
ਅਦਾਲਤ ਨੇ ਫੈਸਲਾ ਸੁਣਾਇਆ ਕਿ ਉਸ ਦੇ ਜੀਵਨ ਭਰ ਦੇ ਸਿਆਸੀ ਅਧਿਕਾਰ ਵੀ ਖੋਹ ਲਏ ਗਏ ਹਨ
ਬੀਜਿੰਗ: ਚੀਨ ਦੀ ਇਕ ਅਦਾਲਤ ਨੇ ਇਕ ਸਾਬਕਾ ਬੈਂਕਰ ਨੂੰ 15.1 ਕਰੋੜ ਡਾਲਰ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਬੁਧਵਾਰ ਨੂੰ ਦਸਿਆ ਕਿ ਚੀਨ ਹੁਆਰੋਂਗ ਇੰਟਰਨੈਸ਼ਨਲ ਹੋਲਡਿੰਗਜ਼ (ਸੀ.ਆਈ.ਐਚ.) ਦੇ ਸਾਬਕਾ ਜਨਰਲ ਮੈਨੇਜਰ ਬਾਈ ਤਿਆਨਹੁਈ ਨੂੰ ਤਿਆਨਜਿਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਮੌਤ ਦੀ ਸਜ਼ਾ ਸੁਣਾਈ।
ਤਿਆਨਜਿਨ ਦੀ ਇਕ ਅਦਾਲਤ ਨੇ ਫੈਸਲਾ ਸੁਣਾਇਆ ਕਿ ਉਨ੍ਹਾਂ ਦੇ ਜੀਵਨ ਭਰ ਦੇ ਸਿਆਸੀ ਅਧਿਕਾਰ ਵੀ ਖੋਹ ਲਏ ਗਏ ਹਨ ਅਤੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਦਿਤੀ ਗਈ ਹੈ। ਉਨ੍ਹਾਂ ਦੀ ਗੈਰ-ਕਾਨੂੰਨੀ ਆਮਦਨ ਦੀ ਵਸੂਲੀ ਕੀਤੀ ਜਾਵੇਗੀ ਅਤੇ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕਰਵਾਈ ਜਾਵੇਗੀ।
ਅਦਾਲਤ ਨੇ ਕਿਹਾ ਕਿ ਬਾਈ ਨੇ ਵੱਡੀ ਰਕਮ ਦੇ ਬਦਲੇ ਪ੍ਰਾਪਤੀਆਂ ਅਤੇ ਫੰਡਿੰਗ ਪ੍ਰਾਜੈਕਟਾਂ ’ਚ ਦੂਜਿਆਂ ਦੀ ਮਦਦ ਕਰਨ ਲਈ ਅਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ, ‘‘ਬਾਈ ਦੀਆਂ ਕਾਰਵਾਈਆਂ ਰਿਸ਼ਵਤਖੋਰੀ ਦਾ ਅਪਰਾਧ ਹਨ। ਰਿਸ਼ਵਤ ਦੀ ਰਕਮ ਬਹੁਤ ਵੱਡੀ ਹੈ, ਅਪਰਾਧ ਦੇ ਹਾਲਾਤ ਗੰਭੀਰ ਹਨ ਅਤੇ ਇਸ ਦਾ ਸਮਾਜਕ ਪ੍ਰਭਾਵ ਬਹੁਤ ਬੁਰਾ ਹੈ, ਜਿਸ ਨਾਲ ਦੇਸ਼ ਅਤੇ ਲੋਕਾਂ ਦੇ ਹਿੱਤਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ।’’
ਸਾਲ 2012 ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਤਾ ’ਚ ਆਉਣ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕਈ ਚੀਨੀ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਗਈ ਹੈ ਪਰ ਮੌਤ ਦੀ ਸਜ਼ਾ ਬਹੁਤ ਘੱਟ ਦਿਤੀ ਗਈ ਹੈ ਕਿਉਂਕਿ ਉਨ੍ਹਾਂ ’ਚੋਂ ਜ਼ਿਆਦਾਤਰ ਨੇ ਅਪਣਾ ਦੋਸ਼ ਕਬੂਲ ਕਰ ਲਿਆ ਹੈ ਅਤੇ ਇਸ ਦੀ ਲਈ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੀ ਬਜਾਏ ਲੰਬੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਬਾਈ ਦੂਜੀ ਚੀਨੀ ਅਧਿਕਾਰੀ ਹੈ ਜਿਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਜਨਵਰੀ 2021 ’ਚ, ਇਸੇ ਅਦਾਲਤ ਨੇ ਸੀ.ਏ.ਐਮ. ਦੇ ਸਾਬਕਾ ਚੇਅਰਮੈਨ ਲਾਈ ਸ਼ਿਆਓਮਿਨ ਨੂੰ ਮੌਤ ਦੀ ਸਜ਼ਾ ਸੁਣਾਈ ਸੀ।