
ਵਿੰਸਟਨ ਪੀਟਰ ਡੇਢ ਸਾਲ ਲਈ ਉਪ ਪ੍ਰਧਾਨ ਮੰਤਰੀ ਬਣੇ
New Zealand prime minister: ਨਿਊਜ਼ੀਲੈਂਡ ਦੇ ਵਿਚ ਬੀਤੀ 14 ਅਕਤੂਬਰ ਨੂੰ ਪਈਆਂ ਵੋਟਾਂ ਅਤੇ 3 ਨਵੰਬਰ ਨੂੰ ਆਏ ਸਰਕਾਰੀ ਨਤੀਜਿਆਂ ਬਾਅਦ ਨਿਊਜ਼ੀਲੈਂਡ ਵਿਚ ਤਿੰਨ ਰਾਜਸੀ ਪਾਰਟੀਆਂ ਦੇ ਗਠਜੋੜ ਵਾਲੀ ਨਵੀਂ ਸਰਕਾਰ ਨੈਸ਼ਨਲ ਪਾਰਟੀ ਦੀ ਅਗਵਾਈ ਵਿਚ ਅੱਜ ਆਖ਼ਰ ਬਣ ਹੀ ਗਈ। ਗਵਰਨਰ ਹਾਊਸ ਵਿਚ ਸਹੁੰ ਚੁਕ ਸਮਾਗਮ ਹੋਇਆ ਤੇ ਨੈਸ਼ਨਲ ਪਾਰਟੀ ਦੇ ਨੇਤਾ ਕਿ੍ਰਸ ਲਕਸਨ ਦੇਸ਼ ਦੇ 42ਵੇਂ ਪ੍ਰਧਾਨ ਮੰਤਰੀ ਬਣ ਗਏ। ਦੇਸ਼ ਦੀ ਗਵਰਨਰ ਜਨਰਲ ਡੇਮ ਸਿੰਡੀ ਕੀਰੋ ਨੇ ਇਹ ਸਹੁੰ ਚੁਕਾਈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਪਹਿਲੇ ਪ੍ਰਧਾਨ ਮੰਤਰੀ ਹੈਨਰੀ ਸੀਵੈਲ 7 ਮਈ 1856 ਨੂੰ ਬਣੇ ਸਨ ਅਤੇ ਉਦੋਂ ਤੋਂ ਹੀ ਇਹ ਪ੍ਰਣਾਲੀ ਜਾਰੀ ਹੈ।
ਨੈਸ਼ਨਲ ਪਾਰਟੀ ਜਿਸ ਨੇ ਕੁਲ 121 ਸੀਟਾਂ ਵਿਚੋਂ 43 ਸੀਟਾਂ ਉਤੇ ਵੋਟਾਂ ਰਾਹੀਂ ਜਿੱਤ ਹਾਸਲ ਕੀਤੀ ਅਤੇ 5 ਸੀਟਾਂ ਪਾਰਟੀ ਵੋਟ ਦੇ ਆਧਾਰ ਉਤੇ ਜਿੱਤੀਆਂ ਸਨ। ਸਰਕਾਰ ਬਣਾਉਣ ਵਾਸਤੇ 61 ਸੀਟਾਂ ਦੀ ਜ਼ਰੂਰਤ ਸੀ ਇਸ ਕਰ ਕੇ ਐਕਟ ਪਾਰਟੀ ਦੀਆਂ 11 ਸੀਟਾਂ ਅਤੇ ਨਿਊਜ਼ੀਲੈਂਡ ਫ਼ਸਟ ਦੀਆਂ 8 ਸੀਟਾਂ ਦਾ ਰਲੇਵਾਂ ਕਰ ਕੇ ਲਿਖਤੀ ਗਠਜੋੜ ਕੀਤਾ ਗਿਆ ਤੇ ਜਨਤਾ ਨੂੰ ਦਸਿਆ ਗਿਆ।
ਦੋ ਵਖਰੇ-ਵਖਰੇ ਸਮਝੌਤੇ ਹੋਏ ਜਿਸ ਤਹਿਤ ਨਿਊਜ਼ੀਲੈਂਡ ਫ਼ਸਟ ਪਾਰਟੀ ਦੇ ਨੇਤਾ ਵਿੰਸਟਨ ਪੀਟਰ ਪਹਿਲੇ 18 ਮਹੀਨੇ ਉਪ ਪ੍ਰਧਾਨ ਮੰਤਰੀ ਰਹਿਣਗੇ ਅਤੇ ਐਕਟ ਪਾਰਟੀ ਦੇ ਨੇਤਾ ਡੇਵਿਡ ਸੀਮੋਰ ਅਗਲੇ 18 ਮਹੀਨੇ ਉਪ ਮੁੱਖ ਮੰਤਰੀ ਰਹਿਣਗੇ। ਮੰਤਰੀ ਮੰਡਲ ਵਿਚ 20 ਮੈਂਬਰ ਲਏ ਗਏ ਹਨ। 14 ਮੰਤਰੀ ਨੈਸ਼ਨਲ ਪਾਰਟੀ ਦੇ ਹਨ ਜਦਕਿ ਤਿੰਨ ਮੰਤਰੀ ਐਕਟ ਪਾਰਟੀ ਅਤੇ ਨਿਊਜ਼ੀਲੈਂਡ ਫ਼ਸਟ ਪਾਰਟੀ ਦੇ ਹਨ।
ਪ੍ਰਧਾਨ ਮੰਤਰੀ ਨੇ ਪਹਿਲੀ ਮੀਡੀਆ ਕਾਨਫ਼ਰੰਸ ਵਿਚ ਕਿਹਾ,‘‘ਸਰਕਾਰ ਦਾ ਪਹਿਲਾ ਕੰਮ ਦੇਸ਼ ਦੀ ਆਰਥਕਤਾ ਨੂੰ ਠੀਕ ਕਰਨਾ ਹੈ। ਸਾਨੂੰ ਅਸਲ ਵਿਚ ਰਹਿਣ-ਸਹਿਣ ਦੀਆਂ ਲਾਗਤਾਂ ਨੂੰ ਘਟਾਉਣਾ ਹੈ, ਮਹਿੰਗਾਈ ਨੂੰ ਕਾਬੂ ਵਿਚ ਰਖਣਾ ਹੈ ਤਾਂ ਜੋ ਅਸੀਂ ਵਿਆਜ ਦਰਾਂ ਨੂੰ ਘਟਾ ਸਕੀਏ, ਅਸੀਂ ਭੋਜਨ ਨੂੰ ਹੋਰ ਕਿਫਾਇਤੀ ਬਣਾ ਸਕੀਏ। ਸਾਡਾ ਬਹੁਤ ਸਾਰਾ ਧਿਆਨ ਮਹਿੰਗਾਈ ਦੇ ਮੂਲ ਕਾਰਨਾਂ ਨਾਲ ਨਜਿੱਠਣ ’ਤੇ ਹੈ।’’
ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਨੇ ਵੀ ਕਿਹਾ,‘‘ਨਸਲੀ ਸਬੰਧਾਂ ਵਿਚ ਸੁਧਾਰ ਹੋਵੇਗਾ।’’ ਨਵੀਂ ਸਰਕਾਰ ਅਪਣੇ ਪਹਿਲੇ 100 ਦਿਨਾਂ ਦੇ ਚੋਣ ੍ਰਮੈਨੀਫ਼ੈਸਟੋ ਅਨੁਸਾਰ ਕੰਮਾਂ ਵਿਚ ਜੁਟਣ ਜਾ ਰਹੀ ਹੈ। ਗਠਜੋੜ ਕਰ ਕੇ ਕੁੱਝ ਵਾਅਦਿਆਂ ਵਿਚ ਤਬਦੀਲੀਆਂ ਵੀ ਸ਼ਾਮਲ ਹਨ। ਅੱਜ ਸਰਕਾਰ ਬਣਨ ਨਾਲ ਹੀ ਮੌਜੂਦਾ ਪ੍ਰਧਾਨ ਮੰਤਰੀ ਕਿ੍ਰਸ ਹਿਪਕਿਨਜ਼ ਵਿਰੋਧੀ ਧਿਰ ਦੇ ਨੇਤਾ ਬਣ ਗਏ ਹਨ, ਇਨ੍ਹਾਂ ਨੇ ਪ੍ਰਧਾਨ ਮੰਤਰੀ ਕ੍ਰਿਸ ਲਕਸਨ ਨੂੰ ਵਧਾਈ ਦਿਤੀ ਹੈ। ਬੀਤੇ ਕਲ ਨੈਸ਼ਨਲ ਪਾਰਟੀ ਦੇ ਪੋਰਟ ਵਾਇਕਾਟੋ ਤੋਂ ਉਮੀਦਵਾਰ ਐਂਡਰੀਓ ਬੈਲੀ ਵੀ ਚੋਣ ਜਿੱਤ ਗਏ ਹਨ।