2019 ਦੌਰਾਨ ਵਾਪਰੇ ਹਾਦਸੇ ’ਚ ਦੋ ਔਰਤਾਂ ਦੀ ਮੌਤ ਹੋ ਗਈ ਸੀ
ਓਟਾਵਾ: ਕੈਨੇਡਾ ਅੰਦਰ ਵਾਪਰੇ ਇਕ ਸੜਕ ਹਾਦਸੇ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਕ ਪੰਜਾਬੀ ਨੌਜੁਆਨ ਨੂੰ ਡਿਪੋਰਟ ਕਰ ਦਿਤਾ ਗਿਆ ਹੈ। ਇਸ ਵਿਅਕਤੀ ਨੂੰ 2019 ਵਿਚ ਦੇਸ਼ ਦੇ ਅਲਬਰਟਾ ਸੂਬੇ ਵਿਚ ਇਕ ਹਾਦਸੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਸੀ।
ਵਿਪਿਨਜੋਤ ਗਿੱਲ 2016 ’ਚ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਇਆ ਸੀ ਅਤੇ 15 ਜਨਵਰੀ ਨੂੰ ਦੇਸ਼ ਛੱਡ ਕੇ ਚਲਾ ਗਿਆ ਸੀ। ਫੈਡਰਲ ਕੋਰਟ ਦੇ ਜੱਜ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਨਿਕਾਲੇ ਦੇ ਹੁਕਮ ’ਤੇ ਰੋਕ ਲਗਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿਤਾ ਸੀ।
18 ਮਈ, 2019 ਨੂੰ ਗਿੱਲ ਨੇ ਅਪਣੀ ਹੁੰਡਈ ਕਾਰ ਨੂੰ ਰਫ਼ਤਾਰ ਦੀ ਹੱਦ ਤੋਂ ਦੁੱਗਣੀ ਤੇਜ਼ੀ ਨਾਲ ਚਲਾਉਂਦਿਆਂ ਲਾਲ ਬੱਤੀ ਪਾਰ ਕਰ ਕੇ ਇਕ ਟੋਯੋਟਾ ਕੋਰੋਲਾ ਕਾਰ ਨੂੰ ਟੱਕਰ ਮਾਰ ਦਿਤੀ ਸੀ। ਕੈਲਗਰੀ ਹੇਰਾਲਡ ਅਖਬਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਖਬਰ ਦਿਤੀ ਸੀ ਕਿ 31 ਸਾਲ ਦੇ ਉਜ਼ਮਾ ਅਫਜ਼ਲ ਅਤੇ ਉਸ ਦੀ 65 ਸਾਲ ਦੀ ਮਾਂ ਬਿਲਕਿਸ ਬੇਗਮ ਦੀ ਹਾਦਸੇ ਵਿਚ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਹੋਰ ਮੁਸਾਫ਼ਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਪੰਜਾਬ ਦੇ ਰਹਿਣ ਵਾਲੇ ਗਿੱਲ ਨੂੰ 6 ਸਤੰਬਰ, 2022 ਨੂੰ ਇਕ ਗੰਭੀਰ ਅਪਰਾਧ ਕਾਰਨ ਕੈਨੇਡਾ ’ਚ ਅਯੋਗ ਪਾਏ ਜਾਣ ਤੋਂ ਬਾਅਦ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕੀਤਾ ਗਿਆ ਸੀ। ਗਿੱਲ ਨੂੰ ਅਪ੍ਰੈਲ 2023 ’ਚ ਦੋਹਰੀ ਉਮਰ ਕੈਦ ਲਈ ਦੋਸ਼ੀ ਠਹਿਰਾਇਆ ਗਿਆ ਸੀ।