
ਖਾਤੇ ਵਿੱਚ ਟਰਾਂਸਫ਼ਰ ਹੋਏ ਸੀ 5.70 ਲੱਖ ਦਿਰਹਾਮ ਜੋ ਬਣਦੇ ਹਨ ਕਰੀਬ 1.28 ਕਰੋੜ ਭਾਰਤੀ ਰੁਪਏ
ਦੁਬਈ - ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿੱਚ ਅਕਤੂਬਰ 2021 ਵਿੱਚ ਇੱਕ ਮੈਡੀਕਲ ਟਰੇਡਿੰਗ ਕੰਪਨੀ ਵੱਲੋਂ ਗ਼ਲਤੀ ਨਾਲ ਉਸ ਦੇ ਖਾਤੇ ਵਿੱਚ ਟਰਾਂਸਫ਼ਰ ਹੋਏ 5.70 ਲੱਖ ਦਿਰਹਾਮ (ਕਰੀਬ 1.28 ਕਰੋੜ ਰੁਪਏ) ਵਾਪਸ ਕਰਨ ਤੋਂ ਇਨਕਾਰ ਕਰਨ ਕਰਕੇ ਇੱਕ ਭਾਰਤੀ ਨੂੰ ਇੱਕ ਮਹੀਨੇ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ।
ਦ ਨੈਸ਼ਨਲ ਅਖ਼ਬਾਰ ਦੀ ਰਿਪੋਰਟ ਮੁਤਾਬਕ, ਵਿਅਕਤੀ, ਜਿਸ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਨੂੰ ਹਾਲ ਹੀ ਵਿੱਚ ਦੁਬਈ ਦੀ ਅਪਰਾਧਿਕ ਅਦਾਲਤ ਨੇ ਜੁਰਮਾਨੇ ਦੇ ਰੂਪ ਵਿੱਚ ਸਮਾਨ ਰਕਮ ਅਦਾ ਕਰਨ, ਅਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਸੀ।
ਮੈਡੀਕਲ ਟਰੇਡਿੰਗ ਕੰਪਨੀ ਦੇ ਅਧਿਕਾਰੀ ਨੇ ਜੱਜ ਨੂੰ ਦੱਸਿਆ ਕਿ ਉਹ ਆਪਣੇ ਇੱਕ ਕਾਰੋਬਾਰੀ ਗਾਹਕ ਨੂੰ 5.70 ਲੱਖ ਦਿਰਹਾਮ ਭੇਜ ਰਿਹਾ ਸੀ, ਪਰ ਇਹ ਰਕਮ ਗ਼ਲਤੀ ਨਾਲ ਦੋਸ਼ੀ ਵਿਅਕਤੀ ਦੇ ਖਾਤੇ 'ਚ ਜਮ੍ਹਾਂ ਹੋ ਗਈ।
ਖ਼ਬਰ 'ਚ ਦੋਸ਼ੀ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਮੈਂ ਹੈਰਾਨ ਰਹਿ ਗਿਆ ਜਦੋਂ ਮੈਨੂੰ ਖਾਤੇ 'ਚ 5.70 ਲੱਖ ਦਿਰਹਾਮ ਜਮ੍ਹਾਂ ਹੋਣ ਦੀ ਜਾਣਕਾਰੀ ਮਿਲੀ। ਮੈਂ ਉਸ ਨਾਲ ਕਿਰਾਏ ਦਾ ਭੁਗਤਾਨ ਕੀਤਾ ਅਤੇ ਹੋਰ ਖ਼ਰਚੇ ਕੀਤੇ।"
ਦੋਸ਼ੀ ਨੇ ਰਕਮ ਗ਼ਲਤੀ ਨਾਲ ਰਕਮ ਟਰਾਂਸਫ਼ਰ ਹੋਣ ਬਾਰੇ ਜਾਣਕਾਰੀ ਦੇ ਬਾਵਜੂਦ, ਬੈਂਕ ਨੂੰ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।
ਖ਼ਬਰਾਂ ਮੁਤਾਬਕ ਦੁਬਈ ਦੇ ਸਰਕਾਰੀ ਵਕੀਲ ਨੇ ਉਸ 'ਤੇ ਗ਼ੈਰ-ਕਨੂੰਨੀ ਤਰੀਕੇ ਨਾਲ ਰਕਮ ਹਾਸਲ ਕਰਨ ਦਾ ਮੁਕੱਦਮਾ ਚਲਾਇਆ। ਅਖ਼ਬਾਰ ਮੁਤਾਬਕ ਦੋਸ਼ੀ ਨੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ ਅਤੇ ਉਸ ਦੀ ਅਪੀਲ 'ਤੇ ਅਗਲੇ ਮਹੀਨੇ ਸੁਣਵਾਈ ਹੋਣ ਦੀ ਉਮੀਦ ਹੈ।