਜ਼ਸ਼ ’ਚ ਰਾਜਿੰਦਰ ਪਾਲ ਸਿੰਘ ਦੀ ਮਦਦ ਨਾਲ ਤਸਕਰੀ ਕਰ ਕੇ ਲਿਆਂਦੇ ਲੋਕਾਂ ’ਤੇ 70 ਹਜ਼ਾਰ ਡਾਲਰ ਦਾ ਭਾਰ ਕਰਜ਼ ਚੜ੍ਹ ਗਿਆ। ਮਾਮਲੇ ’ਚ ਦਰਜ ਰੀਕਾਰਡ ਅਨੁਸਾਰ, ਜੁਲਾਈ 2018 ਦੀ ਸ਼ੁਰੂਆਤ ’ਚ ਰਾਜਿੰਦਰ ਪਾਲ ਸਿੰਘ ਅਤੇ ਉਸ ਦੇ ਸਹਿ-ਸਾਜ਼ਸ਼ਕਰਤਾਵਾਂ ’ਚ ਕੈਨੇਡਾ ਦੇ ਸੀਏਟਲ ਇਲਾਕੇ ’ਚ ਨਾਜਾਇਜ਼ ਰੂਪ ’ਚ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਲੈ ਕੇ ਜਾਣ ਲਈ ਉਬਰ ਦਾ ਪ੍ਰਯੋਗ ਕੀਤਾ ਗਿਆ ਸੀ।
ਇਕ ਵਾਰੀ ਜਦੋਂ ਗ਼ੈਰ-ਨਾਗਰਿਕਾਂ ਨੂੰ ਅਮਰੀਕਾ ’ਚ ਤਸਕਰੀ ਕਰ ਕੇ ਲਿਆਂਦਾ ਗਿਆ ਤਾਂ ਰਾਜਿੰਦਰ ਪਾਲ ਸਿੰਘ ਹੋਰ ਸਾਜ਼ਸ਼ਕਰਤਾਵਾਂ ਨਾਲ ਤਾਲਮੇਲ ਕਰ ਕੇ ਕਿਰਾਏ ’ਤੇ ਇਕਪਾਸੜ ਗੱਡੀ ਦਾ ਪ੍ਰਯੋਗ ਕਰ ਕੇ ਇਨ੍ਹਾਂ ਵਿਅਕਤੀਆਂ ਨੂੰ ਵਾਸ਼ਿੰਗਟਨ ਬਾਹਰ ਉਨ੍ਹਾਂ ਦੀਆਂ ਮੰਜ਼ਿਲਾਂ ਤਕ ਪਹੁੰਚਾਉਂਦੇ ਸਨ। ਉਸ ਨੇ ਅਪਣੇ ਸਾਜ਼ਸ਼ਕਰਤਾਵਾਂ ਨਾਲ ਮਿਲ ਕੇ ਕਾਲੇ ਪੈਸੇ ਨੂੰ ਚਿੱਟਾ ਕਰਨ ਲਈ ਕਈ ਗੁੰਝਲਦਾਰ ਤਰੀਕਿਆਂ ਦਾ ਪ੍ਰਯੋਗ ਕੀਤਾ।
ਇਹ ਵੀ ਪੜ੍ਹੋ: ਦੇਸ਼ ’ਚ ਬੈਂਕਾਂ ਦਾ ਫਸਿਆ ਕਰਜ਼ ਇਕ ਦਹਾਕੇ ਦੇ ਸਭ ਤੋਂ ਹੇਠਲੇ ਪੱਧਰ ’ਤੇ
ਤਸਕਰੀ ਦੀ ਇਹ ਯੋਜਨਾ 2018 ਤੋਂ ਚਲ ਰਹੀ ਸੀ। ਮਹਾਮਾਰੀ ਦੌਰਾਨ ਇਹ ਹੌਲੀ ਹੋ ਗਈ ਸੀ ਜਦੋਂ ਕੈਨੇਡਾ ਗ਼ੈਰ-ਨਾਗਰਿਕਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ। ਪਰ ਪਾਬੰਦੀਆਂ ਹਟਣ ਮਗਰੋਂ ਇਸ ’ਚ ਤੇਜ਼ੀ ਆਈ।ਕੁਲ ਮਿਲਾ ਕੇ ਜਾਂਚ ਦਾ ਅੰਦਾਜ਼ਾ ਹੈ ਕਿ ਜੁਲਾਈ 2018 ਅਤੇ ਅਪ੍ਰੈਲ 2022 ਵਿਚਕਾਰ ਇਸ ਤਸਕਰੀ ਗਰੋਹ ਨਾਲ ਜੁੜੇ 17 ਉਬਰ ਖਾਤਿਆਂ ਜ਼ਰੀਏ 80 ਹਜ਼ਾਰ ਡਾਲਰ ਤੋਂ ਵੱਧ ਖ਼ਰਚ ਕੀਤੇ।
ਕੈਲੇਫ਼ੋਰਨੀਆ ਦੇ ਏਲਕ ਗ੍ਰੋਵ ’ਚ ਉਨ੍ਹਾਂ ਦੇ ਘਰ ਦੀ ਤਲਾਸ਼ੀ ਦੌਰਾਨ ਜਾਂਚਕਰਤਾਵਾਂ ਨੂੰ ਲਗਭਗ 45 ਹਜ਼ਾਰ ਡਾਲਰ ਨਕਦ ਅਤੇ ਨਾਲ ਹੀ ਨਕਲੀ ਪਛਾਣ ਵਾਲੇ ਦਸਤਾਵੇਜ਼ ਮਿਲੇ। ਰਾਜਿੰਦਰ ਪਾਲ ਸਿੰਘ ’ਤੇ ਪੰਜ ਲੱਖ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ ਅਤੇ ਉਸ ਦੀ ਨਕਦੀ ਅਤੇ ਨਿਜੀ ਜਾਇਦਾਦ ਨੂੰ ਵੀ ਜ਼ਬਤ ਕਰ ਲਿਆ ਜਾਵੇਗਾ।
ਅਦਾਲਤ ਨੇ ਕਿਹਾ, ‘‘ਇਹ ਜੁਰਮ ਨਾ ਸਿਰਫ਼ ਸਾਡੇ ਦੇਸ਼ ਲਈ ਇਕ ਸੁਰਖਿਆ ਜੋਖਮ ਸੀ, ਬਲਕਿ ਇਸ ਨੇ ਭਾਰਤ ਤੋਂ ਅਮਰੀਕਾ ਤਕ ਕਈ ਹਫ਼ਤਿਆਂ ਤਕ ਚੱਲਣ ਵਾਲੇ ਤਸਕਰੀ ਮਾਰਗ ਦੌਰਾਨ ਤਸਕਰੀ ਕਰ ਕੇ ਲਿਆਂਦੇ ਗਏ ਲੋਕਾਂ ਨੂੰ ਵੀ ਸੁਰਖਿਆ ਜੋਖਮ ’ਚ ਪਾ ਦਿਤਾ।’’ ਅਟਾਰਨੀ ਦਫ਼ਤਰ ਅਨੁਸਾਰ, ਰਾਜਿੰਦਰ ਪਾਲ ਸਿੰਘ ਨੂੰ ਜੇਲ ਦੀ ਸਜ਼ਾ ਤੋਂ ਬਾਅਦ ਡੀਪੋਰਟ ਕਰ ਦਿਤਾ ਜਾਵੇਗਾ।