
ਇਸ ਰਿਪੋਰਟ 'ਚ ਅਸੀਂ ਗੱਲ ਕਰਾਂਗੇ ਅਫ਼ਗ਼ਾਨਿਸਤਾਨ 'ਚ ਸਿੱਖਾਂ ਦੀ ਸ਼ੁਰੂਆਤ ਤੋਂ ਲੈ ਕੇ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ਅਤੇ ਅਫ਼ਗ਼ਾਨਿਸਤਾਨ ਸਿੱਖਾਂ ਦੇ ਦੇਸ਼ ਛੱਡ ਕੇ ਆਉਣ ਦੀ
RSFC (Team Mohali)- "ਸਿੱਖ", ਇਹ ਸ਼ਬਦ ਜਦੋਂ ਵੀ ਅਸੀਂ ਸੁਣਦੇ ਹਾਂ ਤਾਂ ਸਾਨੂੰ ਇੱਕ ਮਹਾਨ ਤੇ ਨਿਡਰ ਕੌਮ ਦਾ ਇਤਿਹਾਸ ਚੇਤਾ ਆਉਂਦਾ ਹੈ। ਗੁਰੂ ਨਾਨਕ ਦੇ ਫਲਸਫੇ ਤੋਂ ਇਸਦੀ ਸ਼ੁਰੂਆਤ ਹੁੰਦੀ ਹੈ ਤੇ ਗੁਰੂ ਗੋਬਿੰਦ ਵੱਲੋਂ ਸਿਰਜੇ ਖਾਲਸਾ ਰੂਪ ਤੋਂ ਇਸਨੂੰ ਇਹ ਪਛਾਣ ਮਿਲਦੀ ਹੈ। ਸ਼ੁਰੂ ਤੋਂ ਹੀ ਜ਼ੁਲਮ ਦੇ ਖਿਲਾਫ ਡੱਟਣ ਵਾਲੀ ਇਹ ਕੌਮ ਤਸੀਹੇ ਸਹਿੰਦੀ ਰਹੀ ਪਰ ਇਹ ਕਦੇ ਹਾਰੀ ਨਹੀਂ ਭਾਵੇਂ ਸਾਹਮਣੇ ਲੱਖਾਂ ਦੀ ਫੋਜ ਹੀ ਕਿਉਂ ਨਾ ਹੋਵੇ ਪਰ...
ਜਿਥੇ ਭਾਰਤ ਤੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ 'ਚ ਸਿੱਖ ਕੌਮ ਅੱਗੇ ਵੱਧ ਰਹੀ ਹੈ ਓਥੇ ਹੀ ਇੱਕ ਸਮੇਂ ਇੱਕ ਦੇਸ਼ 'ਚ ਰਾਜ ਕਰਨ ਵਾਲੇ ਸਿੱਖ ਅੱਜ ਖਾਤਮੇ ਦੀ ਕਗਾਰ 'ਤੇ ਆ ਚੁੱਕੇ ਹਨ। ਅਸੀਂ ਗੱਲ ਕਰ ਰਹੇ ਹਾਂ ਅਫ਼ਗ਼ਾਨਿਸਤਾਨ ਦੇ ਸਿੱਖਾਂ ਦੀ। ਇਸ ਰਿਪੋਰਟ 'ਚ ਅਸੀਂ ਗੱਲ ਕਰਾਂਗੇ ਅਫ਼ਗ਼ਾਨਿਸਤਾਨ 'ਚ ਸਿੱਖਾਂ ਦੀ ਸ਼ੁਰੂਆਤ ਤੋਂ ਲੈ ਕੇ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ਅਤੇ ਅਫ਼ਗ਼ਾਨਿਸਤਾਨ ਸਿੱਖਾਂ ਦੇ ਦੇਸ਼ ਛੱਡ ਕੇ ਭਾਰਤ ਆਉਣ ਦੀ। ਇਸ ਰਿਪੋਰਟ ਦੇ ਪੜ੍ਹਾਅ ਹੇਠਾਂ ਪ੍ਰਕਾਰ ਹਨ:
1. ਅਫ਼ਗ਼ਾਨਿਸਤਾਨ 'ਚ ਸਿੱਖੀ ਦੀ ਸ਼ੁਰੂਆਤ
2. ਅਫ਼ਗ਼ਾਨਿਸਤਾਨ 'ਚ ਸਿੱਖੀ: 16ਵੀਂ ਸ਼ਤਾਬਦੀ ਤੋਂ ਲੈ ਕੇ 18ਵੀਂ ਸ਼ਤਾਬਦੀ ਤੱਕ
3. ਮਹਾਰਾਜਾ ਰਣਜੀਤ ਸਿੰਘ ਤੇ ਅਫ਼ਗ਼ਾਨਿਸਤਾਨ
4. ਅਫ਼ਗ਼ਾਨਿਸਤਾਨ 'ਚ ਸਿੱਖ ਕੌਮ ਅੰਤ ਤੱਕ
"ਅਫ਼ਗ਼ਾਨਿਸਤਾਨ 'ਚ ਸਿੱਖੀ ਦੀ ਸ਼ੁਰੂਆਤ"
ਮਾਨਵ-ਵਿਗਿਆਨੀ ਅਤੇ ਸਾਊਥ ਏਸ਼ੀਅਨ ਸਟੱਡੀਜ਼ ਦੇ ਵਿਦਵਾਨ ਰਾਜਰ ਬੈਲਾਰਡ ਨੇ ਆਪਣੀ 2011 ਦੀ ਰਚਨਾ, "ਅਫਗਾਨਿਸਤਾਨ ਦੀ ਹਿੰਦੂ ਅਤੇ ਸਿੱਖ ਆਬਾਦੀ ਦਾ ਇਤਿਹਾਸ ਅਤੇ ਵਰਤਮਾਨ ਸਥਿਤੀ" ਵਿਚ ਲਿਖਿਆ ਹੈ ਕਿ ਅਫਗਾਨਿਸਤਾਨ ਵਿਚ ਸਿੱਖ ਧਰਮ ਪੰਦਰਵੀਂ ਸਦੀ ਤੋਂ ਪੁਰਾਣਾ ਹੈ - ਅਤੇ ਇਸਲਈ ਇਹ ਧਰਮ ਵੀ ਉਨ੍ਹਾਂ ਹੀ ਪੁਰਾਣਾ ਹੈ।
Roger Ballard
ਬੈਲਾਰਡ ਦੀ ਕਲਪਨਾ ਹੈ ਕਿ ਅਫਗਾਨ ਸਿੱਖ ਦੇਸ਼ ਦੀ ਖੱਤਰੀ ਆਬਾਦੀ ਦੇ ਉਨ੍ਹਾਂ ਮੈਂਬਰਾਂ ਵਿਚੋਂ ਹਨ, ਜਿਨ੍ਹਾਂ ਨੇ ਨੌਵੀਂ ਅਤੇ 13ਵੀਂ ਸਦੀ ਦੇ ਵਿਚਕਾਰ ਖੇਤਰ ਵਿਚ ਬੁੱਧ ਅਤੇ ਇਸਲਾਮ ਵਿਚ ਪਰਿਵਰਤਨ ਦਾ ਵਿਰੋਧ ਕੀਤਾ ਸੀ, ਅਤੇ ਜਿਨ੍ਹਾਂ ਨੇ ਬਾਅਦ ਵਿਚ ਆਪਣੇ ਆਪ ਨੂੰ ਸਿੱਖ ਧਰਮ ਦੀਆਂ ਸਿੱਖਿਆਵਾਂ ਨਾਲ ਜੋੜ ਲਿਆ ਸੀ। ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿਚ ਇਸ ਧਰਮ ਦੀ ਸਥਾਪਨਾ ਕੀਤੀ ਸੀ।
ਇਤਿਹਾਸਕਾਰ ਇੰਦਰਜੀਤ ਸਿੰਘ ਨੇ ਆਪਣੀ 2019 ਦੀ ਰਚਨਾ "ਅਫਗਾਨ ਹਿੰਦੂਜ਼ ਐਂਡ ਸਿੱਖਜ਼: ਹਿਸਟਰੀ ਆਫ ਏ ਥਾਊਜ਼ੈਂਡ ਈਅਰਜ਼" ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ ਦੌਰਾਨ ਕਾਬੁਲ ਦੀ ਯਾਤਰਾ ਕੀਤੀ ਸੀ, ਜੋ ਸਿੱਖ ਧਰਮ ਦੇ ਸੰਦੇਸ਼ ਨੂੰ ਫੈਲਾਉਣ ਲਈ ਸ਼ੁਰੂ ਕੀਤੀ ਗਈ ਸੀ। ਇਹ ਉਸ ਸਮੇਂ ਹੈ ਜਦੋਂ ਖੱਤਰੀ ਆਬਾਦੀ ਦੇ ਲੋਕਾਂ ਨੇ "ਆਸਥਾ" 'ਤੇ ਭਰੋਸਾ ਜਤਾਇਆ ਸੀ,- ਸਿੰਘ ਲਿਖਦੇ ਹਨ।
Inderjeet Singh
"ਅਫ਼ਗ਼ਾਨਿਸਤਾਨ 'ਚ ਸਿੱਖੀ: 16ਵੀਂ ਸ਼ਤਾਬਦੀ ਤੋਂ ਲੈ ਕੇ 18ਵੀਂ ਸ਼ਤਾਬਦੀ ਤੱਕ"
ਵੱਖ-ਵੱਖ ਪ੍ਰਾਚੀਨ ਗ੍ਰੰਥਾਂ 'ਚ ਪਾਏ ਗਏ ਕਈ ਕਿੱਸਾਕਾਰ ਟੁਕੜੇ 16ਵੀਂ ਅਤੇ 18ਵੀਂ ਸਦੀ ਦੇ ਵਿਚਕਾਰ ਅਫਗਾਨਿਸਤਾਨ ਵਿਚ ਇੱਕ ਸਥਾਪਿਤ ਸਿੱਖ ਭਾਈਚਾਰੇ ਦੇ ਨਿਵਾਸ ਵੱਲ ਇਸ਼ਾਰਾ ਕਰਦੇ ਹਨ।
ਮੁਗਲ ਬਾਦਸ਼ਾਹ ਬਾਬਰ, ਜਿਸ ਨੇ 1504 ਵਿਚ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ। ਉਸਨੇ ਆਪਣੀ ਸਵੈ-ਜੀਵਨੀ ਬਾਬਰਨਾਮਾ ਵਿਚ ਕਾਬੁਲ ਵਿਚ ਹਿੰਦੁਸਤਾਨੀ ਆਬਾਦੀ, ਖਾਸ ਕਰਕੇ ਵਪਾਰੀਆਂ ਦੀ ਮੌਜੂਦਗੀ ਬਾਰੇ ਲਿਖਿਆ, ਜਿਸ ਨੂੰ ਉਸ ਨੇ 'ਹਿੰਦੁਸਤਾਨ ਦੀ ਆਪਣੀ ਮੰਡੀ' ਵੀ ਕਿਹਾ ਹੈ।
Babur
ਇੰਦਰਜੀਤ ਅਫਗਾਨਿਸਤਾਨ ਵਿਚ ਨਾਦਰ ਸ਼ਾਹ ਦੇ ਸ਼ਾਸਨ ਦਾ ਇਸ਼ਾਰਾ ਕਰਦੇ ਹੋਏ (ਜਿਸਨੇ 1738 ਨੂੰ ਦੇਸ਼ ਦੀ ਸੱਤਾ ਹਥਿਆ ਲਈ ਸੀ) ਨਰ ਲਿਖਿਆ "ਇਸ ਸਮੇਂ ਦੌਰਾਨ, ਸਿੱਖ ਇਤਿਹਾਸਕਾਰ ਬਹੁਤ ਸਾਰੇ ਨਾਮ ਅਤੇ ਉਦਾਹਰਣਾਂ ਦਰਜ ਕਰਦੇ ਹਨ ਜਦੋਂ ਕਾਬੁਲ ਤੋਂ ਸਿੱਖ ਪੈਰੋਕਾਰ ਇਸ ਖੇਤਰ ਵਿਚ ਆਏ ਜਿਸਨੂੰ ਹੁਣ ਪੂਰਬੀ ਪੰਜਾਬ (ਸਿੱਖ ਗੁਰੂਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ) ਕਿਹਾ ਜਾਣ ਲੱਗਾ।"
ਤੀਜੇ ਸਿੱਖ ਗੁਰੂ ਅਮਰਦਾਸ ਜੀ (1549-1574) ਦੇ ਵੰਸ਼ਜ, ਬਾਵਲ ਕਿਰਪਾਲ ਦਾਸ, ਨੇ ਮਹਿਮਾ ਪ੍ਰਕਾਸ਼ ਵਾਰਤਕ ਵਿਚ ਕਾਬੁਲ 'ਚ ਸਿੱਖਾਂ ਦੀ ਮੌਜੂਦਗੀ ਬਾਰੇ ਲਿਖਿਆ। ਇੱਕ ਸ਼ੁਰੂਆਤੀ ਸਿੱਖ ਹਾਜੀਓਗ੍ਰਾਫੀ "ਕਾਬੁਲੀ ਵਾਲੀ ਮਾਈ" ਜੋ1741 ਵਿਚ ਲਿਖੀ ਗਈ ਜਿਸਦੇ ਵਿਚ ਖਰੜੇ 'ਚ ਕਾਬੁਲ ਦੀ ਇੱਕ ਔਰਤ ਦਾ ਜ਼ਿਕਰ ਹੈ। "ਕਾਬੁਲੀ ਵਾਲੀ ਮਾਈ", ਜਿਸ ਨੇ ਪੂਰਬੀ ਪੰਜਾਬ ਵਿਚ ਗੁਰੂ ਅਮਰਦਾਸ ਜੀ ਦੁਆਰਾ ਗੋਇੰਦਵਾਲ ਬਾਉਲੀ ਦੇ ਨਿਰਮਾਣ ਦੌਰਾਨ ਸੇਵਾ ਕੀਤੀ ਸੀ।
ਇਸ ਸਮੇਂ ਦੌਰਾਨ ਅਫਗਾਨਿਸਤਾਨ ਵਿਚ ਕਈ ਗੁਰਦੁਆਰੇ ਵੀ ਨਿਰਮਾਣ ਕੀਤੇ ਗਏ ਸਨ:
ਪ੍ਰੋਫੈਸਰ ਗੰਡਾ ਸਿੰਘ, ਜਿਨ੍ਹਾਂ ਦਾ ਖੋਜ ਕਾਰਜ "ਅਫਗਾਨਿਸਤਾਨ ਦਾ ਸਫਰ" 1954 ਵਿਚ ਪ੍ਰਕਾਸ਼ਿਤ ਹੋਇਆ ਸੀ, ਲਿਖਦੇ ਹਨ ਕਿ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਨੇੜੇ, ਇੱਕ ਗੁਰਦੁਆਰਾ, ਜਿਸਦਾ ਨਾਮ ਗੁਰੂ ਦੇ ਇੱਕ ਅਨੁਯਾਈ ਗੁਰਦਾਸਪੁਰ ਦੇ ਇੱਕ ਖਾਸ ਬਾਬਾ ਗਨਕ ਬਖਸ਼ ਦੇ ਨਾਮ ਤੇ ਰੱਖਿਆ ਗਿਆ ਸੀ, ਕਾਬਲ ਵਿਚ ਸਥਾਪਿਤ ਕੀਤਾ ਗਿਆ।
ਸਿੱਖ ਵਿਦਵਤਾ ਇਹ ਵੀ ਦਰਸਾਉਂਦੀ ਹੈ ਕਿ ਪ੍ਰਮੁੱਖ ਧਾਰਮਿਕ ਸ਼ਖਸੀਅਤ ਭਾਈ ਗੁਰਦਾਸ ਜੀ ਨੇ ਪੰਜਵੇਂ ਸਿੱਖ ਗੁਰੂ ਗੁਰੂ ਅਰਜਨ ਦੇਵ (1563-1606) ਦੇ ਸਮੇਂ, ਖਾਲਸਾ ਗੁਰਦੁਆਰਾ ਬਣਾਇਆ ਸੀ, ਜੋ ਅੱਜ ਤੱਕ ਕਾਬਲ ਦੇ ਸ਼ੋਰ ਬਾਜ਼ਾਰ ਵਿਚ ਸਥਿਤ ਹੈ।
ਕਾਬਲ ਤੋਂ ਸਿੱਖਾਂ ਦੀ ਇੱਕ ਸੰਗਤ ਦੀ ਗੁਰੂ ਅਰਜਨ ਦੇਵ ਜੀ ਨਾਲ ਹੋਈ ਮੁਲਾਕਾਤ ਦੀ ਯਾਦ ਵਿਚ ਅੰਮ੍ਰਿਤਸਰ ਦਾ ਪਿਪਲੀ ਸਾਹਿਬ ਗੁਰਦੁਆਰਾ ਵੀ ਉਸੇ ਸਮੇਂ ਦੇ ਨੇੜੇ ਬਣਾਇਆ ਗਿਆ ਸੀ।
ਸੱਤਵੇਂ ਸਿੱਖ ਗੁਰੂ ਗੁਰੂ ਹਰਿਰਾਇ (1630-1661) ਦੇ ਜੀਵਨ ਕਾਲ ਦੌਰਾਨ, ਭਾਈ ਗੋਂਡਾ (ਇੱਕ ਧਾਰਮਿਕ ਉਪਦੇਸ਼ਕ) ਜਿਸ ਨੂੰ ਕਾਬੁਲ ਵਿਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ, ਉਨ੍ਹਾਂ ਨੇ ਹਰ ਰਾਏ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜੋ ਮੌਜੂਦਾ ਰਾਜਧਾਨੀ ਵਿਖੇ ਮੌਜੂਦ ਹੈ।
ਪ੍ਰੋਫ਼ੈਸਰ ਗੰਡਾ ਸਿੰਘ ਨੇ ਆਪਣੇ ਖੋਜ ਕਾਰਜ ਵਿਚ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ (1494-1629) ਨੇ ਆਪਣੇ ਜੀਵਨ ਕਾਲ ਦੌਰਾਨ ਅਫ਼ਗਾਨਿਸਤਾਨ ਦਾ ਦੌਰਾ ਕੀਤਾ ਸੀ।
"ਮਹਾਰਾਜਾ ਰਣਜੀਤ ਸਿੰਘ ਤੇ ਅਫ਼ਗ਼ਾਨਿਸਤਾਨ"
ਪਹਿਲੇ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਅਫ਼ਗਾਨ ਖੇਤਰ 'ਚ ਆਪਣਾ ਰਾਜ ਫੈਲਾਉਂਦੇ ਹੋਏ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ ਸੀ।
Maharaja Ranjit Singh
ਥੋੜ੍ਹੇ ਸਮੇਂ ਬਾਅਦ ਸਿੱਖ ਸਾਮਰਾਜ ਫਿਰ 1849 ਵਿਚ ਦੂਜੀ ਸਿੱਖ-ਐਂਗਲੋ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਹੱਥਾਂ ਵਿੱਚ ਡਿੱਗ ਗਿਆ। ਇਹ ਉਹ ਲੜਾਈ ਸੀ ਜਿਸ ਵਿੱਚ ਸਿੱਖ ਪੱਖ ਨੂੰ ਅਫਗਾਨ ਦਾ ਸਮਰਥਨ ਸੀ।
Sikh War
ਇੰਦਰਜੀਤ ਸਿੰਘ ਲਿਖਦੇ ਹਨ, "ਅੰਗਰੇਜ਼ਾਂ ਦੀਆਂ ਜੋਸ਼ੀਲੀਆਂ ਪ੍ਰਚਾਰਕ ਮੁਹਿੰਮਾਂ ਤੋਂ ਬਾਅਦ, ਉਪਮਹਾਂਦੀਪ ਵਿਚ ਧਰਮ-ਪ੍ਰਚਾਰਕ ਗਤੀਵਿਧੀਆਂ ਦੇ ਜਵਾਬ 'ਚ ਇੱਕ ਸਿੰਘ ਸਭਾ ਸੁਧਾਰਵਾਦੀ ਲਹਿਰ ਉਭਰੀ, ਜੋ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਅਫਗਾਨਿਸਤਾਨ ਵਿਖੇ ਪਹੁੰਚੀ ਸੀ।
ਲਹਿਰ ਦੇ ਹਿੱਸੇ ਵਜੋਂ, ਉੱਘੇ ਸਿੱਖ ਪ੍ਰਚਾਰਕ ਅਕਾਲੀ ਕੌਰ ਸਿੰਘ 1919 ਵਿਚ ਅਫਗਾਨਿਸਤਾਨ ਦੇ ਨੰਗਰਗੜ੍ਹ ਸੂਬੇ ਵਿਚ ਸਿੱਖ ਧਰਮ ਦੇ ਸਿਧਾਂਤ ਦਾ ਪ੍ਰਚਾਰ ਕਰਨ ਪਹੁੰਚੇ ਸਨ। ਉਨ੍ਹਾਂ ਦੀ ਅਗਵਾਈ ਹੇਠ ਖਾਲਸਾ ਦੀਵਾਨ ਅਫਗਾਨਿਸਤਾਨ ਦੀ ਸਥਾਪਨਾ ਕੀਤੀ ਗਈ, ਜਿਸ ਨੂੰ ਇਸ ਖੇਤਰ ਵਿਚ ਸਿੱਖ ਕਦਰਾਂ-ਕੀਮਤਾਂ ਦੇ ਪ੍ਰਚਾਰ ਅਤੇ ਸੰਭਾਲ ਦਾ ਸਿਹਰਾ ਜਾਂਦਾ ਹੈ।
Akali Kaur Singh
"ਅਫਗਾਨਿਸਤਾਨ ਤੋਂ ਸਿੱਖ ਕੂਚ"
ਅਫ਼ਗਾਨਿਸਤਾਨ ਤੋਂ ਸਿੱਖਾਂ ਦੇ ਵੱਡੇ ਪੱਧਰ 'ਤੇ ਪਰਵਾਸ ਦੀ ਪਹਿਲੀ ਘਟਨਾ ਅਮੀਰ ਅਬਦੁਰ ਰਹਿਮਾਨ ਖ਼ਾਨ ਦੇ ਰਾਜ ਸਮੇਂ ਆਈ ਜਦੋਂ ਅਫ਼ਗਾਨ ਸਮਾਜ ਦੇ ਕੱਟੜਪੰਥੀ ਜ਼ੀਟਜੀਸਟ ਨੇ ਹਿੰਦੂਆਂ ਅਤੇ ਸਿੱਖਾਂ ਨੂੰ ਪਰੇਸ਼ਾਨ ਕੀਤਾ ਸੀ। ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਅਫ਼ਗ਼ਾਨਿਸਤਾਨ ਛੱਡ ਕੇ ਭਾਰਤ ਵਿਚ ਵਸ ਗਏ ਸਨ ਅਤੇ ਪੰਜਾਬ ਦੇ ਪਟਿਆਲਾ ਵਿਚ ਇੱਕ ਮਜ਼ਬੂਤ ਅਫਗਾਨ-ਸਿੱਖ ਭਾਈਚਾਰਾ ਕਾਇਮ ਕੀਤਾ ਸੀ।
20ਵੀਂ ਸਦੀ ਦੇ ਅੰਤ ਵਿਚ ਅਫਗਾਨਿਸਤਾਨ ਵਿਚ ਮੁਜਾਹਿਦੀਨ ਦੇ ਉਭਾਰ ਨੇ ਅਫਗਾਨ ਸਿੱਖਾਂ ਦੇ ਦੂਜੇ ਅਤੇ ਵਧੇਰੇ ਵਿਆਪਕ ਪਲਾਇਨ ਲਈ ਪੂਰਵ-ਅਨੁਮਾਨ ਤਿਆਰ ਕੀਤੇ। 1988 'ਚ ਜਲਾਲਾਬਾਦ ਦਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਇਆ ਸੀ, ਜਿਸ 'ਚ 13 ਸਿੱਖ ਮਾਰੇ ਗਏ ਸਨ। ਇੰਦਰਜੀਤ ਸਿੰਘ ਅਨੁਸਾਰ ਜਲਾਲਾਬਾਦ ਵਿਚ ਮੁਜਾਹਿਦੀਨ ਦੇ ਹਮਲਿਆਂ ਦੌਰਾਨ ਅਗਲੇ ਸਾਲਾਂ ਵਿੱਚ ਸੌ ਤੋਂ ਵੱਧ ਸਿੱਖ ਮਾਰੇ ਗਏ ਸਨ ਤੇ 1992 ਵਿਚ ਜਦੋਂ ਮੁਜਾਹਿਦੀਨ ਨੇ ਕਾਬੁਲ ਉੱਤੇ ਕਬਜ਼ਾ ਕਰ ਲਿਆ, ਤਾਂ ਸਮੂਹ ਨੇ ਸ਼ਹਿਰ ਦੇ ਸਭ ਤੋਂ ਵੱਡੇ ਗੁਰਦੁਆਰਾ "ਗੁਰਦੁਆਰਾ ਕਾਰਤੇ ਪਰਵਾਨ" 'ਤੇ ਹਮਲੇ ਕੀਤਾ।
ਸਿੰਘ ਲਿਖਦੇ ਹਨ ਕਿ 1992 ਵਿਚ, ਲਗਭਗ 65,000 ਹਿੰਦੂ ਅਤੇ ਸਿੱਖ ਅਫਗਾਨਿਸਤਾਨ ਤੋਂ ਭੱਜ ਕੇ ਭਾਰਤ ਆ ਗਏ ਸਨ।
ਇਹੀ ਨਹੀਂ 1996 ਵਿਚ ਤਾਲਿਬਾਨ ਦੇ ਆਉਣ ਨਾਲ, ਸਥਿਤੀ ਹੋਰ ਵਿਗੜ ਗਈ। ਰਾਇਟਰਜ਼ ਦੀ ਰਿਪੋਰਟ ਅਨੁਸਾਰ, 1980 ਦੇ ਦਹਾਕੇ ਦੇ ਅਖੀਰ 'ਚ, ਲਗਭਗ 500,000 ਸਿੱਖ ਅਫਗਾਨਿਸਤਾਨ ਵਿਚ ਰਹਿੰਦੇ ਸਨ ਤੇ 2005 ਤੱਕ, UNHCR ਦੇ ਇੱਕ ਪੇਪਰ ਅਨੁਸਾਰ, ਹਿੰਦੂ ਅਤੇ ਸਿੱਖ ਭਾਈਚਾਰਿਆਂ ਨਾਲ ਸਬੰਧਤ ਲਗਭਗ 3,700 ਵਿਅਕਤੀ ਹੀ ਅਫ਼ਗ਼ਾਨਿਸਤਾਨ 'ਚ ਰਹਿ ਗਏ ਸਨ।
"ਅਫ਼ਗ਼ਾਨਿਸਤਾਨ 'ਚ ਸਿੱਖ ਕੌਮ ਅੰਤ ਤੱਕ"
ਜਿਵੇਂ UNHCR ਦੀ ਰਿਪੋਰਟ ਨੇ ਦੱਸਿਆ ਕਿ 2005 ਤਕ ਸਿਰਫ 3700 ਹਿੰਦੂ-ਸਿੱਖ ਭਾਈਚਾਰੇ ਦੇ ਲੋਕ ਓਥੇ ਰਹਿ ਗਏ ਸਨ। ਇਹ ਗਿਣਤੀ ਅੱਜ 2023 ਤਕ ਹੋਰ ਵੀ ਘੱਟ ਗਈ ਹੈ। 2021 'ਚ ਤਾਲਿਬਾਨ ਨੇ ਮੁੜ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕੀਤਾ ਤੇ ਉਸਤੋਂ ਬਾਅਦ ਫਿਰ ਸਿੱਖ-ਹਿੰਦੂ ਪਰਿਵਾਰਾਂ ਨੇ ਅਫ਼ਗ਼ਾਨਿਸਤਾਨ ਤੋਂ ਪਲਾਯਨ ਕਰਨਾ ਸ਼ੁਰੂ ਕਰ ਦਿੱਤਾ।
2020 'ਚ, ਲਗਭਗ 700 ਸਿੱਖ ਅਫਗਾਨਿਸਤਾਨ ਵਿੱਚ ਬਚ ਗਏ- ਅਲ ਜਜ਼ੀਰਾ ਦੀ ਰਿਪੋਰਟ (ਸਥਾਨਕ ਸਰੋਤਾਂ ਦਾ ਹਵਾਲਾ ਦਿੰਦੇ ਹੋਏ)
ਬੀਬੀਸੀ ਦੀਆਂ ਰਿਪੋਰਟਾਂ ਅਨੁਸਾਰ, 2018 ਦਾ ਜਲਾਲਾਬਾਦ ਹਮਲਾ ਜੋ ਕਿ ਅੱਤਵਾਦੀ ਸੰਗਠਨ ਆਈਐਸ ਦੁਆਰਾ ਸੰਚਾਲਿਤ ਕੀਤਾ ਗਿਆ ਸੀ, ਉਸਦੇ ਵਿਚ 19 ਸਿੱਖਾਂ ਦੀ ਮੌਤ ਹੋ ਗਈ ਸੀ ਤੇ 2020 ਵਿਚ ਹਰਿ ਰਾਏ ਸਾਹਿਬ ਗੁਰਦੁਆਰੇ ਵਿਚ ਹੋਏ ਬੰਬ ਧਮਾਕੇ 'ਚ 25 ਭਾਈਚਾਰੇ ਦੇ ਲੋਕਾਂ ਦੀ ਮੌਤ ਹੋ ਗਈ ਸੀ।
ਤਾਲਿਬਾਨ ਦੇ ਅਫ਼ਗ਼ਾਨਿਸਤਾਨ 'ਤੇ ਮੁੜ ਕਬਜ਼ੇ ਨਾਲ ਅਫਗਾਨ ਸਿੱਖ ਇਸਲਾਮਿਕ ਸ਼ਾਸਨ ਦੇ ਅਧੀਨ ਆਪਣੇ ਆਪ ਨੂੰ ਜਗ੍ਹਾ ਤੋਂ ਬਾਹਰ ਦੇਖ ਰਹੇ ਹਨ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ 24 ਅਗਸਤ 2021 ਨੂੰ ਬਿਆਨ ਦਿੰਦਿਆਂ ਕਿਹਾ ਸੀ ਕਿ ਭਾਰਤ ਵੱਲੋਂ ਅਫਗਾਨਿਸਤਾਨ ਤੋਂ ਹਿੰਦੂਆਂ ਅਤੇ ਸਿੱਖਾਂ ਨੂੰ ਕੱਢਣ ਦਾ ਕੰਮ ਪੂਰੇ ਜੋਸ਼ ਨਾਲ ਜਾਰੀ ਹੈ, ਹੁਣ ਤੱਕ 77 ਸਿੱਖਾਂ ਨੂੰ ਕੱਢਿਆ ਜਾ ਚੁੱਕਾ ਹੈ (2021 ਤਾਲਿਬਾਨ ਦੇ ਕਬਜ਼ੇ ਸਮੇਂ)।
Aljazeera
ਤਾਲਿਬਾਨ ਦੇ ਮੁੜ ਕਬਜ਼ੇ ਤੋਂ ਬਾਅਦ ਭਾਰਤ ਪਰਤੇ ਗੁਰਦੁਆਰਾ ਕਰਤੇ ਪਰਵਾਨ ਦੇ ਕਮੇਟੀ ਮੈਂਬਰ ਛਬੋਲ ਸਿੰਘ ਨੇ ਮੀਡੀਆ ਅਦਾਰੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ 13 ਸਰੂਪ ਸਨ, ਜਿਨ੍ਹਾਂ ਵਿੱਚੋਂ ਸੱਤ ਪਹਿਲਾਂ ਹੀ ਭਾਰਤ ਭੇਜ ਦਿੱਤੇ ਗਏ ਸਨ। ਤਿੰਨ ਨੂੰ ਅੱਜ ਲੈ ਕੇ ਆਇਆ ਗਿਆ ਹੈ ਤੇ ਹੁਣ ਸਿਰਫ ਤਿੰਨ ਹੋਰ ਅਫਗਾਨਿਸਤਾਨ ਵਿਚ ਰਹਿ ਗਏ ਹਨ। ਉਨ੍ਹਾਂ ਨੂੰ ਵੀ ਜਲਦੀ ਵਾਪਸ ਲੈ ਕੇ ਆਇਆ ਜਾਵੇਗਾ।
Times Of India ਦੀ ਸਿਤੰਬਰ 2022 ਦੀ ਇੱਕ ਰਿਪੋਰਟ ਅਨੁਸਾਰ ਤਾਲਿਬਾਨ ਵੱਲੋਂ ਭਾਰਤ ਪਰਤ ਰਹੇ 60 ਸਿੱਖਾਂ ਨੂੰ ਰੋਕਿਆ ਗਿਆ। ਰਿਪੋਰਟ ਵਿਚ ਦੱਸਿਆ ਗਿਆ ਕਿ ਹੁਣ ਅਫ਼ਗ਼ਾਨਿਸਤਾਨ 'ਚ 100 ਤੋਂ ਵੀ ਘੱਟ ਸਿੱਖ ਰਹਿ ਗਏ ਹਨ...
"Economic Times ਦੀ 26 ਅਗਸਤ 2023 ਦੀ ਰਿਪੋਰਟ"
Economic Times
“ਮੈਂ ਖੁੱਲ੍ਹ ਕੇ ਕਿਤੇ ਵੀ ਨਹੀਂ ਜਾ ਸਕਦੀ", ਫਰੀ ਕੌਰ (ਅਫ਼ਗ਼ਾਨਿਸਤਾਨ 'ਚ ਆਖ਼ਿਰੀ ਬਚੇ ਕੁਝ ਸਿੱਖ ਪਰਿਵਾਰਾਂ ਦੀ ਬੇਟੀ)
"ਜਦੋਂ ਮੈਂ ਬਾਹਰ ਜਾਂਦੀ ਹਾਂ, ਤਾਂ ਮੈਨੂੰ ਮੁਸਲਮਾਨਾਂ ਵਾਂਗ ਪਹਿਰਾਵਾ ਪਹਿਨਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਜੋ ਮੇਰੀ ਪਛਾਣ ਸਿੱਖ ਵਜੋਂ ਨਾ ਹੋ ਸਕੇ"
ਕੌਰ ਦੇ ਪਿਤਾ 2018 ਵਿਚ ਪੂਰਬੀ ਸ਼ਹਿਰ ਜਲਾਲਾਬਾਦ 'ਚ ਹੋਏ ਆਤਮਘਾਤੀ ਹਮਲੇ ਵਿਚ ਮਾਰੇ ਗਏ ਸਨ।
ਇਹ ਹਾਲੀਆ ਰਿਪੋਰਟ ਤਾਲਿਬਾਨ ਦੇ ਹਿੰਦੂ-ਸਿੱਖਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਨੂੰ ਪੇਸ਼ ਕਰ ਰਹੀ ਸੀ....
(ਇਸ ਖਬਰ ਦੇ ਮੂਲ ਸਰੋਤ ਆਨਲਾਈਨ ਸਰਚ ਦੇ ਨਾਲ The Quint ਦੀ ਅਗਸਤ 2021 'ਚ ਪ੍ਰਕਾਸ਼ਿਤ ਇੱਕ ਰਿਪੋਰਟ ਹੈ।)